ਚੰਡੀਗੜ੍ਹ: ਪੰਜਾਬੀ ਸਿਨੇਮਾ ਲਈ ਅਲਹਦਾ ਕਹਾਣੀ ਸਾਂਚੇ ਅਧੀਨ ਬਣਾਈਆਂ ਜਾ ਰਹੀਆਂ ਬਿਹਤਰੀਨ ਫਿਲਮਾਂ ਦੇ ਬੰਨੇ ਜਾ ਰਹੇ ਮੁੱਢ ਨੂੰ ਹੋਰ ਖੂਬਸੂਰਤ ਅਯਾਮ ਦੇਣ ਜਾ ਰਹੀ ਹੈ 'ਰਜ਼ਾ ਏ ਇਸ਼ਕ', ਜੋ 12 ਜਨਵਰੀ ਨੂੰ ਸਿਨੇਮਾ ਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ, ਜਿਸ ਵਿੱਚ ਪੰਜਾਬੀ ਫਿਲਮ ਜਗਤ ਨਾਲ ਜੁੜੇ ਕਈ ਨਵੇਂ ਅਤੇ ਪੁਰਾਣੇ ਚਿਹਰੇ ਲੀਡਿੰਗ ਕਿਰਦਾਰ ਨਿਭਾਉਂਦੇ ਨਜ਼ਰੀ ਪੈਣਗੇ।
'ਹਰਪ ਫਾਰਮਰਜ਼ ਪਿਕਚਰਜ਼', 'ਸਾਤਵਿਕ ਆਰਟਸ ਪ੍ਰੋਡੋਕਸ਼ਨ' ਦੇ ਬੈਨਰਜ਼ ਅਤੇ 'ਦਿ ਆਡਿਓ ਕੰਪਨੀ' ਅਤੇ 'ਮੋਹਾਲੀ ਸਟੂਡਿਓਜ਼' ਦੇ ਸਹਿਯੋਗ ਅਧੀਨ ਸਾਹਮਣੇ ਲਿਆਂਦੀ ਜਾ ਰਹੀ ਇਸ ਫਿਲਮ ਵਿੱਚ ਹਰਪ ਫਾਰਮਰ ਅਤੇ ਆਨੰਦ ਪ੍ਰਿਯਾ ਲੀਡ ਜੋੜੀ ਦੇ ਤੌਰ 'ਤੇ ਨਜ਼ਰ ਆਉਣਗੇ, ਜਿੰਨਾਂ ਤੋਂ ਇਲਾਵਾ ਹਿੰਦੀ ਅਤੇ ਪੰਜਾਬੀ ਸਿਨੇਮਾ ਨਾਲ ਜੁੜੇ ਕਈ ਨਵੇਂ ਅਤੇ ਮੰਝੇ ਹੋਏ ਕਲਾਕਾਰ ਲੀਡਿੰਗ ਰੋਲਜ਼ ਅਦਾ ਕਰਦੇ ਵਿਖਾਈ ਦੇਣਗੇ, ਜਿੰਨਾਂ ਵਿੱਚ ਸਰਵਰ ਅਲੀ, ਅਨੀਤਾ ਸ਼ਬਦੀਸ਼, ਇਕਤਾਰ ਸਿੰਘ, ਡਾ.ਰਾਜਨ ਗੁਪਤਾ ਆਦਿ ਸ਼ੁਮਾਰ ਹਨ।
ਇਸ ਦੇ ਨਾਲ ਹੀ ਮਹਾਂਵੀਰ ਭੁੱਲਰ ਦੀ ਪਿੱਠਵਰਤੀ ਆਵਾਜ਼ ਨੇ ਵੀ ਇਸ ਮਨਾਂ ਅਤੇ ਦਿਲਾਂ ਨੂੰ ਝਕਝੋਰਦੀ ਪ੍ਰੇਮ ਗਾਥਾ ਨੂੰ ਪ੍ਰਭਾਵੀ ਰੂਪ ਦੇਣ ਵਿਚ ਅਹਿਮ ਭੂਮਿਕਾ ਨਿਭਾਈ ਹੈ।
ਪੁਰਾਤਨ ਪੰਜਾਬ ਦੇ ਬੈਕ ਡਰਾਪ ਅਧਾਰਿਤ ਖੂਬਸੂਰਤ ਕਹਾਣੀਸਾਰ ਅਧੀਨ ਬਣਾਈ ਗਈ ਇਸ ਸ਼ਾਨਦਾਰ ਫਿਲਮ ਦੇ ਨਿਰਮਾਤਾ ਸਰਦਾਰਨੀ ਦਰਸ਼ਨ ਕੌਰ, ਹਰਪ ਫਾਰਮਰ, ਹਰਦੀਪ ਦੁਰਾਲੀ, ਸਹਿ ਨਿਰਮਾਤਾ ਕੁਰਾਨ ਢਿੱਲੋਂ, ਸ਼ੈਰੀ ਸੈਨੀ, ਪ੍ਰੋਡੋਕਸ਼ਨ ਡਿਜ਼ਾਈਨਰ-ਕ੍ਰਿਏਟਿਵ ਨਿਰਦੇਸ਼ਕ ਐਸਐਸ ਸੰਧੂ, ਕਾਸਟਿਊਮ ਡਿਜ਼ਾਈਨਰ ਦਿਵਜੋਤ-ਰਾਜਾ ਸੁਬਰਾਮਨੀਅਮ, ਐਸੋਸੀਏਟ ਨਿਰਦੇਸ਼ਕ ਸਰਵਰ ਅਲੀ, ਯੋਗੇਸ਼ ਨੇਗੀ, ਸਿਨੇਮਾਟੋਗ੍ਰਾਫ਼ਰ ਸੁਖਨਸਾਰ ਸਿੰਘ, ਰੀ-ਰਿਕਾਰਡਿਸਟ ਜਤਿਨ ਕੁਮਾਰ ਸਵੈਨ, ਕਲਾ ਨਿਰਦੇਸ਼ਕ ਮਨੀਸ਼ ਪਚਿਆਰ, ਮੋਸ਼ਨ ਗਰਾਫਿਕਸ ਅੰਮ੍ਰਿਤ ਕੌਰ ਹਨ।
ਜਿੰਨਾਂ ਤੋਂ ਇਲਾਵਾ ਜੇਕਰ ਇਸ ਫਿਲਮ ਦੇ ਸੰਗੀਤ ਦੀ ਗੱਲ ਕਰੀਏ ਤਾਂ ਇਸ ਨੂੰ ਵੀ ਬਾਕਮਾਲ ਰੂਪ ਵਿਚ ਸਿਰਜਿਆ ਗਿਆ ਹੈ, ਜਿਸ ਨੂੰ ਗੈਵੀ ਸਿੱਧੂ ਦੁਆਰਾ ਸੰਗੀਤਬੱਧ ਕੀਤਾ ਗਿਆ ਹੈ, ਜਦਕਿ ਪਿੱਠਵਰਤੀ ਗਾਇਕਾਂ ਵਜੋਂ ਆਵਾਜ਼ਾਂ ਮੰਨਾ ਮਾਨੋ ਅਤੇ ਰਾਹੁਲ ਗਿੱਲ ਨੇ ਦਿੱਤੀਆਂ ਹਨ।
ਉਕਤ ਫਿਲਮ ਨੂੰ ਲੈ ਕੇ ਚਰਚਾ ਦਾ ਕੇਂਦਰ ਬਿੰਦੂ ਬਣੇ ਹਰਪ ਫਾਰਮਰ ਦੇ ਜੀਵਨ ਅਤੇ ਹੁਣ ਤੱਕ ਦੇ ਕਰੀਅਰ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਹਰਪ੍ਰੀਤ ਸਿੰਘ ਤੋਂ ਹਾਰਪ ਫਾਰਮਰ ਬਣਨ ਤੱਕ ਦਾ ਉਨਾਂ ਦਾ ਸਫ਼ਰ ਬਹੁਤ ਹੀ ਉਤਰਾਅ-ਚੜ੍ਹਾਅ ਭਰਿਆ ਰਿਹਾ ਹੈ, ਜਿੰਨਾਂ ਆਪਣੇ ਅਦਾਕਾਰੀ ਪੈਂਡੇ ਦੀ ਸ਼ੁਰੂਆਤ ਸਾਲ 2014 ਵਿਚ ਸਾਹਮਣੇ ਆਏ ਅਨਮੋਲ ਗਗਨ ਮਾਨ ਦੇ ਮਿਊਜ਼ਿਕ ਵੀਡੀਓ ਤੋਂ ਕੀਤੀ, ਜਿਸ ਦੌਰਾਨ ਉਨਾਂ ਦੀ ਅਦਾਕਾਰੀ ਨੂੰ ਚਾਹੇ ਕਾਫੀ ਸਲਾਹੁਤਾ ਮਿਲੀ, ਪਰ ਇਸ ਦੇ ਬਾਵਜੂਦ ਉਨਾਂ ਨੂੰ ਆਪਣੀ ਅਗਲੇਰੀ ਸਥਾਪਤੀ ਦੀਆਂ ਪੈੜਾਂ ਨੂੰ ਮਜ਼ਬੂਤੀ ਦੇਣ ਲਈ ਲੰਮੇਰੇ ਸੰਘਰਸ਼ ਪੜਾਵਾਂ ਵਿਚੋਂ ਗੁਜ਼ਰਣਾ ਪਿਆ, ਜਿੰਨਾਂ ਦੀਆਂ ਆਸ਼ਾਵਾਂ ਨੂੰ ਬੂਰ ਪਾਉਣ ਅਤੇ ਸੁਫਨਿਆਂ ਨੂੰ ਤਾਬੀਰ ਦੇਣ ਜਾ ਰਹੀ ਹੈ ਉਨਾਂ ਦੀ ਉਕਤ ਬਹੁ-ਚਰਚਿਤ ਫਿਲਮ, ਜੋ ਰਿਲੀਜ਼ ਤੋਂ ਪਹਿਲਾਂ ਹੀ ਸਿਨੇਮਾ ਗਲਿਅਰਿਆਂ ਵਿੱਚ ਇਸ ਬਿਹਤਰੀਨ ਅਦਾਕਾਰ ਨੂੰ ਕਾਫ਼ੀ ਸ਼ਲਾਘਾ ਦਾ ਹੱਕਦਾਰ ਬਣਾਉਣ ਵਿੱਚ ਸਫਲ ਰਹੀ ਹੈ।