ਚੰਡੀਗੜ੍ਹ: ਪੰਜਾਬੀ ਸਿਨੇਮਾ ਖੇਤਰ ਵਿੱਚ ਐਕਸਪੈਰੀਮੈਂਟਲ ਅਤੇ ਅਲਹਦਾ ਵਿਸ਼ੇ ਸਾਰ ਅਧਾਰਿਤ ਫਿਲਮਾਂ ਬਣਾਉਣ ਦਾ ਰੁਝਾਨ ਇੱਕ ਵਾਰ ਫਿਰ ਜ਼ੋਰ ਫੜਦਾ ਜਾ ਰਿਹਾ ਹੈ, ਜਿਸ ਸੰਬੰਧੀ ਕੀਤੇ ਜਾ ਰਹੇ ਮਾਣਮੱਤੇ ਯਤਨਾਂ ਦੀ ਲੜੀ ਵਜੋਂ ਇਹ ਸਾਹਮਣੇ ਆਉਣ ਜਾ ਰਹੀ ਹੈ ਪੰਜਾਬੀ ਫਿਲਮ 'ਮੇਰਾ ਸੁਪਨਾ', ਜੋ 29 ਦਸੰਬਰ ਨੂੰ ਪੰਜਾਬੀ ਓਟੀਟੀ ਪਲੇਟਫ਼ਾਰਮ 'ਤੇ ਆਨ ਸਟ੍ਰੀਮ ਹੋਣ ਜਾ ਰਹੀ ਹੈ।
'ਸ਼ਾਈਨਵੁੱਡ ਮਿਊਜ਼ਿਕ ਪ੍ਰੋਡੋਕਸ਼ਨ' ਦੇ ਬੈਨਰ ਹੇਠ ਬਣਾਈ ਗਈ ਉਕਤ ਅਰਥ-ਭਰਪੂਰ ਪੰਜਾਬੀ ਫਿਲਮ ਦਾ ਨਿਰਦੇਸ਼ਨ ਅਸ਼ੋਕ ਮਲਹੋਤਰਾ, ਜਦਕਿ ਨਿਰਮਾਣ ਨੀਲਮ ਚੌਹਾਨ, ਰੁਪਿੰਦਰ ਸਿੰਘ, ਇਰਫਾਨ ਅਤੇ ਹੈਪੀ ਵੱਲੋਂ ਕੀਤਾ ਗਿਆ ਹੈ। ਚੰਡੀਗੜ੍ਹ ਅਤੇ ਪੰਜਾਬ ਦੀਆਂ ਵੱਖ-ਵੱਖ ਲੋਕੇਸ਼ਨਜ਼ ਉਪਰ ਫਿਲਮਬੱਧ ਕੀਤੀ ਗਈ ਇਸ ਫਿਲਮ ਦੀ ਸਟਾਰ ਕਾਸਟ ਵਿੱਚ ਪਰਮਿੰਦਰ ਗਿੱਲ, ਸਵਿੰਦਰ ਸਿੰਘ ਮਾਹਲ, ਦਲਬਾਰਾ ਸਿੰਘ ਦੁਬਈ, ਮੰਤਵ, ਦਰਸ਼ਨ ਘਾਰੂ, ਅਮਿਤ ਖਾਨ, ਤੇਜਿੰਦਰ ਕੌਰ ਆਦਿ ਸ਼ਾਮਿਲ ਹਨ।
ਇੰਨਾਂ ਤੋਂ ਇਲਾਵਾ ਇਸ ਫਿਲਮ ਨੂੰ ਪ੍ਰਭਾਵੀ ਰੂਪ ਦੇਣ ਵਿੱਚ ਪੰਜਾਬੀ ਅਤੇ ਹਿੰਦੀ ਸਿਨੇਮਾ ਦੇ ਦਿੱਗਜ ਐਕਟਰਜ਼ ਵਿੱਚ ਸ਼ੁਮਾਰ ਕਰਵਾਉਂਦੇ ਰਤਨ ਔਲਖ ਵੀ ਅਹਿਮ ਭੂਮਿਕਾ ਨਿਭਾਉਣਗੇ ਜੋ ਇਸ ਫਿਲਮ ਵਿੱਚ ਕਾਫ਼ੀ ਮਹੱਤਵਪੂਰਨ ਕਿਰਦਾਰ ਵਿੱਚ ਵਿਖਾਈ ਦੇਣਗੇ। ਉਨਾਂ ਆਪਣੇ ਕਿਰਦਾਰ ਸੰਬੰਧੀ ਕੁਝ ਹੋਰ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਬਹੁਤ ਹੀ ਦਿਲ ਟੁੰਬਵਾਂ ਰੋਲ ਪਲੇ ਕਰ ਰਿਹਾ ਹਾਂ ਇਸ ਫਿਲਮ ਵਿਚ, ਜਿਸ ਨੂੰ ਅਦਾ ਕਰਨਾ ਬਹੁਤ ਹੀ ਸਕੂਨਦਾਇਕ ਅਹਿਸਾਸ ਅਤੇ ਯਾਦਗਾਰੀ ਤਜ਼ਰਬਾ ਰਿਹਾ ਹੈ।
ਉਨਾਂ ਅੱਗੇ ਕਿਹਾ ਕਿ ਬਤੌਰ ਅਦਾਕਾਰ ਗਿਣੀਆਂ-ਚੁਣੀਆਂ ਫਿਲਮਾਂ ਅਤੇ ਭੂਮਿਕਾਵਾਂ ਕਰਨੀਆਂ ਹੀ ਪਸੰਦ ਕਰਦਾ ਹਾਂ, ਪਰ ਇਸ ਫਿਲਮ ਨਾਲ ਜੁੜਨਾ ਬਹੁਤ ਮਾਣ ਭਰਿਆ ਰਿਹਾ ਹੈ, ਜਿਸ ਵਿੱਚ ਦਰਸ਼ਕਾਂ ਅਤੇ ਚਾਹੁੰਣ ਵਾਲਿਆਂ ਨੂੰ ਬਿਲਕੁਲ ਜੁਦਾ ਕਿਰਦਾਰ ਵਿੱਚ ਨਜ਼ਰੀ ਪਵਾਂਗਾ।
ਫਿਲਮ ਦੀ ਨਿਰਮਾਣ ਟੀਮ ਅਨੁਸਾਰ ਪੰਜਾਬ ਅਤੇ ਪੰਜਾਬੀਅਤ ਦੀ ਤਰਜ਼ਮਾਨੀ ਕਰਦੀ ਉਕਤ ਫਿਲਮ ਦੇ ਕਹਾਣੀ ਭਾਵਨਾਤਮਕਤਾ ਭਰੇ ਕਹਾਣੀ ਤਾਣੇ-ਬਾਣੇ ਦੇ ਨਾਲ-ਨਾਲ ਇਸਦੇ ਹੋਰਨਾਂ ਪੱਖਾਂ ਨੂੰ ਉਮਦਾ ਬਣਾਉਣ ਲਈ ਪੂਰੀ ਟੀਮ ਵੱਲੋਂ ਕਾਫ਼ੀ ਮਿਹਨਤ ਅਤੇ ਤਰੱਦਦ ਕੀਤੇ ਗਏ ਹਨ, ਜਿਸ ਦੇ ਮੱਦੇਨਜ਼ਰ ਇਸ ਦਾ ਗੀਤ-ਸੰਗੀਤ ਪੱਖ ਵੀ ਸਦਾ ਬਹਾਰ ਅਤੇ ਬਾਕਮਾਲ ਸਿਰਜਿਆ ਗਿਆ ਹੈ, ਜਿਸ ਨੂੰ ਪਵਨ ਫਾਇਰਬੀਟ ਦੁਆਰਾ ਸੰਗੀਤਬੱਧ ਕੀਤਾ ਗਿਆ ਹੈ, ਜਿੰਨਾਂ ਦੀਆਂ ਸੰਗੀਤਕ ਸੁਰਾਂ ਨੂੰ ਬੋਲ ਰੁਪਿੰਦਰ ਸਿੰਘ ਨੇ ਦਿੱਤੇ ਹਨ ਅਤੇ ਪਿੱਠਵਰਤੀ ਗਾਇਕਾਂ ਦੇ ਤੌਰ 'ਤੇ ਆਵਾਜ਼ਾਂ ਮਨਵੀਰ ਮਨੀ, ਜਤਿਨ ਅਤੇ ਰੇਸ਼ਮ ਸਿੰਘ ਨੇ ਦਿੱਤੀਆਂ ਹਨ।