ਚੰਡੀਗੜ੍ਹ: ਪੰਜਾਬੀ ਸੰਗੀਤ ਵਿੱਚ ਗੁਰੂ ਰੰਧਾਵਾ ਨਾਮ ਨਾਲ ਮਸ਼ਹੂਰ ਪੰਜਾਬੀ ਗਾਇਕ ਨੇ 19 ਦਸੰਬਰ ਨੂੰ ਪੰਜਾਬੀ ਮੰਨੋਰੰਜਨ ਜਗਤ ਵਿੱਚ ਇੱਕ ਦਹਾਕਾ ਭਾਵ ਕੇ 10 ਸਾਲ ਪੂਰੇ ਕਰ ਲਏ ਹਨ, ਇਸ ਬਾਰੇ ਜਾਣਕਾਰੀ ਗਾਇਕ ਨੇ ਖੁਦ ਸ਼ੋਸਲ ਮੀਡੀਆ ਰਾਹੀਂ ਦਿੱਤੀ ਸੀ। ਗਾਇਕ ਨੇ ਇੰਸਟਾਗ੍ਰਾਮ ਉਤੇ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਹੈ '10 ਸਾਲ, 19 ਦਸੰਬਰ 2012 ਨੂੰ ਮੇਰਾ ਪਹਿਲਾ ਗੀਤ ਰਿਲੀਜ਼ ਹੋਇਆ ਸੀ।'
ਗੁਰੂ ਰੰਧਾਵਾ ਬਾਰੇ:ਤੁਹਾਨੂੰ ਦੱਸ ਦਈਏ ਕਿ ਪੰਜਾਬੀ ਇੰਡਸਟਰੀ ਦੇ ਉੱਘੇ ਗਾਇਕ ਅਤੇ ਲਿਖਾਰੀ ਗੁਰੂ ਰੰਧਾਵਾ ਕਿਸੇ ਪਛਾਣ ਦੇ ਮੁਹਤਾਜ਼ ਨਹੀਂ ਹਨ। 30 ਅਗਸਤ 1991 'ਚ ਉਨ੍ਹਾਂ ਦਾ ਜਨਮ ਗੁਰਦਾਸਪੁਰ 'ਚ ਹੋਇਆ। ਗੁਰੂ ਦਾ ਅਸਲ ਨਾਂਅ ਗੁਰਸ਼ਰਨਜੋਤ ਸਿੰਘ ਰੰਧਾਵਾ ਹੈ। ਆਪਣੇ ਕਰੀਅਰ ਦੀ ਸ਼ੁਰੂਆਤ ਗੁਰੂ ਰੰਧਾਵਾ ਨੇ 2012 'ਚ ਕੀਤੀ ਸੀ। ਉਨ੍ਹਾਂ ਦੀ ਪਹਿਲੀ ਐਲਬਮ 'ਪੇਜ ਵਨ' ਲਾਂਚ ਹੋਈ। ਇਸ ਐਲਬਮ ਕਾਰਨ ਗੁਰੂ ਰੰਧਾਵਾ ਦੀ ਗਾਇਕੀ ਨੂੰ ਖ਼ੂਬ ਪਸੰਦ ਕੀਤਾ ਗਿਆ।
ਕਾਮਯਾਬੀ ਸੌਖੀ ਨਹੀਂ ਮਿਲਦੀ ਇਸ ਲਈ ਸੰਘਰਸ਼ ਕਰਨਾ ਪੈਂਦਾ ਹੈ। ਗੁਰੂ ਰੰਧਾਵਾ ਦੀ ਜ਼ਿੰਦਗੀ ਦੇ ਵਿੱਚ ਵੀ ਬਹੁਤ ਸੰਘਰਸ਼ ਸੀ। ਇੱਕ ਇੰਟਰਵਿਊ 'ਚ ਉਹ ਦੱਸਦੇ ਹਨ ਕਿ ਉਹ ਪਹਿਲਾਂ ਲਾਈਵ ਸ਼ੋਅ ਕਰਦੇ ਸੀ। ਆਪਣਾ ਖ਼ਰਚਾ ਆਪ ਕੱਢਦੇ ਸੀ। ਉਨ੍ਹਾਂ ਕਿਹਾ ਕਿ ਪਰਿਵਾਰ ਦਾ ਤਾਂ ਪੂਰਾ ਸਾਥ ਸੀ ਸੰਘਰਸ਼ ਵੇਲੇ ਪਰ ਰਿਸ਼ਤੇਦਾਰ ਉਨ੍ਹਾਂ ਨੂੰ ਖਰੀਆਂ-ਖਰੀਆਂ ਸੁਣਾਉਂਦੇ ਸਨ। ਉਹ ਆਖਦੇ ਸਨ ਕਿ ਉਨ੍ਹਾਂ ਦੀ ਤੁਲਣਾ ਭੈਣ-ਭਰਾਵਾਂ ਨਾਲ ਕੀਤੀ ਜਾਂਦੀ ਸੀ ਜੋ ਨੌਕਰੀ ਕਰਕੇ 15,000 ਮਹੀਨੇ ਦਾ ਕਮਾਉਂਦੇ ਸੀ। ਆਪਣੀ ਮਿਹਨਤ ਦੇ ਨਾਲ ਗੁਰੂ ਰੰਧਾਵਾ ਨੇ ਹਰ ਇੱਕ ਦਾ ਮੂੰਹ ਬੰਦ ਕੀਤਾ।