ਚੰਡੀਗੜ੍ਹ: ਪੰਜਾਬੀ ਸੰਗੀਤ ਅਤੇ ਗਾਇਕੀ ਖੇਤਰ ਵਿੱਚ ਵਿਲੱਖਣ ਪਹਿਚਾਣ ਸਥਾਪਿਤ ਕਰ ਚੁੱਕੇ ਲੋਕ ਗਾਇਕ ਨਿਰਮਲ ਸਿੱਧੂ ਦੇ ਹੋਣਹਾਰ ਬੇਟੇ ਰੋਬਿਨ ਰਾਜਾ ਸਿੱਧੂ ਵੀ ਸੰਗੀਤਕ ਖੇਤਰ ਵਿੱਚ ਇੱਕ ਨਵੀਂ ਸ਼ੁਰੂਆਤ ਵੱਲ ਵਧ ਜਾ ਰਹੇ ਹਨ, ਜੋ ਆਪਣੇ ਪਹਿਲੇ ਟਰੈਕ 'ਪਹਿਲੀ ਨਜ਼ਰ' ਲੈ ਕੇ ਸਰੋਤਿਆਂ ਅਤੇ ਦਰਸ਼ਕਾਂ ਦੇ ਸਨਮੁੱਖ ਹੋਏ ਹਨ, ਜਿਸ ਨੂੰ ਵੱਖ-ਵੱਖ ਪਲੇਟਫ਼ਾਰਮ 'ਤੇ ਰਿਲੀਜ਼ ਕਰ ਦਿੱਤਾ ਗਿਆ ਹੈ।
'ਹਿੱਟ ਮੇਕਰ ਰਿਕਾਰਡਜ਼' ਦੇ ਲੇਬਲ ਅਧੀਨ ਪੇਸ਼ ਕੀਤੇ ਇਸ ਟਰੈਕ ਦਾ ਸੰਗੀਤ ਅਤੇ ਸ਼ਬਦ ਨਿਰਮਲ ਸਿੱਧੂ ਵੱਲੋਂ ਰਚੇ ਗਏ ਹਨ, ਜਿੰਨ੍ਹਾਂ ਨੇ ਸਦਾ ਬਹਾਰ ਸੰਗੀਤ ਦੇ ਰੰਗਾਂ ਵਿੱਚ ਰੰਗੇ ਇਸ ਗਾਣੇ ਵਿਚ ਪਿਆਰ-ਸਨੇਹ ਭਰੀਆਂ ਨੌਜਵਾਨੀ ਭਾਵਨਾਵਾਂ ਦਾ ਬਹੁਤ ਹੀ ਖੂਬਸੂਰਤ ਅਤੇ ਪ੍ਰਭਾਵੀ ਸ਼ਬਦਾਂਵਲੀ ਅਧੀਨ ਉਲੇਖ ਕੀਤਾ ਹੈ, ਜੋ ਸੁਣਨ ਅਤੇ ਵੇਖਣ ਵਾਲਿਆਂ ਨੂੰ ਇੱਕ ਨਵੀਂ ਸੰਗੀਤਕ ਤਰੋ-ਤਾਜ਼ਗੀ ਦਾ ਵੀ ਅਹਿਸਾਸ ਕਰਵਾਏਗਾ।
ਓਧਰ ਇਸੇ ਗਾਣੇ ਨੂੰ ਲੈ ਕੇ ਆਪਣੇ ਮਨ ਦੇ ਵਲਵਲ੍ਹੇ ਸਾਂਝੇ ਕਰਦਿਆਂ ਨੌਜਵਾਨ ਅਤੇ ਪ੍ਰਤਿਭਾਵਾਨ ਗਾਇਕ ਰੋਬਿਨ ਰਾਜਾ ਸਿੱਧੂ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਵੱਲੋਂ ਆਪਣੇ ਹੁਣ ਤੱਕ ਦੇ ਗਾਇਕੀ ਸਫ਼ਰ ਦੌਰਾਨ ਹਮੇਸ਼ਾ ਮਿਆਰੀ ਅਤੇ ਅਸਲ ਜੜ੍ਹਾਂ ਨਾਲ ਜੁੜੀ ਗਾਇਕੀ ਨੂੰ ਤਰਜ਼ੀਹ ਦਿੱਤੀ ਗਈ ਹੈ, ਜਿੰਨ੍ਹਾਂ ਦੇ ਵਿਖਾਏ ਮਾਰਗ-ਦਰਸ਼ਨ ਅਤੇ ਦਿੱਤੀ ਸੰਗੀਤਕ ਸਿੱਖਿਆ ਨੂੰ ਕਰੀਅਰ ਦਾ ਆਧਾਰ ਬਣਾਉਂਦਿਆਂ ਉਸ ਵੱਲੋਂ ਮਨ ਨੂੰ ਮੋਹ ਲੈਣ ਵਾਲੀ ਗਾਇਕੀ ਨੂੰ ਪ੍ਰਮੁੱਖਤਾ ਦੇਣ ਦਾ ਤਰੱਦਦ ਕੀਤਾ ਜਾ ਰਿਹਾ ਹੈ, ਜਿਸ ਦੀ ਹੀ ਲੜ੍ਹੀ ਵਜੋਂ ਸਾਹਮਣੇ ਆਇਆ ਉਨ੍ਹਾਂ ਦਾ ਇਹ ਪਹਿਲਾਂ ਟਰੈਕ, ਜਿਸ ਨੂੰ ਹਰ ਪਰਿਵਾਰ ਇਕੱਠਿਆਂ ਬੈਠ ਕੇ ਸੁਣ ਅਤੇ ਵੇਖ ਸਕਦਾ ਹੈ।
ਮੂਲ ਰੂਪ ਵਿੱਚ ਮਾਲਵਾ ਦੇ ਰਜਵਾੜ੍ਹਾਸ਼ਾਹੀ ਜਿਲ੍ਹੇ ਫ਼ਰੀਦਕੋਟ ਅਧੀਨ ਆਉਂਦੇ ਪਿੰਡ ਟਹਿਣਾ ਨਾਲ ਤਾਲੁਕ ਰੱਖਦੇ ਅਤੇ ਅੱਜਕੱਲ੍ਹ ਯੂਨਾਈਟਡ ਕਿੰਗਡਮ ਵਿਖੇ ਵਸੇਂਦਾ ਕਰ ਰਹੇ ਇਸ ਪ੍ਰਤਿਭਾਸ਼ਾਲੀ ਗਾਇਕ ਨੇ ਆਪਣੇ ਕਰੀਅਰ ਵੱਲ ਨਜ਼ਰਸਾਨੀ ਕਰਵਾਉਂਦਿਆਂ ਦੱਸਿਆ ਕਿ ਉਨ੍ਹਾਂ ਵੱਲੋਂ ਆਪਣੇ ਕਰੀਅਰ ਦਾ ਆਗਾਜ਼ ਬਤੌਰ ਮਿਊਜ਼ਿਕ ਵੀਡੀਓ ਨਿਰਦੇਸ਼ਕ ਕੀਤਾ ਗਿਆ ਸੀ, ਪਰ ਵਿਰਾਸਤ ਵਿੱਚ ਮਿਲੇ ਗਾਇਕੀ ਗੁਣ ਉਨ੍ਹਾਂ ਨੂੰ ਆਪਣੇ ਪਿਤਾ ਵਾਂਗ ਇਸ ਖੇਤਰ ਵਿਚ ਕੁਝ ਅਲਹਦਾ ਅਤੇ ਖਾਸ ਕਰ ਗੁਜ਼ਰਣ ਲਈ ਪ੍ਰੇਰਿਤ ਕਰ ਰਹੇ ਹਨ, ਜਿਸ ਸੰਬੰਧੀ ਮਨ ਦੇ ਵਲਵਲਿਅ੍ਹਾਂ ਨੂੰ ਹੁਣ ਪੂਰੀ ਸੰਗੀਤਕ ਤਿਆਰੀ ਅਤੇ ਰਿਆਜ਼ ਬਾਅਦ ਉਹ ਅੰਜਾਮ ਦੇਣ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਰਿਲੀਜ਼ ਕੀਤੇ ਇਸ ਟਰੈਕ ਤੋਂ ਬਾਅਦ ਉਹ ਆਪਣੇ ਕੁਝ ਹੋਰ ਗੀਤਾਂ ਨਾਲ ਮੁੜ ਸਰੋਤਿਆਂ ਅਤੇ ਦਰਸ਼ਕਾਂ ਸਨਮੁੱਖ ਹੋਣਗੇ, ਜਿੰਨ੍ਹਾਂ ਦੀ ਰਿਕਾਰਡਿੰਗ ਦਾ ਸਿਲਸਿਲਾ ਇੰਨ੍ਹੀਂ ਦਿਨ੍ਹੀਂ ਜ਼ੋਰਾ-ਸ਼ੋਰਾ ਨਾਲ ਜਾਰੀ ਹੈ।