ਚੰਡੀਗੜ੍ਹ: ਪੰਜਾਬੀ ਫਿਲਮਾਂ ਦੇ ਨਾਲ-ਨਾਲ ਨਾਟਕ ਅਤੇ ਸਾਹਿਤ ਗਲਿਆਰਿਆਂ ਵਿੱਚ ਬਰਾਬਰਤਾ ਨਾਲ ਆਪਣੀ ਪ੍ਰਭਾਵੀ ਮੌਜ਼ੂਦਗੀ ਦਾ ਇਜ਼ਹਾਰ ਲਗਾਤਾਰ ਕਰਵਾ ਰਹੇ ਹਨ ਰਾਣਾ ਰਣਬੀਰ, ਜੋ ਪੁਸਤਕ 'ਜ਼ਿੰਦਗੀ ਜ਼ਿੰਦਾਬਾਦ' ਨਾਲ ਇਕ ਵਾਰ ਫਿਰ ਪਾਠਕਾਂ ਅਤੇ ਆਪਣੇ ਚਾਹੁੰਣ ਵਾਲਿਆਂ ਦੇ ਸਨਮੁੱਖ ਹੋਣ ਜਾ ਰਹੇ ਹਨ, ਜਿੰਨਾਂ ਦੀ ਲਿਖੀ ਇਹ ਪੁਸਤਕ 16ਵੇਂ ਸੰਸਕਰਣ ਦੇ ਰੂਪ ਵਿੱਚ ਸਾਹਮਣੇ ਆਉਣ ਜਾ ਰਹੀ ਹੈ।
ਹਾਲ ਹੀ ਵਿੱਚ ਦੁਨੀਆ ਭਰ ਵਿੱਚ ਆਪਣੇ ਮੰਚਿਤ ਅਤੇ ਨਿਰਦੇਸ਼ਿਤ ਕੀਤੇ ਨਾਟਕ 'ਮਾਸਟਰ ਜੀ' ਨੂੰ ਲੈ ਕੇ ਕਾਫ਼ੀ ਚਰਚਾ ਅਤੇ ਸ਼ਲਾਘਾ ਹਾਸਿਲ ਕਰ ਚੁੱਕੇ ਹਨ ਇਹ ਬਾਕਮਾਲ ਅਦਾਕਾਰ-ਲੇਖਕ ਅਤੇ ਨਿਰਦੇਸ਼ਕ, ਜਿੰਨਾਂ ਵੱਲੋਂ ਲਿਖੇ ਅਤੇ ਨਿਰਦੇਸ਼ਨ ਕੀਤੇ ਉਕਤ ਸੰਦੇਸ਼ਮਕ ਨਾਟਕ ਨੂੰ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆਂ, ਇੰਗਲੈਂਡ ਤੋਂ ਇਲਾਵਾ ਭਾਰਤ ਦੇ ਵੱਖ-ਵੱਖ ਹਿੱਸਿਆਂ ਅਤੇ ਪੰਜਾਬ ਵਿੱਚ ਸਫ਼ਲਤਾ ਅਤੇ ਭਰਵਾਂ ਦਰਸ਼ਕ ਹੁੰਗਾਰਾ ਮਿਲਿਆ ਹੈ।
ਓਧਰ ਜੇਕਰ ਵਰਕਫਰੰਟ ਦੀ ਗੱਲ ਕਰੀਏ ਤਾਂ ਪੰਜਾਬੀ ਸਿਨੇਮਾ ਦੇ ਇਹ ਅਜ਼ੀਮ ਅਦਾਕਾਰ ਲੇਖਕ ਅਤੇ ਫਿਲਮਕਾਰ ਆਪਣੀ ਨਵੀਂ ਪੰਜਾਬੀ ਫਿਲਮ 'ਮਨਸੂਬਾ' ਵੀ ਜਲਦ ਰਿਲੀਜ਼ ਕਰਨ ਜਾ ਰਹੇ ਹਨ, ਜਿਸ ਵਿੱਚ ਸਰਦਾਰ ਸੋਹੀ, ਮਲਕੀਤ ਰੌਣੀ ਸਮੇਤ ਪਾਲੀਵੁੱਡ ਦੇ ਕਈ ਨਾਮਵਰ ਐਕਟਰਜ਼ ਲੀਡਿੰਗ ਕਿਰਦਾਰ ਅਦਾ ਕਰ ਰਹੇ ਹਨ।
'ਅੰਸ਼ ਪ੍ਰੋਡੋਕਸ਼ਨ ਅਤੇ ਫਰਸਾਈਟ ਸਟੂਡਿਓਜ਼' ਵੱਲੋਂ 'ਓਮਜੀ ਸਿਨੇ ਵਰਲਡ' ਦੇ ਸੁਯੰਕਤ ਨਿਰਮਾਣ ਅਧੀਨ ਬਣਾਈ ਗਈ ਇਸ ਫਿਲਮ ਦੀ ਜਿਆਦਾਤਰ ਸ਼ੂਟਿੰਗ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਖੇਤਰ ਵਿੱਚ ਹੀ ਸੰਪੂਰਨ ਕੀਤੀ ਗਈ ਹੈ, ਜਿਸ ਦੇ ਕਹਾਣੀਕਾਰ ਤੋਂ ਲੈ ਕੇ ਸਿਨੇਮਾਟੋਗ੍ਰਾਫ਼ਰੀ ਅਤੇ ਗੀਤ ਸੰਗੀਤ ਹਰ ਪੱਖ 'ਤੇ ਰਾਣਾ ਰਣਬੀਰ ਅਤੇ ਉਨਾਂ ਦੀ ਪੂਰੀ ਟੀਮ ਵੱਲੋਂ ਕਾਫ਼ੀ ਮਿਹਨਤ ਕੀਤੀ ਗਈ ਹੈ।
ਉਕਤ ਪੁਸਤਕ ਦੇ ਨਵੇਂ ਜਾਰੀ ਹੋ ਰਹੇ ਸੰਸਕਰਣ ਨੂੰ ਲੈ ਕੇ ਵੀ ਇੰਨੀਂ ਦਿਨੀਂ ਬੇਹੱਦ ਖੁਸ਼ ਅਤੇ ਉਤਸ਼ਾਹਿਤ ਹਨ ਇਹ ਬੇਤਹਰੀਨ ਅਦਾਕਾਰ, ਲੇਖਕ, ਨਿਰਦੇਸ਼ਕ ਅਤੇ ਸਾਹਿਤਕਾਰ, ਜਿੰਨਾਂ ਨੇ ਆਪਣੇ ਮਨ ਦੇ ਵਲਵਲੇ ਸਾਂਝੇ ਕਰਦਿਆਂ ਕਿਹਾ ਕਿ ਜਿੰਦਾਦਿਲੀ ਨਾਲ ਜਿੰਦਗੀ ਜਿਉਣ ਦੀ ਪ੍ਰੇਰਣਾ ਦਿੰਦੀ ਇਸ ਪੁਸਤਕ ਨੂੰ ਏਨਾਂ ਭਰਵਾਂ ਹੁੰਗਾਰਾ ਮਿਲਣਾ ਉਨਾਂ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ, ਜਿਸ ਨਾਲ ਉਨਾਂ ਦੇ ਮਨ ਅੰਦਰ ਇਸ ਦਿਸ਼ਾ ਵਿਚ ਹੋਰ ਚੰਗੇਰਾ ਕਰਨ ਦਾ ਉਤਸ਼ਾਹ ਪੈਦਾ ਹੋਇਆ ਹੈ।
ਪੜਾਅ ਦਰ ਪੜਾਅ ਹੋਰ ਮਾਣਮੱਤੇ ਰਾਹਾਂ ਦਾ ਸਫ਼ਰ ਤੈਅ ਕਰ ਰਹੇ ਰਾਣਾ ਰਣਬੀਰ ਅੱਜਕੱਲ੍ਹ ਆਨ ਫਲੌਰ ਬਹੁ-ਚਰਚਿਤ ਪੰਜਾਬੀ ਫਿਲਮ 'ਜੱਟ ਐਂਡ ਜੂਲੀਅਟ 3' ਨੂੰ ਬਤੌਰ ਅਦਾਕਾਰ ਆਖਰੀ ਅਤੇ ਪ੍ਰਭਾਵੀ ਛੋਹਾਂ ਦੇ ਰਹੇ ਹਨ, ਜਿਸ ਵਿੱਚ ਉਹ ਇਕ ਵਾਰ ਫਿਰ ਆਪਣੇ ਪਾਪੂਲਰ ਕਿਰਦਾਰ ਸ਼ੈਂਪੀ ਸਿੰਘ ਨੂੰ ਅਦਾ ਕਰਦੇ ਵਿਖਾਈ ਦੇਣਗੇ।