ਚੰਡੀਗੜ੍ਹ: ਪੰਜਾਬ ਦੇ ਮਾਲਵਾ ਖਿੱਤੇ ਦੇ ਨਾਲ ਸੰਬੰਧਤ ਕਈ ਸ਼ਖਸ਼ੀਅਤਾਂ ਅਤੇ ਕਲਾਕਾਰਾਂ ਨੇ ਇਥੋਂ ਦੇ ਨਾਂਅ ਨੂੰ ਰੋਸ਼ਨਾਉਣ ਕਰਨ ਵਿੱਚ ਸਮੇਂ ਦਰ ਸਮੇਂ ਅਹਿਮ ਭੂਮਿਕਾ ਨਿਭਾਈ ਹੈ, ਜਿੰਨਾਂ ਦੀਆਂ ਹੀ ਪਾਈਆਂ ਮਜ਼ਬੂਤ ਪੈੜਾਂ ਨੂੰ ਹੋਰ ਗੂੜੇ ਨਕਸ਼ ਦੇ ਰਹੀ ਹੈ ਨੌਜਵਾਨ ਅਤੇ ਪ੍ਰਤਿਭਾਸ਼ਾਲੀ ਅਦਾਕਾਰਾ ਰਾਜਵੀਰ ਕੌਰ, ਜੋ ਵੈੱਬ-ਸੀਰੀਜ਼ ਲਘੂ ਫਿਲਮਾਂ ਤੋਂ ਬਾਅਦ ਹੁਣ ਸਿਨੇਮਾ ਜਗਤ ਵਿੱਚ ਆਪਣੀ ਵਿਲੱਖਣ ਅਤੇ ਸਫ਼ਲ ਪਹਿਚਾਣ ਸਥਾਪਿਤ ਕਰ ਲੈਣ ਦਾ ਪੈਂਡਾ ਤੇਜ਼ੀ ਨਾਲ ਅਤੇ ਸਫਲਤਾਪੂਰਵਕ ਸਰ ਕਰਦੀ ਜਾ ਰਹੀ ਹੈ।
ਜ਼ਿਲ੍ਹਾਂ ਮੋਗਾ ਅਧੀਨ ਆਉਂਦੇ ਕਸਬਾ ਸੇਖਾ ਕਲਾ ਨਾਲ ਸੰਬੰਧਤ ਪੜ੍ਹੇ ਲਿਖੇ ਪਰਿਵਾਰ ਨਾਲ ਤਾਲੁਕ ਰੱਖਦੀ ਹੈ ਇਹ ਬਾਕਮਾਲ ਅਦਾਕਾਰਾ, ਜੋ ਸੰਤ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ ਬਾਘਾਪੁਰਾਣਾ ਦੀ ਹੋਣਹਾਰ ਵਿਦਿਆਰਥਣ ਹੋਣ ਦਾ ਮਾਣ ਵੀ ਆਪਣੀ ਝੋਲੀ ਪਾ ਚੁੱਕੀ ਹੈ।
ਬਚਪਨ ਸਮੇਂ ਤੋਂ ਹੀ ਅਦਾਕਾਰੀ ਦੀ ਚੇਟਕ ਰੱਖਣ ਵਾਲੀ ਇਹ ਉਮਦਾ ਅਦਾਕਾਰਾ ਆਪਣੀ ਕਾਲਜ ਟੀਮ ਦੀ ਪ੍ਰਤੀਨਿਧਤਾ ਕਰਦਿਆਂ ਕਈ ਸੱਭਿਆਚਾਰਕ ਅਤੇ ਅਕਾਦਮਿਕ ਅਤੇ ਨਾਟਕ ਮੁਕਾਬਲਿਆਂ ਵਿੱਚ ਵੀ ਮੋਹਰੀ ਰਹਿਣ ਦਾ ਫ਼ਖਰ ਹਾਸਿਲ ਕਰ ਚੁੱਕੀ ਹੈ।
ਹਾਲ ਹੀ ਵਿੱਚ ਰਿਲੀਜ਼ ਹੋਏ ਕਈ ਪ੍ਰੋਜੈਕਟਸ ਦੁਆਰਾ ਖਾਸੀ ਚਰਚਾ ਅਤੇ ਸਲਾਹੁਤਾ ਹਾਸਿਲ ਕਰ ਚੁੱਕੀ ਹੈ ਇਹ ਬੇਹਤਰੀਨ ਅਦਾਕਾਰਾ, ਜਿੰਨ੍ਹਾਂ ਵਿੱਚ ਰੈਬੀ ਟਿਵਾਣਾ ਨਿਰਦੇਸ਼ਤ ਸੁਪਰ-ਹਿੱਟ ਸੀਰੀਜ਼ 'ਯਾਰ ਚੱਲੇ ਬਾਹਰ', ਪੀਟੀਸੀ ਪੰਜਾਬੀ ਦਾ ਅਤਿ ਮਕਬੂਲ ਕਾਮੇਡੀ ਸ਼ੋਅ 'ਜੀ ਜਨਾਬ' ਆਦਿ ਸ਼ੁਮਾਰ ਰਹੇ ਹਨ, ਜਿੰਨ੍ਹਾਂ ਵਿਚਲੀ ਉਸ ਦੀ ਪਰਫਾਰਮੈਂਸ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਅਤੇ ਪਿਆਰ-ਸਨੇਹ ਦਿੱਤਾ ਗਿਆ ਹੈ, ਜਿਸ ਨਾਲ ਹੋਰ ਉਤਸ਼ਾਹਿਤ ਹੋਈ ਇਹ ਸ਼ਾਨਦਾਰ ਅਦਾਕਾਰਾ ਦੂਣੇ ਜੋਸ਼ ਨਾਲ ਅਦਾਕਾਰੀ ਖੇਤਰ ਵਿੱਚ ਹੋਰ ਚੰਗੇਰਾ ਕਰਨ ਵੱਲ ਜੁੱਟ ਚੁੱਕੀ ਹੈ।
ਪੜ੍ਹਾਅ ਦਰ ਪੜ੍ਹਾਅ ਹੋਰ ਨਵੇਂ ਦਿਸਹਿੱਦੇ ਸਿਰਜ ਰਹੀ ਇਸ ਬਹੁਆਯਾਮੀ ਪ੍ਰਤਿਭਾਵਾਂ ਦੀ ਧਨੀ ਅਦਾਕਾਰਾ ਆਉਣ ਵਾਲੇ ਦਿਨਾਂ ਵਿੱਚ ਕਈ ਹੋਰ ਅਹਿਮ ਪ੍ਰੋਜੈਕਟਸ ਦਾ ਹਿੱਸਾ ਬਣੀ ਨਜ਼ਰ ਆਵੇਗੀ, ਜਿੰਨਾਂ ਵਿੱਚ ਪੰਜਾਬੀ ਫਿਲਮ 'ਰੋਡੇ ਕਾਲਜ', 'ਸਿਕਸ ਈਚ' ਤੋਂ ਇਲਾਵਾ ਸ਼ੁਰੂ ਹੋਣ ਜਾ ਰਹੀ ਇੱਕ ਹੋਰ ਪੰਜਾਬੀ ਫਿਲਮ 'ਟ੍ਰੇਂਡਿੰਗ ਟੋਲੀ ਯਾਰਾਂ ਦੀ' ਵੀ ਸ਼ਾਮਿਲ ਹੈ, ਜਿੰਨਾਂ ਵਿੱਚ ਕਾਫ਼ੀ ਮਹੱਤਵਪੂਰਨ ਕਿਰਦਾਰ ਅਦਾ ਕਰਦੀ ਨਜ਼ਰੀ ਪਏਗੀ ਨਿੱਕੀ ਉਮਰੇ ਵੱਡੀਆਂ ਪ੍ਰਾਪਤੀਆਂ ਹਾਸਿਲ ਕਰਦੀ ਜਾ ਰਹੀ ਇਹ ਅਜ਼ੀਮ ਅਦਾਕਾਰਾ।