ਹੈਦਰਾਬਾਦ: ਪੰਜਾਬੀ ਫਿਲਮ ਜਗਤ ਵਿੱਚ ਆਏ ਦਿਨ ਨਵੇਂ ਕਲਾਕਾਰ ਡੈਬਿਊ ਕਰਦੇ ਰਹਿੰਦੇ ਹਨ, ਜਿਵੇਂ ਕਿ ਪਿਛਲੇ ਸਾਲ ਗਿੱਪੀ ਗਰੇਵਾਲ ਨਾਲ ਫਿਲਮ 'ਹਨੀਮੂਨ' ਕਰਨ ਵਾਲੀ ਜੈਸਮੀਨ ਭਸੀਨ ਨੇ ਆਪਣਾ ਪੰਜਾਬੀ ਫਿਲਮੀ ਕਰੀਅਰ ਸ਼ੁਰੂ ਕੀਤਾ ਸੀ ਅਤੇ ਹੁਣ ਖ਼ਬਰ ਆ ਰਹੀ ਹੈ ਕਿ ਬਾਲੀਵੁੱਡ ਗਲਿਆਰਿਆਂ ’ਚ ਡਰਾਮਾ ਕੁਈਨ ਵਜੋਂ ਜਾਣੀ ਜਾਂਦੀ ਰਾਖੀ ਸਾਵੰਤ ਦੇ ਛੋਟੇ ਭਰਾ ਰਾਕੇਸ਼ ਸਾਵੰਤ ਬਤੌਰ ਨਿਰਦੇਸ਼ਕ ਕਈ ਚਰਚਿਤ ਫ਼ਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ ਅਤੇ ਹੁਣ ਉਹ ਪੰਜਾਬੀ ਫ਼ਿਲਮ ਨਾਲ ਪਾਲੀਵੁੱਡ ’ਚ ਫ਼ਿਲਮਕਾਰ ਦੇ ਤੌਰ 'ਤੇ ਨਵੀਂ ਪਾਰੀ ਸ਼ੁਰੂ ਕਰਨ ਜਾ ਰਹੇ ਹਨ।
ਇਸੇ ਪ੍ਰੋਜੈਕਟ ਸੰਬੰਧੀ ਗੱਲਬਾਤ ਕਰਦਿਆਂ ਨਿਰਦੇਸ਼ਕ ਰਾਕੇਸ਼ ਦੱਸਦੇ ਹਨ ਕਿ ਉਨ੍ਹਾਂ ਦੀ ਪੰਜਾਬੀ ਫ਼ਿਲਮ ਬਣਾਉਣ ਦੀ ਕਾਫ਼ੀ ਸਮੇਂ ਤੋਂ ਇੱਛਾ ਸੀ, ਜਿਸ ਦੇ ਮੱਦੇਨਜ਼ਰ ਉਹ ਇਕ ਨਿਵੇਕਲੀ ਕਹਾਣੀ ਅਤੇ ਸੈਟਅੱਪ ਦੀ ਤਾਲਾਸ਼ ਵਿਚ ਸਨ, ਜੋ ਹੁਣ ਉਹਨਾਂ ਨੂੰ ਮਿਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਇਹ ਫ਼ਿਲਮ ਦੇਸ਼ਭਗਤੀ ਆਧਾਰਿਤ ਹੋਵੇਗੀ, ਜਿਸ ਨੂੰ ਜੰਮੂ ਕਸ਼ਮੀਰ ਦੀਆਂ ਮਨਮੋਹਕ ਲੋਕੇਸ਼ਨਾਂ 'ਤੇ ਫ਼ਿਲਮਾਇਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਫ਼ਿਲਮ ਨੂੰ ਪ੍ਰਭਾਵੀ ਬਣਾਉਣ ਲਈ ਇਸ ਫ਼ਿਲਮ ਵਿਚ ਪੰਜਾਬੀ ਅਤੇ ਹਿੰਦੀ ਸਿਨੇਮਾਂ ਦੇ ਕਈ ਵੱਡੇ ਚਿਹਰੇ ਸ਼ਾਮਿਲ ਕੀਤੇ ਜਾ ਰਹੇ ਹਨ, ਜਿਸ ਲਈ ਗੱਲਬਾਤ ਤਕਰੀਬਨ ਆਖਰੀ ਪੜ੍ਹਾਅ 'ਤੇ ਹੈ। ਉਨ੍ਹਾਂ ਦੱਸਿਆ ਕਿ ਇਸ ਫ਼ਿਲਮ ਦੇ ਪਹਿਲੇ ਲੁੱਕ ਦਾ ਰਸਮੀ ਐਲਾਨ ਅਗਲੇ ਦਿਨ੍ਹਾਂ ਵਿਚ ਚੰਡੀਗੜ੍ਹ ਅਤੇ ਮੁੰਬਈ ਵਿਖੇ ਕੀਤਾ ਜਾ ਰਿਹਾ ਹੈ, ਜਿਸ ਤੋਂ ਬਾਅਦ ਇਸ ਫ਼ਿਲਮ ਦਾ 30 ਤੋਂ 40 ਰੋਜ਼ਾਂ 'ਸਟਾਰਟ ਟੂ ਫ਼ਿਨਿਸ਼' ਸ਼ਡਿਊਲ ਕਸ਼ਮੀਰ ਵਿਚ ਸ਼ੁਰੂ ਕਰ ਦਿੱਤਾ ਜਾਵੇਗਾ।