ਚੰਡੀਗੜ੍ਹ:ਪਤੀ ਅਤੇ ਪਤਨੀਆਂ ਨੂੰ ਲੈ ਕੇ ਬਹੁਤ ਸਾਰੇ ਮੀਮਜ਼ ਬਣੇ ਹਨ, ਜਿੰਨ੍ਹਾਂ ਵਿੱਚ ਇਹ ਹੀ ਕਿਹਾ ਜਾਂਦਾ ਹੈ ਕਿ ਪਤਨੀ ਆਪਣੇ ਪਤੀ ਤੋਂ ਘਰੇਲੂ ਕਰ ਕਰਵਾਉਂਦੀ ਹੈ ਅਤੇ ਉਸ ਨੂੰ ਚਾਬੀ ਵਾਲਾ ਬਾਂਦਰ ਬਣਾਉਂਦੀ ਹੈ, ਕਿਹਾ ਜਾਂਦਾ ਹੈ ਕਿ 'ਵਾਈਫ ਖੁਸ਼ ਤਾਂ ਲਾਈਫ਼ ਖੁਸ਼'। ਤਾਂ ਫਿਰ ਇਸ ਮਾਮਲੇ ਵਿੱਚ ਸਾਂਝੀਆਂ ਫਿਲਮਾਂ ਘੱਟ ਕਿਵੇਂ ਰਹਿ ਸਕਦੀਆਂ ਹਨ। ਸੋ ਇਸ ਮੁੱਦੇ ਨੂੰ ਲੈ ਕੇ ਪੰਜਾਬੀ ਦੇ ਗਾਇਕ ਅਤੇ ਅਦਾਕਾਰ ਰੌਸ਼ਨ ਪ੍ਰਿੰਸ ਇੱਕ ਨਵੀਂ ਫਿਲਮ ਲੈ ਕੇ ਆ ਰਹੇ ਹਨ। ਜੀ ਹਾਂ...ਫਿਲਮ ਦਾ ਨਾਂ ਹੈ 'ਜੀ ਵਾਈਫ ਜੀ'। ਜੇਕਰ ਅਸੀਂ ਫਿਲਮ ਦੇ ਨਾਮ 'ਤੇ ਨਜ਼ਰ ਮਾਰੀਏ ਤਾਂ ਇਹ ਇੱਕ ਕਾਮੇਡੀ ਫਿਲਮ ਹੈ ਜੋ ਤੁਹਾਡੇ ਢਿੱਡ ਦੁੱਖਣ ਤੱਕ ਤੁਹਾਨੂੰ ਹਸਾਏਗੀ।
ਦਰਅਸਲ, ਪੰਜਾਬੀ ਗਾਇਕ ਅਤੇ ਅਦਾਕਾਰ ਰੌਸ਼ਨ ਪ੍ਰਿੰਸ ਨੇ ਇਸ ਫਿਲਮ ਦਾ ਐਲਾਨ ਪੋਸਟਰ ਸਾਂਝਾ ਕਰਕੇ ਕੀਤਾ ਅਤੇ ਦਿਲਚਸਪ ਗੱਲ ਇਹ ਹੈ ਕਿ ਅਦਾਕਾਰ ਨੇ ਇਸ ਦੀ ਰਿਲੀਜ਼ ਮਿਤੀ ਦਾ ਵੀ ਐਲਾਨ ਕੀਤਾ। ਆਪਣੇ ਇੰਸਟਾਗ੍ਰਾਮ ਉਤੇ ਪੋਸਟ ਸਾਂਝੀ ਕਰਦੇ ਹੋਏ ਗਾਇਕ ਨੇ ਲਿਖਿਆ ' ਇਹ ਫ਼ਿਲਮ ਕਾਲਪਨਿਕ ਨਹੀਂ ਹੈ ਇਸਦਾ ਹਰ ਵਿਆਹੇ ਬੰਦੇ ਨਾਲ ਸਿੱਧਾ- ਸਿੱਧਾ ਸੰਬੰਧ ਹੈ'। ਹੁਣ ਪ੍ਰਸ਼ੰਸਕਾਂ ਦੇ ਪੋਸਟ ਉਤੇ ਪਿਆਰੇ ਪਿਆਰੇ ਕਮੈਂਟ ਆ ਰਹੇ ਹਨ ਅਤੇ ਕਹਿ ਰਹੇ ਹਨ ਕਿ ਸਾਡੇ ਤੋਂ ਇੰਤਜ਼ਾਰ ਨਹੀਂ ਹੋ ਰਿਹਾ ਫਿਲਮ ਨੂੰ ਜਲਦੀ ਰਿਲੀਜ਼ ਕੀਤਾ ਜਾਵੇ।
ਫਿਲਮ ਦੀ ਰਿਲੀਜ਼ ਡੇਟ: ਰਾਜੀਵ ਸਿੰਗਲਾ ਪ੍ਰੋਡਕਸ਼ਨ ਅਤੇ ਪੰਜਾਬ ਪ੍ਰੋਡਕਸ਼ਨ ਹਾਊਸ ਦੁਆਰਾ ਸਮਰਥਨ ਪ੍ਰਾਪਤ ਫਿਲਮ 'ਜੀ ਵਾਈਫ ਜੀ' ਇਸ ਸਾਲ 24 ਫਰਵਰੀ ਨੂੰ ਰਿਲੀਜ਼ ਹੋਵੇਗੀ, ਅਵਤਾਰ ਸਿੰਘ ਦੁਆਰਾ ਨਿਰਦੇਸ਼ਿਤ ਇਸ ਫਿਲਮ ਵਿੱਚ ਅਨੀਤਾ ਦੇਵਗਨ, ਨਿਸ਼ਾ ਬਾਨੋ, ਰੋਸ਼ਨ ਪ੍ਰਿੰਸ, ਕਰਮਜੀਤ ਅਨਮੋਲ, ਅਨੀਤਾ ਸ਼ਬਦੀਸ਼ ਅਤੇ ਹਾਰਬੀ ਸੰਘਾ ਸਮੇਤ ਹੋਰ ਕਲਾਕਾਰ ਨਜ਼ਰ ਆਉਣਗੇ।