ਚੰਡੀਗੜ੍ਹ: 'ਮੈਂ ਕੁੱਝੇ ਵਿੱਚ ਆਊਂਗਾ ਸਵਾਹ ਬਣਕੇ’ ਗੀਤ ਨਾਲ ਪੰਜਾਬੀ ਸੰਗੀਤ ਜਗਤ ਵਿਚ ਮਾਣਮੱਤਾ ਨਾਂਅ ਬਣ ਕੇ ਉਭਰਿਆ ਨੌਜਵਾਨ ਗੀਤਕਾਰ, ਗਾਇਕ ਰਾਜ ਰਣਜੋਧ ਅੱਜਕੱਲ ਆਪਣੇ ਹਾਲੀਆਂ ਲਿਖੇ ਅਤੇ ਜਾਰੀ ਹੋ ਚੁੱਕੇ ਗੀਤ 'ਕਲੈਸ਼' ਅਤੇ 'ਪੀੜ' ਲੋਕਪ੍ਰਿਯਤਾਂ ਦੇ ਨਵੇਂ ਆਯਾਮ ਸਿਰਜਨ ਵਿਚ ਸਫ਼ਲ ਰਿਹਾ ਹੈ, ਜਿਸ ਨੂੰ ਸਟਾਰ ਗਾਇਕ ਦਿਲਜੀਤ ਦੁਸਾਂਝ ਵੱਲੋਂ ਆਵਾਜ਼ਾਂ ਦਿੱਤੀਆਂ ਗਈਆਂ ਹਨ।
ਇਸ ਤੋਂ ਪਹਿਲਾਂ ਇਸੇ ਹੋਣਹਾਰ ਗੀਤਕਾਰ ਦੀ ਕਲਮ ਵਿੱਚੋਂ ਪੈਦਾ ਹੋਏ ਅਤੇ ਹਾਲੀਆ ਸਮੇਂ ਰਿਲੀਜ਼ ਹੋਏ ਗੀਤ 'ਆਹ ਕੀ ਹੋਇਆ' ਫਿਲਮ 'ਲਾਈਏ ਜੇ ਯਾਰੀਆਂ’ ਅਤੇ ਫਿਲਮ 'ਛੜਾ’ ਵਿਚਲੇ ਗੀਤ 'ਟੌਮੀ’ ਨੂੰ ਕਾਫ਼ੀ ਮਕਬੂਲੀਅਤ ਮਿਲੀ ਹੈ। ਪੰਜਾਬ ਦੇ ਇਤਿਹਾਸਿਕ ਸ਼ਹਿਰ ਸ੍ਰੀ ਅੰਮ੍ਰਿਤਸਰ ਵਿੱਚ ਪਿਤਾ ਲਖਵਿੰਦਰ ਸਿੰਘ ਅਤੇ ਮਾਤਾ ਗੁਰਮੀਤ ਕੌਰ ਦੇ ਘਰ ਜਨਮੇ ਤਿੰਨ ਬੱਚਿਆਂ ਵਿੱਚੋਂ ਸਭ ਤੋਂ ਛੋਟੇ ਹਨ ਰਾਜ ਰਣਜੋਧ, ਜਿੰਨ੍ਹਾਂ ਦਾ ਅਸਲ ਨਾਮ ਰਣਜੋਧ ਸਿੰਘ ਚੀਮਾ ਹੈ।
ਉਨ੍ਹਾਂ ਦੇ ਜੀਵਨ ਸਫ਼ਰ ਅਨੁਸਾਰ ਰਾਜ ਰਣਜੋਧ ਦਾ ਬਚਪਨ ਉਸਦੇ ਨਾਨਕੇ ਪਿੰਡ ਝੋਕ ਟਹਿਲ ਸਿੰਘ ਜ਼ਿਲ੍ਹਾ ਫਰੀਦਕੋਟ ਵਿੱਚ ਬੀਤਿਆ, ਜਿੱਥੋਂ ਅਗਲੇ ਜਵਾਨੀ ਪੜ੍ਹਾਅ ਅਧੀਨ ਉਹ ਕੈਨੇਡਾ ਆਪਣੀ ਭੈਣ ਕੋਲ ਜਾ ਵਸੇ ਅਤੇ ਇੱਥੇ ਰਹਿੰਦਿਆਂ ਹੀ ਉਨ੍ਹਾਂ ਆਪਣੇ ਗੀਤਕਾਰੀ ਅਤੇ ਗਾਇਕੀ ਸੁਪਨਿਆਂ ਨੂੰ ਅੰਜਾਮ ਦੇਣ ਲਈ ਲੰਮੀ ਅਤੇ ਉੱਚੀ ਪਰਵਾਜ਼ ਭਰੀ, ਜਿੰਨ੍ਹਾਂ ਦੀ ਆਪਣੇ ਸ਼ੌਂਕ ਪ੍ਰਤੀ ਜਨੂੰਨੀਅਤ ਅਤੇ ਮਿਹਨਤ ਨੇ ਆਖ਼ਿਰ ਉਨ੍ਹਾਂ ਨੂੰ ਮੌਜੂਦਾ ਸਫ਼ਲ ਮੁਕਾਮ ਤੱਕ ਪਹੁੰਚਾ ਹੀ ਦਿੱਤਾ।
ਸਾਲ 2005 ਵਿੱਚ ਉਨ੍ਹਾਂ ਦੀ ਪਹਿਲੀ ਕੈਸੇਟ 'ਵਿਰਸੇ ਦੇ ਵਾਰਿਸ਼’ 'ਸਾਰੇਗਾਮਾ' ਵੱਲੋਂ ਰਿਲੀਜ਼ ਕੀਤੀ ਗਈ, ਉਪਰੰਤ ਦੋ ਹੋਰ ਕੈਸਟਿਸ “‘ਹਿਟਲਰ’” ਅਤੇ ’ਲੰਡਨ’ ਨੇ ਉਨ੍ਹਾਂ ਨੂੰ ਇਸ ਖੇਤਰ ਵਿਚ ਸ਼ੁਰੂਆਤੀ ਸਥਾਪਤੀ ਦੇਣ ਦਾ ਅਹਿਮ ਮੁੱਢ ਬੰਨਿਆਂ।
ਪੰਜਾਬੀ ਫਿਲਮ “ਪੰਜਾਬ 1984” ਵਿੱਚ ਲਿਖੇ ਗੀਤ ‘ਸਵਾਹ ਬਣਕੇ' ਨੇ ਇਸ ਸੰਗੀਤਕ ਖੇਤਰ ਹੀਰੇ ਰਾਜ ਨੂੰ ਰਾਤੋ-ਰਾਤ ਇੱਕ ਚੰਗੇ ਗੀਤਕਾਰ ਦੇ ਰੂਪ ਵਿੱਚ ਮਸ਼ਹੂਰੀ ਦੇਣ ਵਿਚ ਵੀ ਮੋਹਰੀ ਯੋਗਦਾਨ ਪਾਇਆ, ਜਿਸ ਦੇ ਚਲਦਿਆਂ ਹੀ ਉਨ੍ਹਾਂ ਨੂੰ ਉਸ ਸਾਲ ਦੇ ਸਭ ਤੋਂ ਵਧੀਆ ਗੀਤਕਾਰ ਵਜੋਂ ਪੀ ਟੀ ਸੀ ਫਿਲਮ ਐਵਾਰਡ ਨਾਲ ਸਨਮਾਨਿਆ ਗਿਆ।