ਚੰਡੀਗੜ੍ਹ: ਪੰਜਾਬੀ ਸਿਨੇਮਾ ਅਤੇ ਸੰਗੀਤਕ ਖੇਤਰ ਵਿਚ ਮੋਹਰੀ ਪ੍ਰੋਡੋਕਸ਼ਨ ਹਾਊਸ ਅਤੇ ਸੰਗੀਤਕ ਲੇਬਲ ਵਜੋਂ ਸ਼ੁਮਾਰ ਕਰਵਾਉਂਦੇ ਰਿਦੁਮ ਬੁਆਏਜ਼ ਇੰਟਰਟੇਨਮੈਂਟ ਵੱਲੋਂ ਮਸ਼ਹੂਰ ਚਾਈਨਜ਼ ਕਾਰਟੂਨ ਸੀਰੀਜ਼ ‘ਬੂੰਨੀ ਬੇਅਰ’ ਦਾ ਪੰਜਾਬੀ ਰੂਪਾਂਤਰਨ ਕਰਕੇ ਇਸ ਨੂੰ ਦੇਸ਼, ਵਿਦੇਸ਼ ਵਿਚ ਰਿਲੀਜ਼ ਕਰਨ ਦੀ ਯੋਜਨਾ ਬਣਾ ਰਿਹਾ ਹੈ।
ਹਾਲ ਹੀ ਵਿਚ ਅਪਾਰ ਕਾਮਯਾਬੀ ਅਤੇ ਸਲਾਹੁਤਾ ਹਾਸਿਲ ਕਰਨ ਵਾਲੀ ਪੰਜਾਬੀ ਫਿਲਮ 'ਮੋੜ' ਤੋਂ ਇਲਾਵਾ ਪੰਜਾਬੀ ਸਿਨੇਮਾ ਲਈ ਬਣੀਆਂ ‘ਬੰਬੂਕਾਟ’, ‘ਭੱਜੋ ਵੀਰੋ ਵੇ’, ‘ਗੋਲਕ ਬੁਗਨੀ ਬੈਂਕ ਤੇ ਬਟੂਆ’, ‘ਅੰਗਰੇਜ਼’, ‘ਲਾਹੋਰੀਏ’, ‘ਛੱਲਾ ਮੁੜ ਕੇ ਨੀ ਆਇਆ’, ‘ਚੱਲ ਮੇਰਾ ਪੁੱਤ’, ‘ਚੱਲ ਮੇਰਾ ਪੁੱਤ 2’, ‘ਚੱਲ ਮੇਰਾ ਪੁੱਤ 3’ ਜਿਹੀਆਂ ਕਈ ਵੱਡੀਆਂ ਪੰਜਾਬੀ ਫਿਲਮਾਂ ਦਾ ਨਿਰਮਾਣ ਕਰ ਚੁੱਕੇ ਅਤੇ ਕਈ ਮਕਬੂਲ ਗੀਤ ਸੰਗੀਤ ਮਾਰਕੀਟ ਵਿਚ ਜਾਰੀ ਕਰ ਚੁੱਕੇ ਇਸ ਪ੍ਰੋਡੋਕਸ਼ਨ ਹਾਊਸ ਦੇ ਪ੍ਰਮੁੱਖ ਸਟਾਰ ਗਾਇਕ-ਅਦਾਕਾਰ ਅਮਰਿੰਦਰ ਗਿੱਲ ਅਤੇ ਕਰਤਾ ਧਰਤਾ ਕਾਰਜ ਗਿੱਲ ਹਨ, ਜਿੰਨ੍ਹਾਂ ਵੱਲੋਂ ਸੁਯੰਕਤ ਕਮਾਂਡ ਅਧੀਨ ਫਿਲਮ, ਸੰਗੀਤਕ ਖੇਤਰ ਵਿਚ ਲਗਾਤਾਰ ਨਵੇਂ ਆਯਾਮ ਸਿਰਜਣ ਲਈ ਜੀਅ ਜਾਨ ਕੋਸ਼ਿਸ਼ਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ।
ਉਕਤ ਅਧੀਨ ਹੀ ਰਿਦੁਮ ਬੁਆਏਜ ਇੰਟਰਟੇਨਮੈਂਟ ਹੁਣ ਚਾਈਨਜ਼ ਫਿਲਮਾਂ ਅਤੇ ਸੀਰੀਜ਼ ਦਾ ਪੰਜਾਬੀ ਭਾਸ਼ਾ ਵਿਚ ਰੂਪਾਂਤਰਨ ਕਰਕੇ ਰਿਲੀਜ਼ ਕਰਨ ਵੱਲ ਕਦਮ ਵਧਾ ਚੁੱਕਾ ਹੈ, ਜਿਸ ਦੀ ਸ਼ੁਰੂਆਤ ਮਸ਼ਹੂਰ ਕਾਰਟੂਨ ਸੀਰੀਜ਼ ਬੂੰਨੀ ਬੇਅਰ ਨੂੰ ਪੰਜਾਬੀ ਵਿਚ ਡਬ ਕਰਕੇ ਕੀਤੀ ਜਾ ਰਹੀ ਹੈ, ਜਿਸ ਨੂੰ ਇਸੇ ਮਹੀਨੇ ਵਰਲਡ ਵਾਈਡ ਰਿਲੀਜ਼ ਕੀਤਾ ਜਾ ਰਿਹਾ ਹੈ।