ਚੰਡੀਗੜ੍ਹ: ਪੰਜਾਬੀ ਸੰਗੀਤ ਜਗਤ ਵਿਚ ਬਤੌਰ ਗੀਤਕਾਰ ਅਤੇ ਗਾਇਕ ਵਿਲੱਖਣ ਮੁਕਾਮ ਅਤੇ ਵੱਡੇ ਨਾਂਅ ਵਜੋਂ ਆਪਣਾ ਸ਼ੁਮਾਰ ਕਰਵਾਉਣ ਵਿਚ ਸਫ਼ਲ ਰਿਹਾ ਹੈ ਮਲਵਈ ਨੌਜਵਾਨ ਰਾਜ ਰਣਜੋਧ, ਹੁਣ ਗਾਇਕ ਆਪਣੀ ਨਵੀ ਐਲਬਮ 'Be Kind Rewind' ਲੈ ਕੇ ਸਰੋਤਿਆਂ, ਦਰਸ਼ਕਾਂ ਸਨਮੁੱਖ ਹੋਣ ਜਾ ਰਿਹਾ ਹੈ, ਜਿਸ ਨੂੰ ਜਲਦ ਹੀ ਵੱਖ-ਵੱਖ ਸੰਗੀਤਕ ਪਲੇਟਫ਼ਾਰਮਜ਼ 'ਤੇ ਜਾਰੀ ਕੀਤਾ ਜਾ ਰਿਹਾ ਹੈ।
ਮਸ਼ਹੂਰ ਸੰਗੀਤਕਾਰ ਨਿੱਕ ਧੰਮੂ ਵੱਲੋਂ ਇਸ ਐਲਬਮ ਸੰਬੰਧਤ ਗਾਣਿਆਂ ਦਾ ਸੰਗੀਤ ਤਿਆਰ ਕੀਤਾ ਗਿਆ ਹੈ, ਜਦਕਿ ਇਸ ਦੇ ਪੇਸ਼ਕਾਰ ਹੋਣਗੇ ਨਵੀ ਗਿੱਲ ਆਸਟ੍ਰੇਲੀਆ, ਜਿੰਨ੍ਹਾਂ ਅਨੁਸਾਰ ਇਸ ਵਿਚ ਕੁੱਲ 7 ਗੀਤ ਸ਼ਾਮਿਲ ਕੀਤੇ ਗਏ ਹਨ, ਜੋ ਵੱਖ-ਵੱਖ ਮੂਡਜ਼ ਦੀ ਤਰਜ਼ਮਾਨੀ ਕਰਨਗੇ।
ਉਨ੍ਹਾਂ ਦੱਸਿਆ ਕਿ ਇਸੇ ਮਹੀਨੇ ਦੇ ਅੰਤ ਤੱਕ ਇਸ ਐਲਬਮ ਨੂੰ ਜਾਰੀ ਕਰ ਦਿੱਤਾ ਜਾਵੇਗਾ, ਜਿਸ ਦੇ ਮਿਊਜ਼ਿਕ ਵੀਡੀਓਜ਼ ਦਾ ਫਿਲਮਾਂਕਣ ਤੇਜ਼ੀ ਨਾਲ ਸੰਪੂਰਨ ਕੀਤਾ ਜਾ ਰਿਹਾ ਹੈ। ਪੰਜਾਬੀ ਸੰਗੀਤ ਅਤੇ ਫਿਲਮ ਖੇਤਰ ਵਿਚ ਨਵੇਂ ਦਿਸਹਿੱਦੇ ਸਿਰਜਣ ਵਿਚ ਸਫ਼ਲ ਰਹੇ ਨੌਜਵਾਨ ਗਾਇਕ-ਗੀਤਕਾਰ ਰਾਜ ਰਣਜੋਧ ਦੇ ਹੁਣ ਤੱਕ ਦੇ ਕਰੀਅਰ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਉਨਾਂ ਦੇ ਹਿੱਟ ਰਹੇ ਗੀਤਾਂ ਵਿਚ ‘ਹਿਟਲਰ’, ‘ਬਾਬਾ ਭੰਗੜ੍ਹੇ ਪਾਉਂਦੇ ਨੇ’, ‘ਲੰਦਨ’, ‘ਵਿਰਸੇ ਦੇ ਵਾਰਿਸ’, ‘ਫੇਮ’, ‘ਪਿਸ਼ੋਰੀ’, ‘ਪੁੱਠੇ ਕਮ’, ‘ਯਾਦ ਆਵੇਗੀ’, ‘ਬਿਰਹਾ ਤੂੰ ਸੁਲਤਾਨ’, ‘ਗੱਲ’, ‘ਤੂੰ ਸਮਰੱਥ’ ਆਦਿ ਸ਼ਾਮਿਲ ਰਹੇ।