ਚੰਡੀਗੜ੍ਹ: ਸਰਗੁਣ ਮਹਿਤਾ ਅਤੇ ਗਿੱਪੀ ਗਰੇਵਾਲ ਦੀ ਫਿਲਮ 'ਜੱਟ ਨੂੰ ਚੁੜੇਲ ਟੱਕਰੀ' ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਹਾਲ ਹੀ ਵਿੱਚ ਸਰਗੁਣ ਅਤੇ ਗਿੱਪੀ ਗਰੇਵਾਲ ਨੇ ਇੰਸਟਾਗ੍ਰਾਮ 'ਤੇ ਜਾ ਕੇ ਸ਼ੇਅਰ ਕੀਤਾ ਕਿ ਇਹ ਫਿਲਮ 15 ਮਾਰਚ 2024 ਨੂੰ ਸਿਨੇਮਾਘਰਾਂ 'ਚ ਦਸਤਕ ਦੇਵੇਗੀ।
ਇਸ ਜਾਣਕਾਰੀ ਨੂੰ ਸਾਂਝਾ ਕਰਦੇ ਹੋਏ ਗਿੱਪੀ ਗਰੇਵਾਲ ਨੇ ਲਿਖਿਆ, 'ਇਕ ਸੀ ਰਾਜਾ, 101 ਸੀ ਰਾਣੀ, ਸਭ ਮਰ ਗਏ ਸ਼ੁਰੂ ਕਹਾਣੀ...ਜੱਟ ਨੂੰ ਚੁੜੇਲ ਟੱਕਰੀ 15 ਮਾਰਚ 2024 ਨੂੰ ਤੁਹਾਡੇ ਨੇੜੇ ਦੇ ਥੀਏਟਰਾਂ ਵਿੱਚ।' ਇਸ ਤੋਂ ਇਲਾਵਾ ਕਲਾਕਾਰਾਂ ਨੇ ਫਿਲਮ ਦਾ ਇੱਕ ਪੋਸਟਰ ਵੀ ਸਾਂਝਾ ਕੀਤਾ ਹੈ, ਜਿਸ ਵਿੱਚ ਇੱਕ ਪਾਸੇ ਸਰਗੁਣ ਅਤੇ ਦੂਜੇ ਪਾਸੇ ਰੂਪੀ ਗਿੱਲ ਬੈਠੀ ਹੈ, ਇਹਨਾਂ ਦੇ ਵਿਚਕਾਰ ਵਿਆਹ ਵਾਲੇ ਜੋੜੇ ਵਿੱਚ ਅਦਾਕਾਰ ਗਿੱਪੀ ਗਰੇਵਾਲ ਬੈਠੇ ਹਨ ਅਤੇ ਇਹਨਾਂ ਦੇ ਪਿੱਛੇ ਕਾਫੀ ਸਾਰੀਆਂ ਔਰਤਾਂ ਵਿਆਹ ਵਾਲੇ ਜੋੜੇ ਵਿੱਚ ਖੜ੍ਹੀਆਂ ਹਨ। ਕੁੱਲ ਮਿਲਾ ਕੇ ਗਿੱਪੀ ਨੂੰ ਇੱਕ ਉਲਝਣ ਵਾਲੀ ਸਥਿਤੀ ਵਿੱਚ ਲਾੜੇ ਵਜੋਂ ਦਰਸਾਇਆ ਗਿਆ ਹੈ।
ਦਿੱਗਜ ਨਿਰਦੇਸ਼ਕ ਅੰਬਰਦੀਪ ਸਿੰਘ ਦੁਆਰਾ ਇਹ ਫਿਲਮ ਲਿਖੀ ਗਈ ਹੈ ਅਤੇ ਵਿਕਾਸ ਵਸ਼ਿਸ਼ਟ ਦੁਆਰਾ ਨਿਰਦੇਸ਼ਤ ਕੀਤੀ ਗਈ ਹੈ, ਇਹ ਫਿਲਮ 15 ਮਾਰਚ 2024 ਨੂੰ ਰਿਲੀਜ਼ ਹੋਣ ਲਈ ਤਿਆਰ ਹੈ। ਗਿੱਪੀ ਗਰੇਵਾਲ, ਸਰਗੁਣ ਅਤੇ ਰੂਪੀ ਦੇ ਨਾਲ ਇਸ ਵਿੱਚ ਨਿਰਮਲ ਰਿਸ਼ੀ, ਅੰਮ੍ਰਿਤ ਅੰਬੀ, ਦੀਦਾਰ ਗਿੱਲ, ਰਵਿੰਦਰ ਮੰਡ, ਬੀਐਨ ਸ਼ਰਮਾ ਅਤੇ ਹੋਰ ਵੀ ਕਾਫੀ ਮਜ਼ੇਦਾਰ ਕਲਾਕਾਰ ਸ਼ਾਮਲ ਕੀਤੇ ਗਏ ਹਨ। ਪਹਿਲਾਂ ਇਹ ਫਿਲਮ ਅਕਤੂਬਰ 2023 ਵਿੱਚ ਰਿਲੀਜ਼ ਹੋਣੀ ਸੀ।
ਉਲੇਖਯੋਗ ਹੈ ਕਿ ਇਹ ਪਹਿਲੀ ਵਾਰ ਹੈ, ਜਦੋਂ ਗੀਤਕਾਰ ਜਾਨੀ ਨੇ ਨਿਰਮਾਤਾ ਦੀ ਟੋਪੀ ਪਹਿਨੀ ਹੈ, ਇਸ ਕਰਕੇ ਗੀਤਕਾਰ ਆਉਣ ਵਾਲੇ ਪ੍ਰੋਜੈਕਟ ਲਈ ਉਤਸ਼ਾਹਿਤ ਅਤੇ ਘਬਰਾਇਆ ਹੋਇਆ ਹੈ।
ਦੂਜੇ ਪਾਸੇ ਇਸ ਫਿਲਮ ਤੋਂ ਬਿਨਾਂ ਸਰਗੁਣ ਅਤੇ ਗਿੱਪੀ ਗਰੇਵਾਲ 'ਕੈਰੀ ਆਨ ਜੱਟੀਏ' 'ਚ ਵੀ ਇਕੱਠੇ ਨਜ਼ਰ ਆਉਣਗੇ। ਹਾਲਾਂਕਿ ਇਸ ਫਿਲਮ ਦੇ ਪਲਾਂਟ ਬਾਰੇ ਵੇਰਵਿਆਂ ਨੂੰ ਗੁਪਤ ਰੱਖਿਆ ਗਿਆ ਹੈ। 'ਕੈਰੀ ਆਨ ਜੱਟੀਏ' ਵਿੱਚ ਜੈਸਮੀਨ ਭਸੀਨ ਅਤੇ ਸੁਨੀਲ ਗਰੋਵਰ ਵੀ ਨਜ਼ਰੀ ਪੈਣਗੇ। ਇਹਨਾਂ ਫਿਲਮਾਂ ਤੋਂ ਇਲਾਵਾ ਗਿੱਪੀ ਗਰੇਵਾਲ ਕੋਲ ਹੋਰ ਵੀ ਕਾਫੀ ਸਾਰੀਆਂ ਫਿਲਮਾਂ ਲਾਈਨ ਵਿੱਚ ਪਈਆਂ ਹਨ।