ਮੁੰਬਈ (ਬਿਊਰੋ): ਹਿੰਦੀ ਬਨਾਮ ਸਾਊਥ ਫਿਲਮਾਂ ਨੂੰ ਲੈ ਕੇ ਬਹਿਸ ਦਾ ਮੁੱਦਾ ਗਰਮ ਹੁੰਦਾ ਜਾ ਰਿਹਾ ਹੈ। ਇਸ 'ਤੇ ਬਾਲੀਵੁੱਡ ਅਦਾਕਾਰਾ ਰਵੀਨਾ ਟੰਡਨ ਨੇ ਖੁੱਲ੍ਹ ਕੇ ਆਪਣੀ ਗੱਲ ਕਹੀ ਹੈ। ਬਾਲੀਵੁੱਡ ਨੂੰ ਕਈ ਹਿੱਟ ਫਿਲਮਾਂ ਦੇਣ ਵਾਲੀ ਰਵੀਨਾ ਨੇ ਕਿਹਾ ਕਿ ਦੱਖਣ ਅਤੇ ਹਿੰਦੀ ਫਿਲਮਾਂ ਵਿੱਚ ਕੋਈ ਮੁਕਾਬਲਾ ਨਹੀਂ ਹੈ।
90 ਦੇ ਦਹਾਕੇ ਦੀ ਖੂਬਸੂਰਤ ਅਦਾਕਾਰਾ ਨੇ ਕਿਹਾ ਕਿ ਮੈਂ ਅਜਿਹਾ ਨਹੀਂ ਸੋਚਦੀ, ਇਹ ਹਰ ਇੰਡਸਟਰੀ ਦਾ ਇੱਕ ਪੜਾਅ ਹੁੰਦਾ ਹੈ। ਉਨ੍ਹਾਂ ਕਿਹਾ ਦੱਖਣ 'ਚ ਵੀ ਉਹ ਵੱਖ-ਵੱਖ ਤਰ੍ਹਾਂ ਦੀਆਂ ਫਿਲਮਾਂ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਮੁੰਬਈ ਇੰਡਸਟਰੀ 'ਚ ਵੀ ਅਜਿਹਾ ਹੀ ਹੋ ਰਿਹਾ ਹੈ। ਤੁਸੀਂ ਹਰ ਹਿੰਦੀ ਫਿਲਮ ਦੇ ਰਿਲੀਜ਼ ਹੋਣ ਦੇ ਬਾਰੇ ਵਿੱਚ ਸੁਣਦੇ ਹੋ ਪਰ ਹੋ ਸਕਦਾ ਹੈ ਕਿ ਤੁਸੀਂ ਹਰ ਦੱਖਣੀ ਫਿਲਮ ਦੇ ਬਾਰੇ ਵਿੱਚ ਨਹੀਂ ਸੁਣਿਆ ਹੋਵੇਗਾ। ਮੀਡੀਆ ਨੂੰ ਦਿੱਤੇ ਇੰਟਰਵਿਊ 'ਚ ਅਦਾਕਾਰਾ ਨੇ ਕਿਹਾ ਕਿ ਸਭ ਤੋਂ ਪਹਿਲਾਂ ਇਸ ਨੂੰ ਭਾਰਤੀ ਫਿਲਮ ਕਹੋ। ਜਦੋਂ ਸਾਡੇ ਦਰਸ਼ਕ ਪੈਨ ਇੰਡੀਆ ਹਨ ਤਾਂ ਉੱਤਰ, ਦੱਖਣ ਅਤੇ ਪੂਰਬ-ਪੱਛਮ ਕਿਉਂ?