ਚੰਡੀਗੜ੍ਹ: 'ਡਰਾਮਾ ਕੁਈਨ' ਰਾਖੀ ਸਾਵੰਤ ਆਏ ਦਿਨ ਸੁਰਖ਼ੀਆਂ ਵਿੱਚ ਰਹਿੰਦੀ ਹੈ, ਕਦੇ ਆਪਣੀਆਂ ਵੀਡੀਓਜ਼ ਕਰਕੇ, ਕਦੇ ਆਪਣੀਆਂ ਅਦਾਵਾਂ ਕਾਰਨ। ਇਸੇ ਤਰ੍ਹਾਂ ਇੰਨੀਂ ਦਿਨੀਂ ਇਹ 'ਡਰਾਮਾ ਕੁਈਨ' ਪੰਜਾਬ ਦੇ ਖੂਬਸੂਰਤ ਸ਼ਹਿਰ ਚੰਡੀਗੜ੍ਹ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਸ਼ੂਟ ਕਰਨ ਵਿੱਚ ਰੁੱਝੀ ਹੋਈ ਹੈ। ਇਥੇ ਰਾਖੀ ਗਾਇਕਾ ਅਫ਼ਸਾਨਾ ਖਾਨ ਦੇ ਗੀਤ ਵਿੱਚ ਬਤੌਰ ਮਾਡਲ ਨਜ਼ਰ ਆਵੇਗੀ, ਇਸ ਗੀਤ ਦਾ ਨਾਂ 'ਮੁਹੱਲ਼ਾ' ਹੈ।
ਇਸ ਦੌਰਾਨ ਰਾਖੀ ਨੇ ਪੰਜਾਬੀ ਸੂਟ ਪਾ ਕੇ ਵੀਡੀਓ ਸਾਂਝੀ ਕੀਤੀ, ਵੀਡੀਓ ਵਿੱਚ ਰਾਖੀ ਪੰਜਾਬੀ ਬੋਲਦੀ ਨਜ਼ਰ ਆ ਰਹੀ ਹੈ। ਰਾਖੀ ਨੇ ਦੱਸਿਆ ਕਿ ਉਸ ਦੀ ਕਾਫੀ ਸਮੇਂ ਤੋਂ ਇੱਛਾ ਸੀ ਪੰਜਾਬ ਆਉਣ ਦੀ, ਹੁਣ ਇਹ ਇੱਛਾ ਪੂਰੀ ਹੋਈ ਹੈ, ਇਸ ਤੋਂ ਇਲਾਵਾ ਰਾਖੀ ਨੇ ਪੰਜਾਬੀਆਂ ਦੀ ਕਾਫੀ ਤਾਰੀਫ਼ ਕੀਤੀ।
ਇੱਕ ਹੋਰ ਵੀਡੀਓ ਵਿੱਚ ਰਾਖੀ ਅਫ਼ਸਾਨਾ ਖਾਨ ਨਾਲ ਮਸਤੀ ਕਰਦੀ ਨਜ਼ਰ ਆ ਰਹੀ ਹੈ, ਵੀਡੀਓ ਵਿੱਚ ਰਾਖੀ ਨੇ ਪੰਜਾਬੀ ਸੂਟ ਪਾਇਆ ਹੋਇਆ ਹੈ ਅਤੇ ਕਹਿ ਰਹੀ ਹੈ ਕਿ ਮੈਂ ਪੰਜਾਬੀ ਸੂਟ ਵਿੱਚ ਬਹੁਤ ਸੋਹਣੀ ਲੱਗ ਰਹੀ ਆ ਅਤੇ ਸਾਰਿਆਂ ਦੀ ਨਜ਼ਰ ਮੇਰੇ 'ਤੇ ਹੀ ਹੈ। ਇਸ ਦੇ ਨਾਲ ਹੀ ਰਾਖੀ ਨੇ ਅਫ਼ਸਾਨਾ ਨੂੰ ਕਿਹਾ ਕਿ ਉਹ ਮੇਰੇ ਲਈ ਪੰਜਾਬੀ ਮੁੰਡਾ ਲੱਭੇ, ਕਿਉਂਕਿ ਮੈਂ ਪੰਜਾਬ ਵਿੱਚ ਹੀ ਵਿਆਹ ਕਰਨਾ ਚਾਹੁੰਦੀ ਆ।'
ਅੱਗੇ ਅਫ਼ਸਾਨਾ ਕਹਿੰਦੀ ਹੈ ਕਿ 'ਅਸੀਂ ਤੇਰੇ ਲਈ ਵਿਚੋਲਾ ਲੱਭ ਦੇ ਆ', ਫਿਰ ਰਾਖੀ ਮਸਤੀ ਵਿੱਚ ਕਹਿੰਦੀ ਹੈ ਕਿ 'ਵਿਚੋਲਾ ਕੌਣ ਹੁੰਦਾ'? ਫਿਰ ਉਹ ਖੁਦ ਹੀ ਜੁਆਬ ਦਿੰਦੀ ਹੈ 'ਵਿਆਹ ਦੇ ਖਰਚੇ ਦਾ ਬਿੱਲ ਭਰ ਵਾਲਾ ਹੁੰਦਾ ਹੈ ਵਿਚੋਲਾ, ਅੱਛਾ ਫਿਰ ਲੱਭੋ ਮੇਰੇ ਲਈ ਵਿਚੋਲਾ'।
ਉਲੇਖਯੋਗ ਹੈ ਕਿ ਰਾਖੀ ਅਤੇ ਅਫ਼ਸਾਨਾ ਦੀ ਦੋਸਤੀ ਕਾਫੀ ਸਮੇਂ ਤੋਂ ਹੈ, ਅਫ਼ਸਾਨਾ ਨੇ ਰਾਖੀ ਨੂੰ ਆਪਣੇ ਵਿਆਹ ਉਤੇ ਵੀ ਬੁਲਾਇਆ ਸੀ। ਉਸ ਤੋਂ ਬਾਅਦ ਰਾਖੀ ਹੁਣ ਪੰਜਾਬ ਆਈ ਹੈ।