ਚੰਡੀਗੜ੍ਹ: ਕੈਨੇਡਾ ਦਾ ਸਫ਼ਲ ਟੂਰ ਸੰਪੰਨ ਕਰਕੇ ਵਾਪਿਸ ਪੰਜਾਬ ਪਰਤੇ ਨਾਮਵਰ ਫ਼ਨਕਾਰ ਸਤਿੰਦਰ ਸਰਤਾਜ ਮਾਲਵੇ ਖਿੱਤੇ ’ਚ ਆਯੋਜਿਤ ਹੋਣ ਜਾ ਰਹੇ ਇਕ ਹੋਰ ਵੱਡੇ ਲਾਈਵ ਸ਼ੋਅ ਦਾ ਹਿੱਸਾ ਬਣਨ ਜਾ ਰਹੇ ਹਨ, ਜੋ ਰਜਵਾੜ੍ਹਾਸ਼ਾਹੀ ਸ਼ਹਿਰ ਫ਼ਰੀਦਕੋਟ ਵਿਖੇ 1 ਜੁਲਾਈ ਨੂੰ ਕਰਵਾਇਆ ਜਾ ਰਿਹਾ ਹੈ। ਇੱਥੋਂ ਦੇ ਫ਼ਿਰੋਜ਼ਪੁਰ ਰੋਡ ਸਥਿਤ ਅਲਾਸਕਾ ਗ੍ਰੈਂਡ ਵਿਖੇ ਰੱਖੇ ਗਏ ਇਸ ਲਾਈਵ ਸਮਾਰੋਹ ਦੇ ਪ੍ਰਬੰਧ ਕਾਰਜ ਸਤਿੰਦਰ ਸਰਤਾਜ ਦੀ ਮੈਨੇਜਮੈਂਟ ਟੀਮ ਹੀ ਵੇਖ ਰਹੀ ਹੈ, ਜਿਸ ਦਾ ਪ੍ਰਬੰਧਨ ਹਰਮਨਦੀਪ ਸਿੰਘ ਫ਼ਰੀਦਕੋਟੀਆਂ ਕਰ ਰਹੇ ਹਨ, ਜੋ ਹਾਲੀਆ ਦਿਨ੍ਹੀਂ ਮੁੰਬਈ ਤੋਂ ਇਲਾਵਾ ਦੇਸ਼, ਵਿਦੇਸ਼ ਵਿਖੇ ਹੋਏ ਕਈ ਸੋਅਜ਼ ਦੀ ਕਮਾਂਡ ਸਫ਼ਲਤਾਪੂਰਵਕ ਸੰਭਾਲ ਚੁੱਕੇ ਹਨ।
ਉਨ੍ਹਾਂ ਦੱਸਿਆ ਕਿ ਮਿਆਰੀ ਅਤੇ ਸਾਹਿਤਕ ਵੰਨਗੀਆਂ ਨਾਲ ਸਜੇ ਗਾਣਿਆਂ ਨੂੰ ਅੱਜ ਵੀ ਦਰਸ਼ਕਾਂ ਅਤੇ ਸਰੋਤੇ ਬਹੁਤ ਰੀਝ ਨਾਲ ਸੁਣਨਾ ਅਤੇ ਪ੍ਰੋਫਾਰਮ ਹੁੰਦੇ ਵੇਖਣਾ ਪਸੰਦ ਕਰ ਰਹੇ ਹਨ, ਜਿੰਨ੍ਹਾਂ ਆਪਣੀ ਇਸ ਸਾਂਝ ਦਾ ਇਜ਼ਹਾਰ ਅਪ੍ਰੈਲ-ਮਈ ਮਹੀਨਿਆਂ ’ਚ ਕੈਨੇਡਾ ਦੇ ਟਰਾਂਟੋ, ਐਡਮਿੰਟਨ, ਮੋਨਟਰੀਅਲ, ਵੈਨਕੂਵਰ, ਓਟਾਵਾ, ਕੈਲਗਰੀ, ਵਿਨੀਪੈਗ, ਗਰਾਡ ਪਰਾਈਰੀ, ਸਸਕਟਾਊਨ ਆਦਿ ਵੱਖ-ਵੱਖ ਹਿੱਸਿਆਂ ਵਿਚ ਹੋਏ ਕਾਮਯਾਬ ਸੋਅਜ਼ ਹਨ, ਜਿੰਨ੍ਹਾਂ ਨੂੰ ਬਹੁਤ ਹੀ ਭਰਵਾਂ ਹੁੰਗਾਰਾਂ ਅਤੇ ਪਿਆਰ, ਸਨੇਹ ਮਿਲਿਆ ਹੈ।
ਉਨ੍ਹਾਂ ਦੱਸਿਆ ਕਿ ਅਸਲ ਪੰਜਾਬ ਦੀ ਤਰਜ਼ਮਾਨੀ ਕਰਵਾਉਂਦੇ ਗੀਤਾਂ ਦੀ ਹੀ ਚੋਣ ਅਤੇ ਗਾਉਣ ਨੂੰ ਲੈ ਕੇ ਸਤਿੰਦਰ ਸਰਤਾਜ ਦਾ ਨਜ਼ਰੀਆ ਹਮੇਸ਼ਾ ਸੁਹਿਰਦਤਾ ਭਰਿਆ ਰਿਹਾ ਹੈ ਅਤੇ ਉਨ੍ਹਾਂ ਕਦੇ ਵੀ ਆਪਣੇ ਆਪ ਨੂੰ ਠੇਠ ਕਮਰਸ਼ੀਅਲ ਸ੍ਰੇਣੀ ਵਿਚ ਫਿਟ ਕਰਨ ਦੀ ਕੋਸ਼ਿਸ਼ ਕਦੇ ਨਹੀਂ ਕੀਤੀ ਅਤੇ ਇਹੀ ਕਾਰਨ ਹੈ ਕਿ ਬੱਚਿਆਂ ਤੋਂ ਲੈ ਕੇ ਨੌਜਵਾਨਾਂ ਅਤੇ ਬਜ਼ੁਰਗਾਂ ਤੱਕ ਸਭ ਵਰਗ ਉਨਾਂ ਦੀ ਗਾਇਕੀ ਨੂੰ ਭਰਪੂਰ ਨਵਾਜਿਸ਼ ਨਾਲ ਨਵਾਜ਼ਦੇ ਆ ਰਹੇ ਹਨ।
ਉਕਤ ਸ਼ੋਅ ਦੇ ਮੈਨੇਜਮੈਂਟ ਹੈੱਡ ਹਰਮਨਦੀਪ ਅਨੁਸਾਰ ਕੈਨੇਡਾ ਤੋਂ ਬਾਅਦ ਸਤਿੰਦਰ ਸਰਤਾਜ ਸੋਅਜ਼ ਦਾ ਅਗਲੇਰਾ ਸਿਲਸਿਲਾ ਇਸ ਵਰ੍ਹੇ ਦੇ ਅੰਤ ਤੱਕ ਦੇਸ਼ ਤੋਂ ਇਲਾਵਾ ਪੰਜਾਬ, ਹਰਿਆਣਾ ਅਤੇ ਰਾਜਸਥਾਨ ਆਦਿ ਵਿਖੇ ਜਾਰੀ ਰਹੇਗਾ, ਜਿਸ ਅਧੀਨ 10 ਜੂਨ ਨੂੰ ਭੋਪਾਲ, 11 ਜੂਨ ਨੂੰ ਇਦੌਰ, 17 ਜੂਨ ਨੂੰ ਪੰਚਕੂਲਾ, 18 ਜੂਨ ਨੂੰ ਰੋਹਤਕ, 2 ਜੁਲਾਈ ਨੂੰ ਦੇਹਰਾਦੂਨ, 16 ਨੂੰ ਚੰਬਾ, 22 ਨੂੰ ਕਰਨਾਲ, 13 ਅਗਸਤ ਨੂੰ ਹਨੂੰਮਾਨਗੜ੍ਹ, 22 ਸਤੰਬਰ ਨੂੰ ਨਾਲਾਗੜ੍ਹ, 29 ਨੂੰ ਹਮੀਰਪੁਰ, 8 ਅਕਤੂਬਰ ਨੂੰ ਅੰਬਾਲਾ, 14 ਨੂੰ ਦਿੱਲੀ, 2 ਨੂੰ ਜੰਮੂ, 24 ਨਵੰਬਰ ਨੂੰ ਯਮੁਨਾਨਗਰ, 26 ਨੂੰ ਬੰਗਲੌਰ, 22 ਦਸੰਬਰ ਨੂੰ ਨਾਗਪੁਰ ਅਤੇ 23 ਦਸੰਬਰ ਨੂੰ ਮੁੰਬਈ ਵਿਖੇ ਲਾਈਵ ਸ਼ੋਅਜ਼ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਸੋਅਜ਼ ਦੇ ਨਾਲ ਨਾਲ ਸੰਗੀਤਕ ਖੇਤਰ ਅਤੇ ਪੰਜਾਬੀ ਫਿਲਮਾਂ ਵਿਚ ਵੀ ਸਤਿੰਦਰ ਲਗਾਤਾਰ ਆਪਣੀ ਸ਼ਾਨਦਾਰ ਮੌਜੂਦਗੀ ਦਰਜ਼ ਕਰਵਾਉਂਦੇ ਰਹਿਣਗੇ, ਜਿਸ ਦੇ ਮੱਦੇਨਜ਼ਰ ਉਨਾਂ ਦੇ ਅਗਲੇ ਸੰਗੀਤਕ ਅਤੇ ਫਿਲਮ ਪ੍ਰੋਜੈਕਟ ਦੀ ਰਸਮੀ ਘੋਸ਼ਣਾ ਵੀ ਜਲਦ ਕੀਤੀ ਜਾ ਰਹੀ ਹੈ।