ਚੰਡੀਗੜ੍ਹ: ਕਾਫੀ ਸਮੇਂ ਤੋਂ ਉਡੀਕਿਆ ਜਾ ਰਿਹਾ ਸਤਿੰਦਰ ਸਰਤਾਜ ਦਾ ਨਵਾਂ ਗੀਤ 'ਵਾਲਿਦ' ਆਖੀਰਕਾਰ ਰਿਲੀਜ਼ ਹੋ ਗਿਆ ਹੈ। ਜਿਉਂ ਹੀ ਇਹ ਗੀਤ ਰਿਲੀਜ਼ ਹੋਇਆ ਪ੍ਰਸ਼ੰਸਕਾਂ ਨੇ ਕਮੈਂਟ ਬਾਕਸ ਵਿੱਚ ਗਾਇਕ ਲਈ ਤਾਰੀਫਾਂ ਦੇ ਪੁਲ ਬੰਨ੍ਹਣੇ ਸ਼ੁਰੂ ਕਰ ਦਿੱਤੇ। ਪ੍ਰਸ਼ੰਸਕਾਂ ਨੇ ਗੀਤ ਦੀ ਕਈ ਪੱਖਾਂ ਤੋਂ ਤਾਰੀਫ਼ ਕੀਤੀ।
ਇਸ ਗੀਤ ਨੂੰ ਸਾਂਝਾ ਕਰਦੇ ਹੋਏ ਅਦਾਕਾਰ-ਗਾਇਕ ਸਤਿੰਦਰ ਸਰਤਾਜ ਨੇ ਲਿਖਿਆ 'ਅਸੀਂ ਇਸ ਗੀਤ ਨੂੰ ਉਨ੍ਹਾਂ ਸਾਰੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਸਮਰਪਿਤ ਕਰਦੇ ਹਾਂ ਜਿਨ੍ਹਾਂ ਨੇ ਆਪਣੇ ਘਰ ਛੱਡੇ ਅਤੇ ਇੱਕ ਬਿਹਤਰ ਜ਼ਿੰਦਗੀ ਲਈ ਬਹੁਤ ਸਖ਼ਤ ਮਿਹਨਤ ਕੀਤੀ। ਵਾਲਿਦ ਸੁਫ਼ਨੇ ਦੇਖੇ ਤੂੰ ਪੂਰੇ ਕਰਦੇ, ਤੂੰ ਫ਼ਿੱਕੀਆਂ ਤਸਵੀਰਾਂ ਦੇ ਵਿੱਚ ਰੰਗ ਭਰਦੇ।'
ਜਿਵੇਂ ਕਿ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਹੈ ਕਿ ਗਾਇਕ ਨੇ ਇਸ ਵਿੱਚ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਵੱਖਰਾ ਵਿਸ਼ਾ ਛੂਹਣ ਦੀ ਕੋਸ਼ਿਸ਼ ਕੀਤੀ ਹੈ, ਇਸ ਵਿੱਚ ਗਾਇਕ ਨੇ ਉਹਨਾਂ ਮਿਹਨਤੀ ਲੋਕਾਂ ਦੀ ਗੱਲ਼ ਕੀਤੀ ਹੈ, ਜਿਹਨਾਂ ਨੇ ਰੋਜ਼ੀ ਰੋਟੀ ਅਤੇ ਚੰਗੀ ਜ਼ਿੰਦਗੀ ਲਈ ਵਿਦੇਸ਼ਾਂ ਦਾ ਰੁਖ਼ ਕੀਤਾ ਹੈ। 6 ਮਿੰਟ ਦਾ ਗੀਤ ਸਭ ਨੂੰ ਆਪਣੇ ਵੱਲ ਖਿੱਚ ਰਿਹਾ ਹੈ ਅਤੇ ਪ੍ਰਸ਼ੰਸਕ ਬਿਨ੍ਹਾਂ ਅੱਖ ਝਪਕਾਏ ਇਸ ਨੂੰ ਦੇਖ ਸਕਦੇ ਹਨ।
ਗੀਤ ਨੂੰ ਸੁਣਨ ਤੋਂ ਬਾਅਦ ਲੋਕਾਂ ਨੇ ਕਈ ਤਰ੍ਹਾਂ ਦੇ ਕਮੈਂਟ ਕੀਤੇ ਹਨ, ਇੱਕ ਨੇ ਲਿਖਿਆ 'ਉਸਤਾਦ ਸਤਿੰਦਰ ਸਰਤਾਜ ਜੀ, ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ।' ਇੱਕ ਹੋਰ ਨੇ ਲਿਖਿਆ 'ਵਾਹ ਜੀ ਵਾਹ ਸਤਿੰਦਰ ਸਰਤਾਜ ਜੀ ਦੇ ਜਜ਼ਬੇ ਨੂੰ ਸਲਾਮ ਵਾਹਿਗੁਰੂ ਜੀ ਸਲਾਮਤ ਰੱਖਣ ਤੁਹਾਨੂੰ।' ਇੱਕ ਹੋਰ ਨੇ ਲਿਖਿਆ 'ਗੁਰੂ ਮਹਾਰਾਜ ਵਿਦੇਸ਼ਾਂ 'ਚ ਵੱਸਦੇ ਸਾਰੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਅੰਗ-ਸੰਗ ਸਹਾਈ ਹੋਵਣ, ਬੇਅੰਤ ਮੁਹੱਬਤਾਂ।' ਗੀਤ ਨੂੰ ਹੁਣ ਤੱਕ 50 ਹਜ਼ਾਰ ਲੋਕਾਂ ਦੁਆਰਾ ਦੇਖਿਆ ਜਾ ਚੁੱਕਾ ਹੈ।
ਹੁਣ ਇਥੇ ਅਦਾਕਾਰ-ਗਾਇਕ ਦੇ ਵਰਕਫਰੰਟ ਦੀ ਗੱਲ਼ ਕਰੀਏ ਤਾਂ ਸਰਤਾਜ ਨੇ ਹਾਲ ਹੀ ਵਿੱਚ ਨੀਰੂ ਬਾਜਵਾ ਨਾਲ ਇੱਕ ਹੋਰ ਫਿਲਮ ਦਾ ਐਲਾਨ ਕੀਤਾ ਹੈ, ਫਿਲਮ ਅਗਲੇ ਸਾਲ ਵੱਡੇ ਪਰਦੇ ਉਤੇ ਦਿਖਾਈ ਦੇਵੇਗੀ। ਇਸ ਸਾਲ ਅਦਾਕਾਰ ਨੂੰ ਨੀਰੂ ਬਾਜਵਾ ਨਾਲ ਹੀ ਫਿਲਮ 'ਕਲੀ ਜੋਟਾ' ਵਿੱਚ ਦੇਖਿਆ ਗਿਆ ਸੀ। ਫਿਲਮ ਨੇ ਕਾਫੀ ਚੰਗੀ ਕਮਾਈ ਕੀਤੀ ਅਤੇ ਪੰਜਾਬੀ ਦੀਆਂ ਦਸ ਸਭ ਤੋਂ ਜਿਆਦਾ ਕਮਾਈ ਕਰਨ ਵਾਲੀਆਂ ਫਿਲਮਾਂ ਵਿੱਚ ਵੀ ਜਗ੍ਹਾਂ ਬਣਾਈ।