ਮੁੰਬਈ (ਬਿਊਰੋ):ਬਾਲੀਵੁੱਡ ਦੇ 'ਦਬੰਗ' ਸਲਮਾਨ ਖਾਨ ਇੱਕ ਵਾਰ ਫਿਰ ਆਪਣੀ ਸੁਰੱਖਿਆ ਨੂੰ ਲੈ ਕੇ ਸੁਰਖੀਆਂ 'ਚ ਹਨ। ਹਾਲ ਹੀ 'ਚ ਪੰਜਾਬੀ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਦੇ ਕੈਨੇਡਾ 'ਚ ਘਰ 'ਤੇ ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਹਮਲਾ ਕੀਤਾ ਗਿਆ ਸੀ ਅਤੇ ਹਮਲੇ ਰਾਹੀਂ ਉਹਨਾਂ ਨੇ ਇਹ ਸੰਦੇਸ਼ ਸਲਮਾਨ ਖਾਨ ਨੂੰ ਭੇਜਿਆ ਗਿਆ ਸੀ।
ਗੈਂਗਸਟਰ ਨੇ ਗਿੱਪੀ ਗਰੇਵਾਲ ਨੂੰ ਸੁਨੇਹਾ ਵੀ ਦਿੱਤਾ ਸੀ ਕਿ ਇਹ ਸਲਮਾਨ ਖਾਨ ਨਾਲ ਰਹਿਣ ਦਾ ਨਤੀਜਾ ਹੈ। ਅਜਿਹੇ 'ਚ ਵਾਈ ਪਲੱਸ ਸੁਰੱਖਿਆ ਨਾਲ ਲੈਸ ਸਲਮਾਨ ਖਾਨ ਦੀ ਸੁਰੱਖਿਆ ਹੋਰ ਸਖਤ ਕੀਤੀ ਜਾ ਰਹੀ ਹੈ। ਲਾਰੈਂਸ ਬਿਸ਼ਨੋਈ ਦੀ ਨਵੀਂ ਧਮਕੀ ਤੋਂ ਬਾਅਦ ਮੁੰਬਈ ਪੁਲਿਸ ਨੇ ਅਦਾਕਾਰ ਦੀ ਸੁਰੱਖਿਆ ਨੂੰ ਹੋਰ ਸਖ਼ਤ ਕਰਨ ਲਈ ਸਮੀਖਿਆ ਕੀਤੀ ਹੈ। ਉਲੇਖਯੋਗ ਹੈ ਕਿ ਸਲਮਾਨ ਖਾਨ ਨੂੰ ਵਾਰ-ਵਾਰ ਲਾਰੈਂਸ ਬਿਸ਼ਨੋਈ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ।
ਸਲਮਾਨ ਖਾਨ ਨੂੰ ਮਿਲੀ ਨਵੀਂ ਧਮਕੀ: ਇਸ ਤਰ੍ਹਾਂ ਹਾਲ ਹੀ ਵਿੱਚ ਸਲਮਾਨ ਖਾਨ ਨੂੰ ਫੇਸਬੁੱਕ 'ਤੇ ਲਾਰੈਂਸ ਬਿਸ਼ਨੋਈ ਤੋਂ ਨਵੀਂ ਧਮਕੀ ਮਿਲੀ ਹੈ, ਜਿਸ ਤੋਂ ਬਾਅਦ ਮੁੰਬਈ ਪੁਲਿਸ ਨੇ ਸਲਮਾਨ ਦੀ ਵਾਈ-ਪਲੱਸ ਸੁਰੱਖਿਆ ਦੀ ਸਮੀਖਿਆ ਕੀਤੀ ਅਤੇ ਇਸ ਨੂੰ ਹੋਰ ਸਖਤ ਬਣਾਉਣ ਲਈ ਕਦਮ ਚੁੱਕੇ। ਇਸ ਦੇ ਨਾਲ ਹੀ ਕਿਤੇ ਨਾ ਕਿਤੇ ਸਲਮਾਨ ਖਾਨ ਵੀ ਫਿਕਰਮੰਦ ਹੋ ਗਏ ਹਨ। ਮੁੰਬਈ ਪੁਲਿਸ ਨੇ ਸਲਮਾਨ ਖਾਨ ਨੂੰ ਅਲਰਟ ਰਹਿਣ ਲਈ ਕਿਹਾ ਹੈ।
ਸਮੀਖਿਆ ਅਧਿਕਾਰੀ ਨੇ ਕਿਹਾ ਹੈ, 'ਅਸੀਂ ਅਦਾਕਾਰ ਨੂੰ ਮਿਲੀ ਨਵੀਂ ਧਮਕੀ ਦੇ ਆਧਾਰ 'ਤੇ ਸੁਰੱਖਿਆ ਦੀ ਸਮੀਖਿਆ ਕੀਤੀ ਹੈ, ਤਾਂ ਜੋ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਨਾ ਰਹੇ, ਇਸ ਲਈ ਅਸੀਂ ਵੀ ਅਦਾਕਾਰ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਨੂੰ ਚੌਕਸ ਰਹਿਣ ਦੇ ਆਦੇਸ਼ ਦਿੱਤੇ ਹਨ।'
ਤੁਹਾਨੂੰ ਦੱਸ ਦੇਈਏ ਕਿ ਹਾਲ ਹੀ 'ਚ ਲਾਰੈਂਸ ਬਿਸ਼ਨੋਈ ਗੈਂਗ ਨੇ ਕੈਨੇਡਾ 'ਚ ਪੰਜਾਬੀ ਗਾਇਕ ਗਿੱਪੀ ਗਰੇਵਾਲ ਦੇ ਘਰ ਰਾਤ 12.30 ਤੋਂ 1 ਵਜੇ ਦੇ ਵਿਚਕਾਰ ਗੋਲੀਬਾਰੀ ਕੀਤੀ ਸੀ। ਗਿੱਪੀ ਨੇ ਦੱਸਿਆ ਸੀ ਕਿ ਉਸ ਸਮੇਂ ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਇਹ ਕੀ ਹੋ ਰਿਹਾ ਹੈ। ਫਿਰ ਇਸ ਹਮਲੇ ਦੀ ਜ਼ਿੰਮੇਵਾਰੀ ਲੈਂਦੇ ਹੋਏ ਲਾਰੈਂਸ ਬਿਸ਼ਨੋਈ ਨੇ ਅਦਾਕਾਰ ਨੂੰ ਸਲਮਾਨ ਖਾਨ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ।