ਚੰਡੀਗੜ੍ਹ: ਪੰਜਾਬੀ ਸੰਗੀਤ ਜਗਤ ਦੇ ਚਰਚਿਤ ਅਤੇ ਕਾਮਯਾਬ ਫਨਕਾਰ ਵਜੋਂ ਆਪਣਾ ਸ਼ੁਮਾਰ ਕਰਵਾਉਣ ਵਿੱਚ ਸਫ਼ਲ ਰਹੇ ਸਨ ਗਾਇਕ ਗੁਰਪ੍ਰੀਤ ਢੱਟ, ਜਿੰਨਾਂ ਦਾ ਅਚਾਨਕ ਜਹਾਨੋਂ ਤੁਰ ਜਾਣਾ ਉਨਾਂ ਦੇ ਚਾਹੁੰਣ ਵਾਲਿਆਂ ਅਤੇ ਲੱਖਾ ਸੰਗੀਤ ਪ੍ਰੇਮੀਆਂ ਦੇ ਮਨਾਂ ਨੂੰ ਅਜਿਹੇ ਡੂੰਘੇ ਸੱਲ ਦੇ ਗਿਆ ਹੈ, ਜਿੰਨਾਂ ਦੀ ਭਰਪਾਈ ਲੰਮੇਂ ਸਮੇਂ ਤੱਕ ਨਹੀਂ ਹੋ ਪਾਵੇਗੀ।
ਪੰਜਾਬ ਦੇ ਦੁਆਬਾ ਖਿੱਤੇ ਅਧੀਨ ਆਉਂਦੇ ਪਿੰਡ ਢੱਟ ਵਿਖੇ ਅੱਜ ਤੋਂ 47 ਕੁ ਸਾਲ ਪਹਿਲਾਂ ਇੱਕ ਸਾਧਾਰਨ ਪਰਿਵਾਰ ਵਿੱਚ ਉਨਾਂ ਦਾ ਜਨਮ ਹੋਇਆ ਸੀ, ਜਿੱਥੇ ਹੀ ਉਨਾਂ ਆਪਣੀ ਸ਼ੁਰੂਆਤੀ ਪੜਾਈ ਪੂਰੀ ਕੀਤੀ। ਪੰਜਾਬੀ ਸੰਗੀਤ ਨਾਲ ਜੁੜੀ ਸਾਂਝ ਅਤੇ ਇਸ ਖੇਤਰ ਵਿੱਚ ਕੁਝ ਕਰ ਗੁਜ਼ਰਣ ਦੇ ਇਰਾਦੇ ਨਾਲ ਉਹ ਕਾਫ਼ੀ ਸਮਾਂ ਪਹਿਲਾਂ ਕਲਾਕਾਰੀ ਅਤੇ ਸੰਗੀਤਕ ਸੁਰਾਂ ਨਾਲ ਅੋਤ ਪੋਤ ਰਹਿਣ ਵਾਲੀ ਜਲੰਧਰ ਨਗਰੀ ਆ ਕੇ ਵੱਸ ਗਏ, ਜਿਸ ਨੇ ਉਨਾਂ ਦੇ ਗਾਇਕੀ ਅੰਬਰ 'ਤੇ ਛਾ ਜਾਣ ਵਾਲਿਆਂ ਸੁਫਨਿਆਂ ਨੂੰ ਤਾਬੀਰ ਦੇਣ ਵਿੱਚ ਅਹਿਮ ਭੂਮਿਕਾ ਨਿਭਾਈ।
ਦੁਨੀਆ ਭਰ ਵਿੱਚ ਆਪਣੀ ਨਾਯਾਬ ਗਾਇਕੀ ਦਾ ਲੋਹਾ ਮੰਨਵਾਉਣ ਵਾਲਾ ਇਹ ਬੇਤਹਰੀਨ ਗਾਇਕ ਦੀ ਦਿਲਾਂ ਨੂੰ ਝਕਝੋਰਦੀ ਰਹੀ ਸੁਰੀਲੀ ਆਵਾਜ਼ ਬੀਤੀ ਰਾਤ ਸਦਾ ਲਈ ਖਾਮੋਸ਼ ਹੋ ਗਈ। ਪਰਿਵਾਰ ਜਣਾਂ ਅਨੁਸਾਰ ਅਚਾਨਕ ਹੀ ਉਨ੍ਹਾਂ ਨੂੰ ਛਾਤੀ 'ਚ ਦਰਦ ਮਹਿਸੂਸ ਹੋਇਆ, ਉਪਰੰਤ ਉਨ੍ਹਾਂ ਨੂੰ ਤੁਰੰਤ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਦੁਆਰਾ ਉਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਸਰੀਰਿਕ ਤੌਰ ਉਤੇ ਬੇਸ਼ੱਕ ਇਹ ਉਮਦਾ ਫਨਕਾਰ ਚਾਹੇ ਆਪਣੇ ਚਾਹੁੰਣ ਵਾਲਿਆਂ ਤੋਂ ਦੂਰ ਹੋ ਗਿਆ ਹੈ ਪਰ ਉਹ ਆਪਣੇ ਬੇਸ਼ੁਮਾਰ ਗਾਣਿਆਂ ਨਾਲ ਅਪਣੀ ਮੌਜੂਦਗੀ ਦਾ ਇਜ਼ਹਾਰ ਲਗਾਤਾਰ ਕਰਵਾਉਂਦੇ ਰਹਿਣਗੇ।
ਪੰਜਾਬੀ ਮਿਊਜ਼ਿਕ ਦੇ ਖੇਤਰ ਵਿੱਚ ਮਕਬੂਲੀਅਤ ਦੇ ਨਵੇਂ ਅਯਾਮ ਕਾਇਮ ਕਰ ਗਏ ਇਸ ਬਾਕਮਾਲ ਗਾਇਕ ਵੱਲੋਂ ਗਾਏ ਅਤੇ ਅਪਾਰ ਸਫ਼ਲਤਾ ਹਾਸਿਲ ਕਰਨ ਵਾਲੇ ਗਾਣਿਆਂ ਵੱਲ ਨਜ਼ਰਸਾਨੀ ਕਰੀਏ ਤਾਂ ਇੰਨਾਂ ਵਿੱਚ 'ਖੂਫੀਆ ਰਿਪੋਰਟ ਆਈ ਲੰਡਨੋਂ','ਪੀਣੀ ਆਂ ਸਰਦਾਰਾ ਵੇ ਅੱਜ ਘੁੱਟ ਪੀਣੀ ਆਂ', 'ਬੱਗਾ ਬੱਗਾ ਹੋ ਗਿਆ ਏ ਰੰਗ ਹਾਣੀਆਂ', 'ਬਿੱਲੀਆਂ ਅੱਖਾਂ', 'ਫੇਰ ਕਿਹੜਾ ਜੱਗ ਤੋਂ ਇਸ਼ਕ ਮੁੱਕ ਜੂ ਮਿਰਜ਼ੇ ਨੂੰ ਮਾਰ ਕੇ', 'ਨਾ ਰੋਕੋ ਮੈਨੂੰ ਪੀਣ ਦਿਓ', 'ਉਂਝ ਖੁਸ਼ੀ ਨਾਲ ਪੀਂਦੇ ਅੱਜ ਗ਼ਮਾਂ ਨੇ ਪਿਆਈ' ਆਦਿ ਸ਼ੁਮਾਰ ਰਹੇ ਹਨ, ਜੋ ਉਨਾਂ ਨੂੰ ਸੁਣਨ ਵਾਲਿਆਂ ਦੇ ਮਨਾਂ ਵਿੱਚ ਹਮੇਸ਼ਾ ਜਿਉਂਦੇ ਰਹਿਣਗੇ।