ਲੁਧਿਆਣਾ:ਪਿਛਲੇ ਦਿਨੀਂਸਿਹਤ ਖ਼ਰਾਬ ਹੋਣ ਕਾਰਨ ਪੰਜਾਬੀ ਗਾਇਕ ਸੁਰਿੰਦਰ ਛਿੰਦਾ ਨੂੰ ਲੁਧਿਆਣਾ ਦੇ ਦੀਪ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ ਅਤੇ ਉਨ੍ਹਾਂ ਦੇ ਬੇਟੇ ਮਨਿੰਦਰ ਛਿੰਦਾ ਨੇ ਸਿਹਤ ਦੀ ਅਪਡੇਟ ਦਿੱਤੀ ਸੀ ਅਤੇ ਆਪਣੇ ਪਿਤਾ ਦੀ ਮੌਤ ਦੀਆਂ ਸਾਰੀਆਂ ਅਫਵਾਹਾਂ ਨੂੰ ਸਾਫ਼ ਕਰ ਦਿੱਤਾ ਸੀ। ਮਨਿੰਦਰ ਛਿੰਦਾ ਨੇ ਆਪਣੇ ਪਿਤਾ ਦੇ ਅਧਿਕਾਰਤ ਪੇਜ ਤੋਂ ਫੇਸਬੁੱਕ 'ਤੇ ਲਾਈਵ ਹੋ ਕੇ ਸਪੱਸ਼ਟ ਕੀਤਾ ਸੀ ਕਿ ਉਨ੍ਹਾਂ ਦੇ ਪਿਤਾ ਵੈਂਟੀਲੇਟਰ 'ਤੇ ਨਹੀਂ ਹਨ। ਮਨਿੰਦਰ ਸ਼ਿੰਦਾ ਨੇ ਕਿਹਾ ਸੀ "ਉਸਨੂੰ ਕਾਫੀ ਸਮੇਂ ਤੋਂ ਇਲਾਜ ਦੀ ਲੋੜ ਸੀ ਅਤੇ ਇਸ ਲਈ ਉਸਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।"
ਪਰ ਹੁਣ ਕਿਹਾ ਜਾ ਰਿਹਾ ਹੈ ਕਿ ਗਾਇਕ ਦੀ ਹਾਲਤ ਕਾਫ਼ੀ ਨਾਜ਼ੁਕ ਬਣੀ ਹੋਈ ਹੈ। ਹਸਪਤਾਲ ਦੇ ਡਾਕਟਰਾਂ ਵੱਲੋਂ ਉਹਨਾਂ ਦਾ ਇੱਕ ਹੋਰ ਓਪਰੇਸ਼ਨ ਕੀਤਾ ਗਿਆ ਹੈ। ਉਨ੍ਹਾਂ ਨੂੰ ਫੂਡ ਪਾਈਪ ਕਰਕੇ ਇਨਫੈਕਸ਼ਨ ਹੋ ਗਈ ਸੀ। ਜਿਸ ਕਾਰਨ ਗਾਇਕ ਦੀ ਹਾਲਤ ਹਾਲੇ ਵੀ ਨਾਜ਼ੁਕ ਹੈ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਉਹਨਾਂ ਦੇ ਪੁਰਾਣੇ ਸਾਥੀ ਅਮਰਜੀਤ ਸਿੰਘ ਟਿੱਕਾ ਨੇ ਦੱਸਿਆ ਹੈ ਕਿ 'ਜਦੋਂ ਹੰਸ ਰਾਜ ਉਹਨਾਂ ਨੂੰ ਮਿਲਣ ਆਏ ਸਨ, ਉਦੋਂ ਉਨ੍ਹਾਂ ਦੀ ਹਾਲਤ ਠੀਕ ਸੀ, ਪਰ ਹੁਣ ਉਹਨਾਂ ਦੀ ਹਾਲਤ ਕਾਫੀ ਨਾਜ਼ੁਕ ਬਣੀ ਹੋਈ ਹੈ।' ਟਿੱਕਾ ਨੇ ਸੁਰਿੰਦਰ ਸ਼ਿੰਦਾ ਦੇ ਪ੍ਰਸ਼ੰਸ਼ਕਾਂ ਨੂੰ ਉਨ੍ਹਾਂ ਦੀ ਸਿਹਤਯਾਬੀ ਲਈ ਰੱਬ ਅੱਗੇ ਅਰਦਾਸ ਕਰਨ ਦੀ ਅਪੀਲ ਕੀਤੀ ਹੈ। ਟਿੱਕਾ ਨੇ ਅੱਗੇ ਕਿਹਾ ਕਿ ਸੀਨੀਅਰ ਡਾਕਟਰਾਂ ਦੀ ਟੀਮ ਉਨ੍ਹਾਂ ਦਾ ਇਲਾਜ ਕਰ ਰਹੀ ਹੈ, ਪਰ ਉਨ੍ਹਾਂ ਨੂੰ ਇਲਾਜ ਦੇ ਨਾਲ ਅਰਦਾਸ ਦੀ ਬੇਹੱਦ ਲੋੜ ਹੈ।
ਤੁਹਾਨੂੰ ਦੱਸ ਦਈਏ ਕਿ ਪੰਜਾਬੀ ਗਾਇਕ ਸੁਰਿੰਦਰ ਛਿੰਦਾ ਬੀਤੇ ਕਈ ਦਿਨਾਂ ਤੋਂ ਲੁਧਿਆਣਾ ਦੇ ਦੀਪ ਹਸਪਤਾਲ ਦੇ ਵਿੱਚ ਇਲਾਜ ਕਰਵਾ ਰਹੇ ਹਨ। ਸੀਨੀਅਰ ਡਾਕਟਰਾਂ ਦੀ ਟੀਮ ਉਹਨਾਂ ਦਾ ਇਲਾਜ ਕਰ ਰਹੀ ਹੈ, ਦਰਅਸਲ ਉਹਨਾਂ ਨੂੰ ਇਨਫੈਕਸ਼ਨ ਹੋਣ ਦੇ ਕਾਰਨ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਇਸ ਤੋਂ ਪਹਿਲਾਂ ਵੀ ਉਹਨਾਂ ਦਾ ਓਪਰੇਸ਼ਨ ਹੋਇਆ ਸੀ। ਸੁਰਿੰਦਰ ਛਿੰਦਾ ਦਾ ਹੁਣ ਮੁੜ ਤੋਂ ਗਲੇ ਦਾ ਓਪਰੇਸ਼ਨ ਕੀਤਾ ਗਿਆ ਹੈ ਅਤੇ ਉਹਨਾਂ ਦੇ ਸਰੀਰ ਦੇ ਵਿੱਚ ਫੈਲੀ ਹੋਈ ਇਨਫੈਕਸ਼ਨ ਨੂੰ ਬਾਹਰ ਕੱਢਿਆ ਜਾ ਰਿਹਾ ਹੈ। ਇਨਫੈਕਸ਼ਨ ਕੱਢਣ ਕਰਕੇ ਉਨ੍ਹਾਂ ਦੀ ਹਾਲਤ ਕਾਫੀ ਖਰਾਬ ਹੋ ਚੁੱਕੀ ਹੈ ਅਤੇ ਉਹ ਕਾਫੀ ਕਮਜ਼ੋਰ ਹੋ ਗਏ ਹਨ।
ਤੁਹਾਨੂੰ ਦੱਸ ਦਈਏ ਕਿ ਆਪਣੇ ਕਰੀਅਰ ਦੇ ਦੌਰਾਨ ਸੁਰਿੰਦਰ ਛਿੰਦਾ ਨੇ ਬਹੁਤ ਸਾਰੇ ਮਸ਼ਹੂਰ ਗੀਤ ਲਿਖੇ ਹਨ, ਜੋ ਹਰ ਉਮਰ ਦੇ ਸਰੋਤਿਆਂ ਦੁਆਰਾ ਸੁਣੇ ਜਾਂਦੇ ਹਨ। ਉਸ ਦੇ ਸਭ ਤੋਂ ਪ੍ਰਸਿੱਧ ਗੀਤਾਂ ਵਿੱਚ 'ਜੱਟ ਜਿਉਣਾ ਮੋੜ', 'ਪੱਤ ਜੱਟਾਂ ਦੇ', 'ਟਰੱਕ', 'ਬਲਬੀਰੋ ਭਾਬੀ' ਅਤੇ 'ਕੇਹਰ ਸਿੰਘ ਦੀ ਮੌਤ' ਸ਼ਾਮਲ ਹਨ।