ਚੰਡੀਗੜ੍ਹ: ਪੰਜਾਬੀ ਸੰਗੀਤ ਜਗਤ ਵਿਚ ਵਿਲੱਖਣ ਗਾਇਕ ਵਜੋਂ ਪਹਿਚਾਣ ਰੱਖਦੇ ਰਾਜ ਗਾਇਕ ਹੰਸ ਰਾਜ ਹੰਸ ਵੱਲੋਂ ਆਪਣੇ ਨਵੇਂ ਗਾਣੇ ‘‘ਏਅਰਪੋਰਟ ਪੁੱਤ ਪਰਦੇਸੀ’’ ਨੂੰ ਜਾਰੀ ਕਰ ਦਿੱਤਾ ਗਿਆ ਹੈ, ਜੋ ਰੋਜ਼ੀ ਰੋਟੀ ਖਾਤਿਰ ਵਿਦੇਸ਼ ਜਾਣ ਵਾਲੇ ਨੌਜਵਾਨਾਂ ਨੂੰ ਦਰਪੇਸ਼ ਆਉਣ ਵਾਲੀਆਂ ਤ੍ਰਾਸਦੀਆਂ ਨੂੰ ਬਿਆਨ ਕਰੇਗਾ।
ਇਸ ਸਮੇਂ ਗਾਇਕ ਹੰਸ ਰਾਜ ਨੇ ਦੱਸਿਆ ਕਿ ਆਪਣਾ ਘਰ ਬਾਰ ਅਤੇ ਪਰਿਵਾਰ ਛੱਡਕੇ ਜਦੋਂ ਕੋਈ ਵੀ ਨੌਜਵਾਨ ਵਿਦੇਸ਼ਾਂ ਦੀ ਰਵਾਨਗੀ ਕਰਦਾ ਹਾਂ ਤਾਂ ਏਅਰਪੋਰਟ ਚਾਹੇ ਉਹ ਆਪਣਾ ਵਤਨ ਦਾ ਹੋਵੇ ਜਾਂ ਫਿਰ ਜਿਸਨੂੰ ਅਸੀਂ ਆਪਣੀ ਕਰਮਭੂਮੀ ਬਣਾਉਣ ਜਾ ਰਹੇ ਹਾਂ, ਉਥੋਂ ਦਾ ਹੋਵੇ, ਸਾਡੀ ਰਵਾਨਗੀ ਅਤੇ ਆਮਦ ਵਿਚ ਅਹਿਮ ਭੂਮਿਕਾ ਨਿਭਾਉਂਦਾ ਹੈ ਅਤੇ ਇੱਥੋਂ ਹੀ ਕਈ ਜਿੰਦਗੀਆਂ ਨਵੇਂ ਸਫ਼ਰ ਦੇ ਆਗਾਜ਼ ਵੱਲ ਵਧਦੀਆਂ ਹਨ, ਜਿਸ ਦੌਰਾਨ ਜੋ ਮਨ ਨੂੰ ਝੰਝੋੜ ਦੇਣ ਵਾਲੇ ਮੰਜ਼ਰ ਸਾਹਮਣੇ ਆਉਂਦੇ ਹਨ। ਉਸ ਸਮੇਂ ਦੀ ਭਾਵਨਾਤਮਕਤਾ ਨੂੰ ਸਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ।
ਉਨ੍ਹਾਂ ਦੱਸਿਆ ਕਿ ਬਣਦੀਆਂ ਅਤੇ ਟੁੱਟਦੀਆਂ ਅਜਿਹੀਆਂ ਹੀ ਸਾਂਝਾ ਅਤੇ ਮਾਨਸਿਕ ਕਸ਼ਮਕਸ ਨੂੰ ਉਕਤ ਗੀਤ ਦੇ ਮਾਧਿਅਮ ਨਾਲ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਜੋ ਹਰ ਸੁਣਨ ਵਾਲੇ ਨੂੰ ਪਸੰਦ ਆਵੇਗਾ ਅਤੇ ਇਹ ਮਾਨਸਿਕਤਾ ਹੰਢਾਉਣ ਵਾਲੇ ਸਾਰੇ ਪਰਿਵਾਰ, ਨੌਜਵਾਨ ਇਸ ਨਾਲ ਡੂੰਘਾ ਜੁੜਾਵ ਮਹਿਸੂਸ ਕਰਨਗੇ।
ਉਨ੍ਹਾਂ ਦੱਸਿਆ ਕਿ ਇਸ ਗੀਤ ਨੂੰ ਸ਼ਬਦਾਂ ਵਿਚ ਪਰੋਇਆ ਹੈ ਮਸ਼ਹੂਰ ਗੀਤਕਾਰ ਭੱਟੀ ਭੜ੍ਹੀਵਾਲਾ ਨੇ ਅਤੇ ਸੰਗੀਤ ਨਿਰਦੇਸ਼ਨ ਲਾਲੀ ਧਾਲੀਵਾਲ ਵੱਲੋਂ ਕੀਤਾ ਗਿਆ ਹੈ। ਪੱਛਮੀ ਸੰਗੀਤ ਦੀਆਂ ਵਗਦੀਆਂ ਹਨੇਰੀਆਂ ਵਿਚ ਹਵਾਂ ਦੇ ਤਾਜ਼ਾ ਬੁੱਲੇ ਵਾਂਗ ਦਸਤਕ ਦੇਣ ਵਾਲੇ ਉਕਤ ਗੀਤ ਸੰਬੰਧਤ ਮਿਊਜ਼ਿਕ ਵੀਡੀਓ ਦਾ ਨਿਰਦੇਸ਼ਨ ਬੋਬੀ ਬਾਜਵਾ ਵੱਲੋਂ ਕੀਤਾ ਗਿਆ ਹੈ, ਜਿੰਨ੍ਹਾਂ ਦੱਸਿਆ ਕਿ ਗਾਣੇ ਦੇ ਸ਼ਬਦਾਂ ਵਾਂਗ ਹੀ ਇਸ ਦਾ ਫ਼ਿਲਮਾਂਕਣ ਵੀ ਬਾਕਮਾਲ ਰੱਖਿਆ ਗਿਆ ਹੈ ਤਾਂ ਕਿ ਹਰ ਦ੍ਰਿਸ਼ ਗੀਤ ਦੀਆਂ ਸਤਰਾਂ ਦਾ ਖੁੰਬ ਕੇ ਇਜ਼ਹਾਰ ਕਰਵਾਏਗਾ।
ਉਨ੍ਹਾਂ ਦੱਸਿਆ ਕਿ ਇਸ ਗੀਤ ਦੁਆਰਾ ਇਕ ਮਾਂ ਜਦ ਆਪਣੇ ਬੇਟੇ ਨੂੰ ਏਅਰਪੋਰਟ 'ਤੇ ਛੱਡਣ ਜਾਂਦੀ ਹੈ ਤਾਂ ਉਸ ਦੀ ਇਸ ਸਮੇਂ ਦੀ ਅੰਦਰੂਨੀ ਪੀੜ੍ਹ ਨੂੰ ਉਜਾਗਰ ਕੀਤਾ ਜਾਵੇਗਾ। ਇਸ ਰਿਲੀਜਿੰਗ ਮੌਕੇ ਉਚੇਚੇ ਤੌਰ 'ਤੇ ਹਾਜ਼ਰ ਹੋਏ ਬਾਕਮਾਲ ਪੰਜਾਬੀ ਗਾਇਕ ਸੁਰਿੰਦਰ ਛਿੰਦਾ ਅਤੇ ਗਿੱਲ ਹਰਦੀਪ ਨੇ ਵੀ ਖੁੱਲ ਕੇ ਇਸ ਗਾਣੇ ਦੀ ਤਾਰੀਫ਼ ਕੀਤੀ।
ਉਹਨਾਂ ਨੇ ਕਿਹਾ ਕਿ ਪੰਜਾਬ ਦੀਆਂ ਸਾਂਝਾ ਅਤੇ ਪੰਜਾਬੀਅਤ ਵੰਨਗੀਆਂ ਨੂੰ ਅਸਲ ਵਜੂਦ ਗਵਾ ਰਹੇ ਅਜੌਕੇ ਗੀਤ, ਸੰਗੀਤ ਦੌਰ ਦਾ ਹਿੱਸਾ ਬਣਾਉਣਾ ਅੱਜ ਦੇ ਸਮੇਂ ਦੀ ਬਹੁਤ ਜਿਆਦਾ ਲੋੜ੍ਹ ਹੈ, ਜਿਸ ਨਾਲ ਮਿਆਰੀ, ਪੁਰਾਤਨ ਅਤੇ ਕਦਰਾਂ-ਕੀਮਤਾਂ ਦੀ ਤਰਜ਼ਮਾਨੀ ਕਰਦੇ ਗੀਤ, ਸੰਗੀਤ ਨੂੰ ਜਿਉਂਦਿਆਂ ਰੱਖਣ ਦੀ ਤਾਂਘ ਰੱਖਦੀਆਂ ਕੁਝ ਸੁਹਿਰਦ ਸਖ਼ਸੀਅਤਾਂ ਇਸ ਖਿੱਤੇ ਪ੍ਰਤੀ ਆਪਣੀਆਂ ਜਿੰਮੇਵਾਰੀਆਂ ਪ੍ਰਭਾਵੀ ਢੰਗ ਨਾਲ ਨਿਭਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਉਹ ਜਨਾਬ ਹੰਸ ਰਾਜ ਹੰਸ ਜੀ ਨੂੰ ਇਜ਼ੀਵੇ ਇੰਟਰਟੇਨਮੈਂਟ ਵੱਲੋਂ ਰਿਲੀਜ਼ ਕੀਤੇ ਗਏ ਇਸ ਨਵੇਂ ਗੀਤ ਲਈ ਸ਼ੁਭਕਾਮਨਾਵਾਂ ਦਿੰਦੇ ਹਨ ਅਤੇ ਉਮੀਦ ਕਰਦੇ ਹਨ ਕਿ ਭਵਿੱਖ ਵਿਚ ਵੀ ਉਨ੍ਹਾਂ ਦੁਆਰਾ ਇਸ ਤਰ੍ਹਾਂ ਦੀ ਕੋਸ਼ਿਸ਼ਾਂ ਨੂੰ ਅੰਜ਼ਾਮ ਦਿੰਦੇ ਰਹਿਣ ਦਾ ਇਹ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ।
ਇਹ ਵੀ ਪੜ੍ਹੋ:B Praak 4rd Wedding Anniversary: ਵਿਆਹ ਦੀ ਚੌਥੀ ਵਰ੍ਹੇਗੰਢ 'ਤੇ ਬੀ ਪਰਾਕ ਨੇ ਪਤਨੀ ਲਈ ਬੰਨ੍ਹੇ ਤਾਰੀਫ਼ਾਂ ਦੇ ਪੁਲ, ਸਾਂਝੀਆਂ ਕੀਤੀਆਂ ਤਸਵੀਰਾਂ