ਹੈਦਾਰਬਾਦ:ਕੈਲੀਫੋਰਨੀਆ ਦਾ ਮਸ਼ਹੂਰ ਸੰਗੀਤ ਉਤਸਵ ਕੋਚੇਲਾ ਆਪਣੇ 24ਵੇਂ ਸੰਸਕਰਨ ਲਈ ਤਿਆਰੀ ਕਰ ਰਿਹਾ ਹੈ। ਇਹ ਵਿਸ਼ਾਲ ਉਤਸਵ 12 ਤੋਂ 14 ਅਪ੍ਰੈਲ ਅਤੇ 19 ਤੋਂ 21 ਅਪ੍ਰੈਲ ਨੂੰ ਇੰਡੀਓ ਕੈਲੀਫੋਰਨੀਆ ਵਿੱਚ ਐਂਪਾਇਰ ਪੋਲੋ ਕਲੱਬ ਵਿਖੇ ਹੋਵੇਗਾ। ਇਸ ਵਿੱਚ ਕਾਫੀ ਸਾਰੇ ਪੌਪ ਸਿੰਗਰ ਪ੍ਰੋਫਾਰਮ ਕਰਦੇ ਨਜ਼ਰ ਆਉਣਗੇ।
ਉਲੇਖਯੋਗ ਹੈ ਕਿ ਪ੍ਰਸਿੱਧ ਪੰਜਾਬੀ ਗਾਇਕ ਦਿਲਜੀਤ ਦੁਸਾਂਝ ਵੱਲੋਂ ਕੋਚੇਲਾ ਵਿਖੇ ਪੇਸ਼ਕਾਰੀ ਦੇਣ ਤੋਂ ਇੱਕ ਸਾਲ ਬਾਅਦ ਗਾਇਕ ਏਪੀ ਢਿੱਲੋਂ ਵੀ ਇਸ ਸਾਲ ਸਟੇਜ ਨੂੰ ਅੱਗ ਲਾਉਣ ਲਈ ਤਿਆਰ ਹਨ। ਉਸ ਦੇ ਨਾਲ ਉਸ ਦਾ ਸੰਗੀਤ ਸਾਥੀ ਸ਼ਿੰਦਾ ਕਾਹਲੋਂ ਹੋਵੇਗਾ। ਕੋਚੇਲਾ ਦੇ ਪ੍ਰਬੰਧਕਾਂ ਨੇ ਸੋਸ਼ਲ ਮੀਡੀਆ 'ਤੇ ਇਸ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਧਿਆਨਦੇਣਯੋਗ ਗੱਲ ਇਹ ਹੈ ਕਿ ਏਪੀ ਢਿੱਲੋਂ ਕੋਚੇਲਾ ਵਿਖੇ ਪ੍ਰਦਰਸ਼ਨ ਕਰਨ ਵਾਲਾ ਦੂਜਾ ਪੰਜਾਬੀ ਕਲਾਕਾਰ ਹੈ।
ਤੁਹਾਨੂੰ ਦੱਸ ਦਈਏ ਕਿ ਕੋਚੇਲਾ ਆਪਣੇ ਚੋਣਵੇਂ ਅਤੇ ਵਿਭਿੰਨ ਲਾਈਨਅੱਪ ਲਈ ਜਾਣਿਆ ਜਾਂਦਾ ਹੈ, ਕਲਾਕਾਰਾਂ ਨੂੰ ਦੁਨੀਆਂਭਰ ਦੇ ਦਰਸ਼ਕਾਂ ਲਈ ਆਪਣੀ ਪ੍ਰਤਿਭਾ ਦਿਖਾਉਣ ਲਈ ਇੱਕ ਪਲੇਟਫਾਰਮ ਪ੍ਰਦਾਨ ਕਰਦਾ ਹੈ। ਫੈਸਟੀਵਲ ਦੀ ਲਾਈਨਅੱਪ ਵਿੱਚ ਏ.ਪੀ ਢਿੱਲੋਂ ਦੀ ਸ਼ਮੂਲੀਅਤ ਵਿਸ਼ਵ ਪੱਧਰ 'ਤੇ ਪੰਜਾਬੀ ਸੰਗੀਤ ਦੀ ਵੱਧਦੀ ਪ੍ਰਮੁੱਖਤਾ ਨੂੰ ਦਰਸਾਉਂਦੀ ਹੈ।
ਗਾਇਕ ਏਪੀ ਢਿੱਲੋਂ ਬਾਰੇ:ਗਾਇਕ ਬਾਰੇ ਗੱਲ ਕਰੀਏ ਤਾਂ ਅੰਮ੍ਰਿਤਪਾਲ ਸਿੰਘ ਢਿੱਲੋਂ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਚਮਕਦਾ ਸਿਤਾਰਾ ਹੈ, ਜਿਸਨੂੰ ਸਾਰੇ ਏਪੀ ਢਿੱਲੋਂ ਦੇ ਨਾਂ ਨਾਲ ਜਾਣਦੇ ਹਾਂ। ਏਪੀ ਢਿੱਲੋਂ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਕਲਾਕਾਰਾਂ ਵਿੱਚੋਂ ਇੱਕ ਹਨ। ਇਸ ਗਾਇਕ ਨੇ ਪੰਜਾਬੀ ਇੰਡਸਟਰੀ ਨੂੰ ਕਈ ਸੁਪਰਹਿੱਟ ਗੀਤ ਦਿੱਤੇ ਹਨ। ਇਨ੍ਹਾਂ 'ਚ 'ਬ੍ਰਾਊਨ ਮੁੰਡੇ', 'ਦਿਲ ਨੂੰ' ਅਤੇ 'ਵਿਦ ਯੂ' ਵਰਗੇ ਹਿੱਟ ਗੀਤ ਸ਼ਾਮਲ ਹਨ। ਏਪੀ ਢਿੱਲੋਂ ਨੇ ਪੰਜਾਬ ਹੀ ਨਹੀਂ ਵਿਦੇਸ਼ਾਂ ਵਿੱਚ ਵੀ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ ਹੈ।
ਤੁਹਾਨੂੰ ਦੱਸ ਦਈਏ ਕਿ ਏਪੀ ਢਿੱਲੋਂ ਅਤੇ ਗੁਰਿੰਦਰ ਗਿੱਲ ਦੀ ਆਵਾਜ਼ ਵਿੱਚ 'ਬ੍ਰਾਊਨ ਮੁੰਡੇ' ਗੀਤ ਨੇ ਹਰ ਪਾਸੇ ਹਲਚਲ ਮਚਾ ਦਿੱਤੀ ਸੀ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਬ੍ਰਾਊਨ ਮੁੰਡੇ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਖੇਡ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ। ਇਸ ਗੀਤ ਨੂੰ ਯੂਟਿਊਬ 'ਤੇ ਪਿਛਲੇ 3 ਸਾਲਾਂ 'ਚ 659 ਮਿਲੀਅਨ ਵਿਊਜ਼ ਮਿਲ ਚੁੱਕੇ ਹਨ। ਏਪੀ ਢਿੱਲੋਂ ਦੇ ਪ੍ਰਸ਼ੰਸਕ ਉਸ ਨੂੰ ਜਲਦੀ ਹੀ ਕੋਚੇਲਾ ਵਿਖੇ ਪ੍ਰਦਰਸ਼ਨ ਕਰਦੇ ਦੇਖਣ ਲਈ ਉਤਸ਼ਾਹਿਤ ਹਨ।