ਚੰਡੀਗੜ੍ਹ: ਹਿੰਦੀ ਸਿਨੇਮਾ ਖੇਤਰ ਵਿਚ ਕੁਝ ਹੀ ਸਮੇਂ ਦੌਰਾਨ ਉੱਚ ਬੁਲੰਦੀਆਂ ਹਾਸਿਲ ਕਰਨ ਵਿਚ ਸਫ਼ਲ ਰਹੇ ਲੇਖਕ-ਨਿਰਮਾਤਾ ਰਾਜ ਸ਼ਾਂਡਿਲਿਆ ਵੱਲੋਂ ਇਕੋਂ ਸਮੇਂ ਇਕੱਠੀਆਂ ਸੱਤ ਫਿਲਮਾਂ ਦਾ ਐਲਾਨ ਕਰਕੇ ਇਕ ਨਵਾਂ ਸਿਨੇਮਾ ਇਤਿਹਾਸ ਰਚ ਦਿੱਤਾ ਗਿਆ ਹੈ, ਜਿੰਨ੍ਹਾਂ ਦੇ ਇਹ ਪ੍ਰੋਜੈਕਟ ਵੱਖ-ਵੱਖ ਅਤੇ ਮੰਨੇ ਪ੍ਰਮੰਨੇ ਨਿਰਦੇਸ਼ਕਾਂ ਦੁਆਰਾ ਨਿਰਦੇਸ਼ਿਤ ਕੀਤੇ ਜਾਣਗੇ।
ਮੂਲ ਰੂਪ ਵਿਚ ਉਤਰ ਪ੍ਰਦੇਸ਼ ਦੇ ਝਾਂਸੀ ਨਾਲ ਸੰਬੰਧਤ ਹੋਣਹਾਰ ਨੌਜਵਾਨ ਰਾਜ ਸ਼ਾਂਡਿਲਿਆ, ਜਿੰਨ੍ਹਾਂ ਦਾ ਲੇਖਕ ਦੇ ਤੌਰ 'ਤੇ ਹੁਣ ਤੱਕ ਦਾ ਸਿਨੇਮਾ ਸਫ਼ਰ ਬਹੁਤ ਹੀ ਸ਼ਾਨਦਾਰ ਰਿਹਾ ਹੈ। ਬਾਲੀਵੁੱਡ ਦੇ ਪ੍ਰਤਿਭਾਵਾਨ ਨਵੀਂ ਪੀੜ੍ਹੀ ਲੇਖਕਾਂ ਵਿਚ ਆਪਣਾ ਨਾਂ ਦਰਜ ਕਰਵਾਉਂਦੇ ਇਸ ਬੇਹਤਰੀਨ ਲੇਖਕ ਦੇ ਹਾਲੀਆ ਲਿਖੇ ਪ੍ਰੋਜੈਕਟਸ਼ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਇੰਨ੍ਹਾਂ ਵਿਚ ‘ਵੈਲਕਮ ਬੈਕ’, ‘ਭੂਮੀ’, ‘ਭਈਆਂ ਜੀ ਸੁਪਰਹਿੱਟ’, ‘ਜਾਬਰੀਆਂ ਜੋੜੀ’ ਆਦਿ ਜਿਹੀਆਂ ਚਰਚਿਤ ਅਤੇ ਕਾਮਯਾਬ ਫਿਲਮਾਂ ਤੋਂ ਇਲਾਵਾ ਛੋਟੇ ਪਰਦੇ ਲਈ ਲੇਖਨ ਕੀਤੇ ‘ਕਾਮੇਡੀ ਸਰਕਸ’, ‘ਫ਼ਰਹਾ ਕੀ ਦਾਵਤ’ ਆਦਿ ਸ਼ਾਮਿਲ ਰਹੇ ਹਨ।
ਮੁੰਬਈ ਨਗਰੀ ’ਚ ਮਾਣ ਅਤੇ ਕਾਮਯਾਬੀ ਭਰੇ ਪੈਂਡਿਆਂ ਵੱਲ ਵੱਧ ਰਹੇ ਰਾਜ ਦੇ ਫਿਲਮ ਕਰੀਅਰ ਲਈ ਹਾਲੀਆ ਲਿਖੀ ਅਤੇ ਨਿਰਦੇਸ਼ਿਤ ਕੀਤੀ ਪਹਿਲੀ ਫਿਲਮ ‘ਡਰੀਮ ਗਰਲ’ ਉਨ੍ਹਾਂ ਲਈ ਟਰਨਿੰਗ ਪੁਆਇੰਟ ਸਾਬਿਤ ਹੋਈ ਹੈ, ਜਿਸ ਦਾ ਨਿਰਮਾਣ ਏਕਤਾ ਕਪੂਰ, ਸ਼ੋਭਾ ਕਪੂਰ ਵੱਲੋਂ ਆਪਣੇ ਘਰੇਲੂ ‘ਬਾਲਾਜੀ ਮੋਸ਼ਨ ਪਿਕਚਰਜ਼’ ਅਤੇ ‘ਅਲਟ ਇੰਟਰਟੇਨਮੈਂਟ’ ਦੇ ਬੈਨਰ ਹੇਠ ਕੀਤਾ ਗਿਆ।
ਦੇਸ਼, ਵਿਦੇਸ਼ ਵਿਚ ਇਸ ਫਿਲਮ ਨੂੰ ਮਿਲੀ ਅਪਾਰ ਕਾਮਯਾਬੀ ਨੇ ਕੁਝ ਹੀ ਦਿਨ੍ਹਾਂ ’ਚ ਉਨ੍ਹਾਂ ਨੂੰ ਉਸ ਉਚ ਮੁਕਾਮ 'ਤੇ ਪਹੁੰਚਾ ਦਿੱਤਾ ਹੈ, ਜਿਸ ਦੀ ਉਮੀਦ ਉਹ ਪਿਛਲੇ ਕਈ ਸਾਲਾਂ ਤੋਂ ਕਰ ਰਹੇ ਸਨ। ਬਾਲੀਵੁੱਡ ਦੀਆਂ ਬਹੁ-ਕਾਰੋਬਾਰ ਕਰਨ ਵਾਲੀਆਂ ਫਿਲਮਾਂ ਵਿਚ ਸ਼ੁਮਾਰ ਹੋਈ ‘ਡਰੀਮ ਗਰਲ’ ਤੋਂ ਬਾਅਦ ਰਾਜ ਅੱਜਕੱਲ ‘ਡਰੀਮ ਗਰਲ 2’ ਦਾ ਲੇਖਨ ਅਤੇ ਨਿਰਦੇਸ਼ਨ ਤਾਂ ਕਰ ਹੀ ਰਹੇ ਹਨ, ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਆਪਣੇ ਨਿਰਮਾਣ ਹਾਊਸ ‘ਥਿੰਕ ਪਿੰਕਚਰਜ਼’ ਦੀ ਵੀ ਸ਼ੁਰੂਆਤ ਕੀਤੀ ਜਾ ਚੁੱਕੀ ਹੈ, ਜਿਸ ਅਧੀਨ ਹਾਲ ਹੀ ਵਿਚ ਨਿਰਮਿਤ ਕੀਤੀਆਂ ‘ਜਨਹਿਤ ਮੇਂ ਜਾਰੀ’ ਕਾਫ਼ੀ ਸਲਾਹੁਤਾ ਅਤੇ ਕਾਮਯਾਬੀ ਹਾਸਿਲ ਕਰ ਚੁੱਕੀ ਹੈ।
ਲੇਖਕ ਤੋਂ ਬਾਅਦ ਨਿਰਦੇਸ਼ਕ ਦੇ ਤੌਰ 'ਤੇ ਨਵੇਂ ਦਿਸਹਿੱਦੇ ਸਿਰਜ ਰਹੇ ਰਾਜ ਹੁਣ ਮਾਇਆਨਗਰੀ ਮੁੰਬਈ ਦੇ ਪਹਿਲੇ ਅਜਿਹੇ ਨਿਰਮਾਤਾ ਹੋਣ ਦਾ ਫ਼ਖਰ ਵੀ ਹਾਸਿਲ ਕਰ ਗਏ ਹਨ, ਜਿੰਨ੍ਹਾਂ ਵੱਲੋਂ ਇਕੱਠੀਆਂ ਸੱਤ ਫਿਲਮਾਂ ਦੀ ਘੋਸ਼ਣਾ ਕਰਕੇ ਹਿੰਦੀ ਸਿਨੇਮਾ ਖਿੱਤੇ ’ਚ ਇਕ ਨਵੇਂ ਸਿਨੇਮਾ ਅਧਿਆਏ ਨੂੰ ਸਿਰਜਣ ਦਾ ਮਾਣ ਆਪਣੀ ਝੋਲੀ ਪਾ ਲਿਆ ਗਿਆ ਹੈ। ਉਨ੍ਹਾਂ ਵੱਲੋਂ ਉਕਤ ਐਲਾਨ ਕੀਤੀਆਂ ਫਿਲਮਾਂ ਦੀ ਰੂਪਰੇਖ਼ਾ ਵੱਲ ਝਾਤ ਮਾਰੀ ਜਾਵੇ ਤਾਂ ਇੰਨ੍ਹਾਂ ਵਿਚ ‘ਰਾਮਲਾਲੀ’, ‘ਅਰਬੀ ਕਲਿਆਣਮ’, ‘ ਗੁਗਲੀ’, ‘ਕੰਨਿਆ ਕੁਮਾਰ’, ‘ਕੈਮੀਕਲ ਇੰਡੀਆ’, ‘ਕੁਆਕ ਸ਼ੰਭੂ, ‘ਲੜਕੀਵਾਲੇ-ਲੜਕੇਵਾਲੇ’ ਸ਼ਾਮਿਲ ਹਨ, ਜਿੰਨ੍ਹਾਂ ਦਾ ਨਿਰਦੇਸ਼ਨ ਕ੍ਰਮਵਾਰ ਉਮੰਗ ਕੁਮਾਰ, ਸ੍ਰੀ ਨਰਾਇਣ ਸਿੰਘ, ਸੰਜੇ ਗਡਵੀ, ਰਾਜੀਵ ਢੀਗਰਾਂ, ਜਯ ਬਸੰਤੂ ਸਿੰਘ ਕਰਨਗੇ।