ਚੰਡੀਗੜ੍ਹ: ਹਾਲ ਹੀ ਵਿੱਚ ਗਾਇਕ ਸ਼ੁਬਨੀਤ ਸਿੰਘ ਬਾਰੇ ਵੱਡੀ ਖ਼ਬਰ ਆਈ ਸੀ ਕਿ ਉਨ੍ਹਾਂ ਦਾ ਮੁੰਬਈ ਵਿੱਚ ਹੋਣ ਵਾਲਾ ਵੱਡਾ ਕੰਸਰਟ ਰੱਦ ਕਰ ਦਿੱਤਾ ਗਿਆ ਹੈ। ਹੁਣ ਸੰਗੀਤ ਜਗਤ ਤੋਂ ਇੱਕ ਹੋਰ ਖਬਰ ਸੁਣਨ ਨੂੰ ਮਿਲ ਰਹੀ ਹੈ, ਜੀ ਹਾਂ...ਕਿਹਾ ਜਾ ਰਿਹਾ ਹੈ ਕਿ ਪੰਜਾਬੀ ਗਾਇਕ ਸ਼ੰਕਰ ਸਾਹਨੀ ਨੇ ਆਪਣਾ ਕੈਨੇਡਾ ਵਾਲਾ ਦੌਰਾ ਰੱਦ (Shankar Sahney canceled Canada tour news) ਕਰ ਦਿੱਤਾ ਹੈ।
ਤੁਹਾਨੂੰ ਦੱਸ ਦਈਏ ਕਿ ਪਿਛਲੇ ਮਹੀਨੇ ਸ਼ੰਕਰ ਸਾਹਨੀ ਦੀ ਐਲਬਮ ਟੋਰਾਂਟੋ ਵਿੱਚ ਰਿਲੀਜ਼ ਹੋਈ ਸੀ। ਐਲਬਮ ਰਿਲੀਜ਼ ਹੋਣ ਤੋਂ ਬਾਅਦ ਉਹ ਅਕਤੂਬਰ ਮਹੀਨੇ ਕੈਨੇਡਾ ਜਾਣ ਦਾ ਪਲੈਨ ਬਣਾ ਰਹੇ ਸਨ। ਪਰ ਹੁਣ ਗਾਇਕ ਨੇ ਆਪਣੀ ਯੋਜਨਾ ਬਦਲ ਦਿੱਤੀ ਹੈ।
ਗਾਇਕ ਸ਼ੰਕਰ ਨੇ ਕੈਨੇਡਾ ਦੇ ਪੀਐਮ ਦੇ ਬਿਆਨ ਨੂੰ ਦੋਵਾਂ ਦੇਸ਼ਾਂ ਦੇ ਵਿਗੜ ਰਹੇ ਸੰਬੰਧਾਂ ਦਾ ਕਾਰਨ ਦੱਸਿਆ ਹੈ। ਸਾਹਨੀ ਨੇ ਇਸ ਪੂਰੇ ਵਿਵਾਦ 'ਤੇ ਕਿਹਾ ਹੈ ਕਿ ਰੈਪਰ ਸ਼ੁਭ ਵਰਗੇ ਕਲਾਕਾਰ ਨੂੰ ਅਜਿਹੇ ਵਿਵਾਦਾਂ 'ਚ ਨਹੀਂ ਪੈਣਾ ਚਾਹੀਦਾ ਕਿਉਂਕਿ ਅਸੀਂ ਆਪਣੀ ਕਲਾ ਰਾਹੀਂ ਨਾਮ ਕਮਾਉਂਦੇ ਹਾਂ। ਅਜਿਹੀਆਂ ਘਟਨਾਵਾਂ ਉਥੋਂ ਦੇ ਦੋ ਭਾਈਚਾਰਿਆਂ ਦਰਮਿਆਨ ਖਟਾਸ ਪੈਦਾ ਕਰਨਗੀਆਂ।
ਗਾਇਕ ਨੇ ਕਿਹਾ ਹੈ ਕਿ ਉੱਥੋਂ ਦਾ ਮਾਹੌਲ ਕਿਸੇ ਵੀ ਤਰ੍ਹਾਂ ਦੇ ਕੰਨਸਰਟ ਲਈ ਢੁੱਕਵਾਂ ਨਹੀਂ ਰਿਹਾ ਹੈ। ਹੁਣ ਕੈਨੇਡਾ ਵਿੱਚ ਗਾਇਕੀ ਵਰਗਾ ਮਾਹੌਲ ਨਹੀਂ ਹੈ।
ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਕੈਨੇਡੀਅਨ ਗਾਇਕ ਸ਼ੁਬਨੀਤ ਸਿੰਘ ਬਾਰੇ ਵੱਡੀ ਖ਼ਬਰ ਆਈ ਸੀ ਕਿ ਉਨ੍ਹਾਂ ਦਾ ਮੁੰਬਈ ਵਿੱਚ ਹੋਣ ਵਾਲਾ ਵੱਡਾ ਕੰਸਰਟ ਰੱਦ ਕਰ ਦਿੱਤਾ ਗਿਆ ਹੈ। ਉਲੇਖਯੋਗ ਹੈ ਕਿ 26 ਸਾਲ ਦੇ ਸ਼ੁਬਨੀਤ ਨੇ ਸੋਸ਼ਲ ਮੀਡੀਆ 'ਤੇ ਭਾਰਤ ਨੂੰ ਲੈ ਕੇ ਇਕ ਵਿਵਾਦਿਤ ਪੋਸਟ ਸ਼ੇਅਰ ਕੀਤੀ ਸੀ। ਹੁਣ ਉਸ 'ਤੇ ਖਾਲਿਸਤਾਨੀਆਂ ਦਾ ਸਮਰਥਨ ਕਰਨ ਦਾ ਇਲਜ਼ਾਮ ਲੱਗਿਆ ਹੈ, ਜਿਸ ਤੋਂ ਬਾਅਦ ਹਰ ਪਾਸੇ ਉਸ ਦੀ ਆਲੋਚਨਾ ਹੋਣ ਲੱਗੀ।