ਚੰਡੀਗੜ੍ਹ:ਪੰਜਾਬੀ ਸਿਨੇਮਾ ਨੂੰ ਨਵੀਂ ਦਿਸ਼ਾ ਦੇਣ ਲਈ ਖਰੌੜ ਫਿਲਮਜ਼ ਅਤੇ ਫਰੂਟ ਚਾਟ ਐਂਟਰਟੇਨਮੈਂਟ ਇੱਕ ਨਵੀਂ ਫਿਲਮ ਲੈ ਕੇ ਆ ਰਹੇ ਹਨ, ਜੀ ਹਾਂ...ਡਿੰਪਲ ਖਰੌੜ ਅਤੇ ਅਭੈ ਦੀਪ ਸਿੰਘ ਮੱਤੀ ਜਲਦ ਹੀ ਫਿਲਮ 'ਚਿੜੀਆਂ ਦਾ ਚੰਬਾ' (Chidiyan Da Chamba Poster) ਨੂੰ ਪੇਸ਼ ਕਰ ਰਹੇ ਹਨ, ਫਿਲਮ ਨੂੰ ਪ੍ਰੇਮ ਸਿੰਘ ਸਿੱਧੂ ਦੁਆਰਾ ਲਿਖਿਆ ਅਤੇ ਨਿਰਦੇਸ਼ਿਤ ਕੀਤਾ ਹੈ, ਫਿਲਮ ਅਗਲੇ ਮਹੀਨੇ ਭਾਵ ਕਿ ਅਕਤੂਬਰ ਮਹੀਨੇ ਦੀ 13 ਤਾਰੀਖ ਨੂੰ ਰਿਲੀਜ਼ ਹੋ ਜਾਵੇਗੀ।
ਨਿਰਮਾਤਾਵਾਂ ਨੇ ਹਾਲ ਹੀ ਵਿੱਚ ਫਿਲਮ ਦਾ ਮਜ਼ੇਦਾਰ ਪੋਸਟਰ ਅਤੇ ਟ੍ਰੇਲਰ (Chidiyan Da Chamba Poster) ਰਿਲੀਜ਼ ਕੀਤਾ ਹੈ, ਪੋਸਟਰ ਵਿੱਚ ਫਿਲਮ ਦੀਆਂ ਸਟਾਰ ਅਦਾਕਾਰਾਂ ਨਜ਼ਰ ਆ ਰਹੀਆਂ ਹਨ। ਜਿਸ ਵਿੱਚ ਸ਼ਰਨ ਕੌਰ, ਅਮਾਇਰਾ ਦਸਤੂਰ, ਨੇਹਾ ਪਵਾਰ ਅਤੇ ਮਹਿਨਾਜ਼ ਕੌਰ ਸ਼ਾਮਿਲ ਹਨ। ਉਹ ਇੱਕ ਵੈਨ ਕੋਲ ਖੜੀਆਂ ਹਨ ਅਤੇ ਚਿਹਰੇ ਤੋਂ ਉਹ ਕਾਫੀ ਗੁੱਸੇ ਵਿੱਚ ਨਜ਼ਰ ਆ ਰਹੀਆਂ ਹਨ ਜਿਵੇਂ ਉਹ ਕਿਸੇ ਜੰਗ ਦੀ ਤਿਆਰੀ ਵਿੱਚ ਹੋਣ।
ਫਿਲਮ ਦੇ ਟ੍ਰੇਲਰ ਬਾਰੇ ਗੱਲ ਕਰੀਏ ਤਾਂ ਟ੍ਰੇਲਰ ਸਾਨੂੰ ਦੱਸਦਾ ਹੈ ਕਿ ਕਹਾਣੀ ਸਮਾਜ ਦੀਆਂ ਸਤਾਈਆਂ ਹੋਈਆਂ ਉਹਨਾਂ ਨੌਜਵਾਨ ਕੁੜੀਆਂ ਦੁਆਲੇ ਘੁੰਮੇਗੀ ਜਿੰਨ੍ਹਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਇੱਕ ਬੇਦਰਦੇ ਇਨਸਾਨ ਵੱਲੋਂ ਮਾਨਸਿਕ ਅਤੇ ਸਰੀਰਕ ਦੁੱਖ ਦਿੱਤਾ ਗਿਆ। ਅਲੱਗ-ਅਲੱਗ ਪ੍ਰਸਥਿਤੀਆਂ ਵਿੱਚ ਹੋਣ ਤੋਂ ਬਾਅਦ ਇਹ ਨੌਜਵਾਨਾਂ ਔਰਤਾਂ ਇੱਕਠੀਆਂ ਹੋ ਜਾਂਦੀਆਂ ਹਨ ਅਤੇ ਆਪਣੇ ਆਪਣੇ ਦੁੱਖ ਸਾਂਝੇ ਕਰਨ ਤੋਂ ਬਾਅਦ ਉਹਨਾਂ ਦਾ ਬਦਲਾ ਲੈਣ ਦੀ ਕੋਸ਼ਿਸ਼ ਕਰਦੀਆਂ ਹਨ। ਤੁਹਾਨੂੰ ਦੱਸ ਦਈਏ ਕਿ ਇਹ ਫਿਲਮ ਇੱਕ ਔਰਤ-ਕੇਂਦ੍ਰਿਤ ਫਿਲਮ ਹੈ। ਫਿਲਮ ਦੀ ਕਹਾਣੀ ਇੱਕ ਸ਼ਕਤੀਸ਼ਾਲੀ ਔਰਤਾਂ ਦੇ ਆਲੇ-ਦੁਆਲੇ ਘੁੰਮਦੀ ਨਜ਼ਰ ਆਵੇਗੀ। ਟ੍ਰੇਲਰ ਦੇ ਕਈ ਅਜਿਹੇ ਡਾਇਲਾਗ ਹਨ, ਜੋ ਯਕੀਨਨ ਸਿਨੇਮਾਘਰਾਂ ਵਿੱਚ ਲੋਕਾਂ ਨੂੰ ਉੱਠ ਕੇ ਤਾੜੀਆਂ ਮਾਰਨ ਲਈ ਮਜ਼ਬੂਰ ਕਰਨਗੇ।
ਉਹਨਾਂ ਵਿੱਚੋਂ ਇੱਕ ਹੈ, 'ਜ਼ਿੰਦਗੀ ਨੂੰ ਜਿਊਂਣ ਅਤੇ ਲੰਘਾਉਣ ਵਿੱਚ ਬਹੁਤ ਅੰਤਰ ਹੁੰਦਾ, ਜ਼ਿੰਦਗੀ ਤਾਂ ਸਾਨੂੰ ਸਾਰਿਆਂ ਨੂੰ ਮਿਲਦੀ ਐ,ਪਰ ਜਿਊਂਣ ਦੀ ਅਜ਼ਾਦੀ ਨੀ। ਜਿਆਦਾਤਰ ਲੋਕ ਗੁਲਾਮੀ ਨੂੰ ਚੁੱਪ-ਚਾਪ ਸਹਿਣ ਕਰ ਜਾਂਦੇ ਨੇ, ਪਰ ਗੁਲਾਮੀ ਦੀਆਂ ਜ਼ੰਜੀਰਾਂ ਨੂੰ ਤੋੜਨ ਵਾਲੇ ਹੱਥ ਵਿਰਲੇ ਹੁੰਦੇ ਨੇ।'
ਇਸ ਨੂੰ ਸਾਂਝਾ ਕਰਦੇ ਹੋਏ ਲੇਖਕ ਪ੍ਰੇਮ ਸਿੰਘ ਨੇ ਲਿਖਿਆ ਹੈ ਕਿ 'ਹਰ ਮਿੱਟੀ ਦੀ ਆਪਣੀ ਖਸਲਤ ਹਰ ਮਿੱਟੀ ਕੁੱਟਿਆਂ ਨੀ ਭੁਰਦੀ, ਇਹ ਪੰਜਾਬ ਦੀ ਮਿੱਟੀ ਐ, ਏਹਦੀ ਰੜਕ, ਮੜਕ ‘ਤੇ ਅਣਖ ਥੋਡੇ ਇਹਨਾਂ ਵਿਗਿਆਨਾਂ ਜਾਂ ਸ਼ਾਸ਼ਤਰਾਂ ਦੀ ਪਕੜ 'ਚ ਨੀ ਆ ਸਕਦੀ, ਇਹ ਉਹ ਪੰਜਾਬ ਦੀ ਮਿੱਟੀ ਐ, ਜਿਸਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਰਬੰਸ ਵਾਰ ਕੇ ਸੂਰਬੀਰਤਾ ਦਾ ਜਾਗ ਲਾਇਐ, ਪੰਜਾਬ ਦੀ ਮਿੱਟੀ ਦੀ ਰੜਕ, ਮੜਕ ਅਤੇ ਅਣਖ ਨੂੰ ਮਹਿਸੂਸ ਕਰਨ ਲਈ 13 ਅਕਤੂਬਰ ਨੂੰ ਆਪਣੇ ਨਜ਼ਦੀਕੀ ਸਿਨੇਮਾਘਰਾਂ 'ਚ ਹਾਜ਼ਰੀ ਭਰੋ'।