ਚੰਡੀਗੜ੍ਹ: ਪੰਜਾਬੀ ਸਿਨੇਮਾ ਨੂੰ ਨਵਾਂ ਅਤੇ ਤਰੋਤਾਜ਼ਗੀ ਭਰਿਆ ਮੁਹਾਂਦਰਾ ਦੇਣ ਵਿੱਚ ਇਸ ਖਿੱਤੇ ਵਿੱਚ ਨਿਤਰੇ ਨਵ ਨਿਰਦੇਸ਼ਕ ਅੱਜਕੱਲ੍ਹ ਅਹਿਮ ਭੂਮਿਕਾ ਨਿਭਾ ਰਹੇ ਹਨ, ਜਿੰਨਾਂ ਦੀ ਹੀ ਲੜੀ ਨੂੰ ਹੋਰ ਪ੍ਰਭਾਵੀ ਰੰਗ ਦੇਣ ਜਾ ਰਹੇ ਹਨ ਦਪਿੰਦਰ ਸੰਧੂ ਜੋ ਬਤੌਰ ਲੇਖਕ ਅਤੇ ਨਿਰਦੇਸ਼ਕ ਆਪਣੀ ਬਹੁ-ਚਰਚਿਤ ਪੰਜਾਬੀ ਫਿਲਮ 'ਜ਼ੋਰਾਵਰ ਦੀ ਜੈਕਲਿਨ' ਦਰਸ਼ਕਾਂ ਦੇ ਸਨਮੁੱਖ ਕਰਨ ਜਾ ਰਹੇ ਹਨ, ਜੋ ਜਲਦ ਸਿਨੇਮਾ ਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ।
'ਦੀਪ ਭੁੱਲਰ ਫਿਲਮਜ਼' ਦੇ ਬੈਨਰ ਹੇਠ ਬਣੀ ਇਸ ਫਿਲਮ ਦਾ ਨਿਰਮਾਣ ਡਾ. ਰਣਦੀਪ ਸਿੰਘ ਭੁੱਲਰ ਅਤੇ ਕੈਮੇ ਸੰਧੂ ਭੁੱਲਰ ਵੱਲੋਂ ਕੀਤਾ ਗਿਆ ਹੈ, ਇਸ ਨਵੇਂ ਵਰ੍ਹੇ ਦੇ ਨਾਲ ਆਗਾਜ਼ ਪੜਾਅ 'ਚ ਹੀ ਰਿਲੀਜ਼ ਕੀਤੀ ਜਾ ਰਹੀ ਉਕਤ ਫਿਲਮ ਦੀ ਸਟਾਰ ਕਾਸਟ ਵਿੱਚ ਮਨੀਸ਼ ਗੋਪਲਾਨੀ, ਮਲਵੀ ਮਲਹੋਤਰਾ, ਅੰਮ੍ਰਿਤਪਾਲ ਸਿੰਘ ਬਿੱਲਾ, ਸਤਵੰਤ ਕੌਰ, ਅਨੀਤਾ ਮੀਤ, ਰਮੀਸ਼ ਰੋਮੀ ਪੰਡਿਤਾ, ਸਿਮਰਨਜੋਤ ਸਿੰਘ, ਡਾ. ਅਮਨੀਸ਼ ਸਿੰਘ ਸਿਨਹਾ, ਅਮਰੀਨ ਕੌਰ ਸ਼ਾਹਪੁਰੀ, ਅਖਿਲ ਅਰੋੜਾ ਆਦਿ ਸ਼ੁਮਾਰ ਹਨ।
ਇਸ ਤੋਂ ਇਲਾਵਾ ਜੇਕਰ ਇਹ ਰੁਮਾਂਟਿਕ ਅਤੇ ਮਿਊਜ਼ਿਕਲ-ਡਰਾਮਾ ਸਟੋਰੀ ਆਧਾਰਿਤ ਫਿਲਮ ਦੇ ਹੋਰਨਾਂ ਪੱਖਾਂ ਵੱਲ ਨਜ਼ਰਸਾਨੀ ਕਰੀਏ ਤਾਂ ਇਸ ਦੀ ਦਿਲਚਸਪ ਕਹਾਣੀ ਦੇ ਨਾਲ-ਨਾਲ ਇਸ ਦੇ ਮਿਊਜ਼ਿਕਲ ਪੱਖਾਂ ਉਪਰ ਵੀ ਕਾਫ਼ੀ ਮਿਹਨਤ ਕੀਤੀ ਗਈ ਹੈ, ਜਿਸ ਦਾ ਸੰਗੀਤ ਗੁਰਮੀਤ ਸਿੰਘ ਵੱਲੋਂ ਤਿਆਰ ਕੀਤਾ ਗਿਆ ਹੈ, ਜਿੰਨਾਂ ਵੱਲੋਂ ਰਚੇ ਸਦਾ ਬਹਾਰ ਸੰਗੀਤ ਨੂੰ ਬਾਲੀਵੁੱਡ ਅਤੇ ਪੰਜਾਬੀ ਸੰਗੀਤ ਜਗਤ ਨਾਲ ਜੁੜੇ ਮੰਨੇ ਪ੍ਰਮੰਨੇ ਫਨਕਾਰਾਂ ਵੱਲੋਂ ਪਿੱਠ ਵਰਤੀ ਆਵਾਜ਼ਾਂ ਦਿੱਤੀਆਂ ਗਈਆਂ ਹਨ।
ਚੰਡੀਗੜ੍ਹ-ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਫਿਲਮਾਈ ਗਈ ਉਕਤ ਫਿਲਮ ਆਪਣੇ ਨਿਵੇਕਲੇ ਕੰਟੈਂਟ ਅਤੇ ਸ਼ਾਨਦਾਰ ਲੁੱਕ ਨੂੰ ਲੈ ਕੇ ਨਿਰਮਾਣ ਪੜਾਅ ਤੋਂ ਹੀ ਚਰਚਾ ਦਾ ਕੇਂਦਰ ਬਿੰਦੂ ਬਣੀ ਆ ਰਹੀ ਹੈ, ਜਿਸ ਨੂੰ ਵੱਡੇ ਪੱਧਰ ਉੱਪਰ ਵਰਲਡ ਵਾਈਡ ਰਿਲੀਜ਼ ਕੀਤਾ ਜਾ ਰਿਹਾ ਹੈ, ਜਿਸ ਦਾ ਖਾਸ ਆਕਰਸ਼ਨ ਇਸ ਫਿਲਮ ਵਿੱਚ ਲੀਡਿੰਗ ਕਿਰਦਾਰ ਨਿਭਾਅ ਰਹੇ ਜਿਆਦਾਤਰ ਨਵੇਂ ਚਿਹਰੇ ਹੀ ਹੋਣਗੇ, ਜੋ ਇਸ ਫਿਲਮ ਦੁਆਰਾ ਪਾਲੀਵੁੱਡ ਵਿੱਚ ਇੱਕ ਨਵੇਂ ਅਤੇ ਪ੍ਰਭਾਵਸ਼ਾਲੀ ਸਫ਼ਰ ਦੀ ਸ਼ੁਰੂਆਤ ਕਰਨ ਜਾ ਰਹੇ ਹਨ।
ਜੇਕਰ ਫਿਲਮ ਦੇ ਨਿਰਦੇਸ਼ਕ ਦਪਿੰਦਰ ਸੰਧੂ ਦੇ ਹਾਲੀਆਂ ਕਰੀਅਰ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਜਗਜੀਤ ਸੰਧੂ ਸਟਾਰਰ 'ਟਰੇਨ ਟੂ ਬੀਕਾਨੇਰ' ਤੋਂ 'ਦਸਵੰਧ' ਜਿਹੇ ਕਈ ਮਿਆਰੀ ਅਤੇ ਅਰਥ-ਭਰਪੂਰ ਫਿਲਮ ਪ੍ਰੋਜੈਕਟਸ ਬਤੌਰ ਨਿਰਦੇਸ਼ਕ ਸਾਹਮਣੇ ਲਿਆਉਣ ਵਿੱਚ ਉਨਾਂ ਦੀ ਅਹਿਮ ਭੂਮਿਕਾ ਹੈ, ਜੋ ਆਪਣੀ ਇਸ ਨਵੀਂ ਫਿਲਮ ਨਾਲ ਪੰਜਾਬੀ ਸਿਨੇਮਾ ਖੇਤਰ ਵਿੱਚ ਹੋਰ ਮਜ਼ਬੂਤ ਪੈੜਾਂ ਸਿਰਜਣ ਵੱਲ ਵੱਧ ਚੁੱਕੇ ਹਨ।