ਚੰਡੀਗੜ੍ਹ:ਪੰਜਾਬੀ ਗਾਇਕੀ ਦੇ ਖੇਤਰ ਵਿਚ ਕਾਫੀ ਨਾਮਣਾ ਖੱਟ ਚੁੱਕੇ ਅਤੇ ਦੇਸ਼ਾਂ-ਵਿਦੇਸ਼ਾਂ ਵਿੱਚ ਆਪਣੀ ਲੋਕ ਗਾਇਕੀ ਦਾ ਲੋਹਾ ਮੰਨਵਾ ਚੁੱਕੇ ਫ਼ਨਕਾਰ ਨਿਰਮਲ ਸਿੱਧੂ ਹੁਣ ਆਪਣਾ ਨਵਾਂ ਗੀਤ ‘ਵਿੱਦਿਆ ਦਾ ਦਾਨ’ ਲੈ ਕੇ ਸਰੋਤਿਆਂ ਦੇ ਸਨਮੁੱਖ ਹੋਏ ਹਨ। ਜੋ ਪੜ੍ਹਾਈ ਦੀ ਮਹੱਤਤਾ ਨੂੰ ਉਜਾਗਰ ਕਰਨ ਦੇ ਨਾਲ ਨਾਲ ਲੜਕੀਆਂ ਨੂੰ ਲੜਕਿਆਂ ਬਰਾਬਰ ਸਮਾਜਿਕ-ਪਰਿਵਾਰਿਕ ਮਾਨ ਸਨਮਾਨ ਦੇਣ ਲਈ ਵੀ ਪ੍ਰੇਰਿਤ ਕਰ ਰਿਹਾ ਹੈ।
ਇਸ ਨਵੇਂ ਗੀਤ ਸੰਬੰਧੀ ਗਾਇਕ ਨਿਰਮਲ ਸਿੱਧੂ ਦੱਸਦੇ ਹਨ ਕਿ ਅਜੋਕੇ ਸਮੇਂ ਚਾਹੇ ਅਸੀਂ ਬਹੁਤ ਸਾਰੇ ਆਧੁਨਿਕ ਰਾਹਾਂ ਦੇ ਪਾਂਧੀ ਹੋ ਗਏ ਹਨ, ਪਰ ਇਸ ਦੇ ਬਾਵਜੂਦ ਦੇਸ਼ ਅਤੇ ਸਮਾਜ ਦੇ ਕਈ ਪਹਿਲੂ ਅਜਿਹੇ ਹਨ, ਜਿੰਨ੍ਹਾਂ ਵਿਚ ਲੜਕੀਆਂ ਨੂੰ ਅੱਜ ਵੀ ਉਹ ਰੁਤਬਾ, ਮੁਕਾਮ ਦੇਣ ਤੋਂ ਟਾਲਾ ਵੱਟਿਆ ਜਾਂਦਾ ਹੈ, ਜਿਸ ਦੀਆਂ ਅਸਲ ਵਿਚ ਉਹ ਹੱਕਦਾਰ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਬਰਾਬਰਤਾ ਤੋਂ ਵਾਂਝੀਆਂ ਰਹਿ ਰਹੀਆਂ ਲੜਕੀਆਂ ਨੂੰ ਇਸ ਦਿਸ਼ਾ ਵਿਚ ਖੁਦ ਜਾਗਰੂਕ ਹੋਣਾ ਪਵੇਗਾ ਅਤੇ ਅਜਿਹੀ ਹੀ ਉਸਾਰੂ ਸੋਚ ਲੈ ਕੇ ਉਨ੍ਹਾਂ ਵਲੋਂ ਸਿਰਜਿਆ ਗਿਆ ਹੈ ਇਹ ਗੀਤ।
ਉਨ੍ਹਾਂ ਕਿਹਾ ਕਿ ਦੇਸ਼ ਦੇ ਗਰੀਬ ਵਰਗ ਦੀ ਤਰਜ਼ਮਾਨੀ ਕਰਦੇ ਪਰਿਵਾਰਾਂ ਵਿਚ ਵੀ ਸਿੱਖਿਆ ਦੇ ਮਹੱਤਵ ਨੂੰ ਪੂਰੀ ਤਰ੍ਹਾਂ ਲਾਗੂ ਨਹੀਂ ਕੀਤਾ ਗਿਆ, ਜਿਸ ਦੇ ਮੱਦੇਨਜ਼ਰ ਅਜਿਹੇ ਖਿੱਤਿਆਂ ਵਿਚ ਲੜਕੀਆਂ ਹੁਣ ਵੀ ਅਨਪੜ੍ਹਾ ਵਾਂਗ ਅਤੇ ਮਿਹਨਤ ਮਜ਼ਦੂਰੀ ਕਰਕੇ ਹੀ ਆਪਣਾ ਜੀਵਨ ਬਤੀਤ ਕਰਨ ਲਈ ਮਜ਼ਬੂਰ ਹੋ ਰਹੀਆਂ ਹਨ, ਜਿੰਨ੍ਹਾਂ ਦਾ ਅਨਮੋਲ ਜੀਵਨ ਰੂੜੀਆਂ ਦੇ ਢੇਰਾਂ ਰੋਜ਼ਮਰ੍ਹਾਂ ਦੀ ਜ਼ਰੂਰਤਾਂ ਤਾਲਾਸ਼ਣ ਵਿਚ ਹੀ ਗੁਆਚ ਰਿਹਾ ਹੈ।