ਚੰਡੀਗੜ੍ਹ: ਪੰਜਾਬੀ ਮੰਨੋਰੰਜਨ ਉਦਯੋਗ ’ਚ ਪਿਛਲੇ ਲੰਮੇਂ ਸਮੇਂ ਤੋਂ ਕਾਰਜਸ਼ੀਲ ਅਤੇ ਕਈ ਅਰਥ-ਭਰਪੂਰ ਲਘੂ ਪੰਜਾਬੀ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਸਰਵਜੀਤ ਖੇੜਾ ਵੱਲੋਂ ਨਿਰਦੇਸ਼ਿਤ ਕੀਤੀ ਗਈ ਉਨਾਂ ਦੀ ਨਵੀਂ ਫਿਲਮ ‘ਰੇਸ ਦਾ ਘੌੜਾ’ ਅੱਜ ਪੀਟੀਸੀ ਬਾਕਸ ਆਫ਼ਿਸ 'ਤੇ ਆਨ ਸਟਰੀਮ ਹੋਣ ਜਾ ਰਹੀ ਹੈ, ਜਿਸ ਵਿਚ ਪੰਜਾਬੀ ਸਿਨੇਮਾ ਅਤੇ ਛੋਟੇ ਪਰਦੇ ਨਾਲ ਜੁੜੇ ਕਈ ਨਾਮਵਰ ਐਕਟਰਜ਼ ਮਹੱਤਵਪੂਰਨ ਭੂਮਿਕਾਵਾਂ ਵਿਚ ਨਜ਼ਰ ਆਉਣਗੇ।
ਲੇਖਕ-ਨਿਰਦੇਸ਼ਕ ਦੇ ਤੌਰ ਹਰ ਫਿਲਮ ਦੁਆਰਾ ਕੁਝ ਨਾ ਕੁਝ ਅਲਹਦਾ ਕਰਨ ਦੀ ਕੋਸ਼ਿਸ਼ ਕਰ ਰਹੇ ਇਹ ਬਾਕਮਾਲ ਫਿਲਮਕਾਰ ਹਾਲ ਹੀ ਵਿਚ ਰਿਲੀਜ਼ ਹੋਈ ਬਹੁ-ਚਰਚਿਤ ਪੰਜਾਬੀ ਫਿਲਮ ‘ਕ੍ਰਿਮਿਨਲ’ ਦਾ ਵੀ ਲੇਖਕ ਦੇ ਤੌਰ 'ਤੇ ਹਿੱਸਾ ਰਹੇ ਹਨ। ਇਸ ਤੋਂ ਇਲਾਵਾ ਉਨਾਂ ਦੀਆਂ ਬਤੌਰ ਨਿਰਦੇਸ਼ਕ ਵੱਖ-ਵੱਖ ਪਲੇਟਫ਼ਾਰਮਜ਼ ਲਈ ਨਿਰਦੇਸ਼ਿਤ ਜਾ ਚੁੱਕੀਆਂ ਫਿਲਮਾਂ ਵਿਚ ‘ਲਾਈਫ਼ ਕੈਬ’, ‘ਇਟ ਇਜ ਮਾਈ ਫ਼ਾਲਟ’, ‘ਤਿਆਗ’, ‘ਵਰਕ ਪਰਮਿਟ’ ਅਤੇ ਸੋਨਪ੍ਰੀਤ ਜਵੰਦਾ ਸਟਾਰਰ ‘ਪੂਰੇ ਅਧੂਰੇ’ ਆਦਿ ਸ਼ਾਮਿਲ ਰਹੀਆਂ ਹਨ।
ਇੰਨ੍ਹੀਂ ਦਿਨੀਂ ਆਪਣੀ ਪਹਿਲੀ ਲਘੂ ਹਿੰਦੀ ਫਿਲਮ 'ਸ਼ੇਡਜ਼' ਦੀ ਸੰਪੂਰਨਤਾ ਨੂੰ ਆਖ਼ਰੀ ਛੋਹਾ ਦੇ ਰਹੇ ਨਿਰਦੇਸ਼ਕ ਖੇੜਾ ਅਨੁਸਾਰ ਉਨਾਂ ਦੀ ਰਿਲੀਜ਼ ਹੋ ਰਹੀ ਫਿਲਮ 'ਰੇਸ ਦਾ ਘੌੜਾ' ਇਕ ਬਹੁਤ ਹੀ ਪਰਿਵਾਰਿਕ ਅਤੇ ਇਮੋਸ਼ਨਲ ਕਹਾਣੀ ਦੁਆਲੇ ਆਧਾਰਿਤ ਹੈ, ਜੋ ਕੁਝ ਕਰ ਗੁਜ਼ਰਨ ਦਾ ਖ਼ੁਆਬ ਰੱਖਦੇ ਨੌਜਵਾਨਾਂ ਅਤੇ ਉਨਾਂ ਲਈ ਕੁਝ ਵੱਖਰੇ ਖ਼ੁਆਬ ਸੰਜੋਕੇ ਰੱਖਣ ਵਾਲੇ ਮਾਪਿਆਂ ਦੁਆਲੇ ਕੇਂਦਰਿਤ ਹੈ, ਜੋ ਉਨ੍ਹਾਂ ਨੌਜਵਾਨੀ ਵਲਵਲਿਆਂ ਦਾ ਪ੍ਰਗਟਾਵਾ ਕਰੇਗੀ, ਜਿੰਨ੍ਹਾਂ ਦੁਆਰਾ ਕੁਝ ਨੌਜਵਾਨਾਂ ਨੂੰ ਲੱਗਦਾ ਹੈ ਕਿ ਮਾਪੇ ਉਨਾਂ ਦੀ ਸੋਚ ਨੂੰ ਉਤਸ਼ਾਹ ਦੇਣ ਦੀ ਬਜਾਏ ਆਪਣੀ ਮਰਜ਼ੀ ਉਨਾਂ 'ਤੇ ਥੋਪਨ ਦੀ ਕੋਸਿਸ਼ ਕਰ ਰਹੇ।