ਚੰਡੀਗੜ੍ਹ: ਪੰਜਾਬੀ ਸਿਨੇਮਾ ਲਈ ਅਲਹਦਾ ਸਿਰਜਣਾਤਮਕਤਾ ਦਾ ਇਜ਼ਹਾਰ ਕਰਵਾਉਣ ਜਾ ਰਹੀ ਹੈ ਪੰਜਾਬੀ ਫੀਚਰ ਫਿਲਮ 'ਬਾਪੂ ਦਾ ਕਲਾਕਾਰ', ਜਿਸ ਦਾ ਟ੍ਰੇਲਰ ਅੱਜ ਵੱਡੇ ਪੱਧਰ 'ਤੇ ਰਿਲੀਜ਼ ਕੀਤਾ ਜਾ ਰਿਹਾ ਹੈ। 'ਯੁਵਮ ਫਿਲਮਜ਼' ਦੁਆਰਾ ਪੇਸ਼ ਕੀਤੀ ਜਾ ਰਹੀ ਇਸ ਅਰਥ-ਭਰਪੂਰ ਫਿਲਮ ਦਾ ਲੇਖਨ ਅਤੇ ਨਿਰਦੇਸ਼ਨ ਪ੍ਰਵੀਨ ਮਹਿਰਾ ਦੁਆਰਾ ਕੀਤਾ ਗਿਆ, ਜੋ ਇਸ ਤੋਂ ਪਹਿਲਾਂ ਵੀ ਕਈ ਸੰਦੇਸ਼ਮਕ ਅਤੇ ਮਿਆਰੀ ਲਘੂ ਫਿਲਮਾਂ ਦਾ ਨਿਰਮਾਣ ਅਤੇ ਨਿਰਦੇਸ਼ਨ ਕਰ ਚੁੱਕੇ ਹਨ।
ਮੂਲ ਰੂਪ ਵਿੱਚ ਉਦਯੋਗਿਕ ਸ਼ਹਿਰ ਲੁਧਿਆਣਾ ਨਾਲ ਸੰਬੰਧਤ ਇਸ ਹੋਣਹਾਰ ਨਿਰਦੇਸ਼ਕ-ਸੰਗੀਤਕਾਰ ਅਤੇ ਅਦਾਕਾਰ ਨੇ ਦੱਸਿਆ ਕਿ ਉਨਾਂ ਦੀ ਇਹ ਨਵੀਂ ਪੰਜਾਬੀ ਫਿਲਮ ਵੀ ਬਹੁਤ ਹੀ ਭਾਵਪੂਰਨ ਕਹਾਣੀ ਸਾਰ ਅਧੀਨ ਬੁਣੀ ਗਈ ਹੈ, ਜਿਸ ਵਿੱਚ ਪਰਿਵਾਰਿਕ ਡਰਾਮੇ ਦੇ ਨਾਲ-ਨਾਲ ਦਿਲਚਸਪ ਕਾਮੇਡੀ ਭਰੇ ਕਈ ਰੰਗ ਦਰਸ਼ਕਾਂ ਨੂੰ ਵੇਖਣ ਲਈ ਮਿਲਣਗੇ।
ਉਨਾਂ ਅੱਗੇ ਦੱਸਿਆ ਕਿ ਲੁਧਿਆਣਾ ਅਤੇ ਇਸ ਦੇ ਆਸ-ਪਾਸ ਦੇ ਖੇਤਰਾਂ 'ਚ ਮੁਕੰਮਲ ਕੀਤੀ ਗਈ ਇਸ ਫਿਲਮ ਵਿੱਚ ਲੀਡ ਭੂਮਿਕਾ 'ਚ ਉਹ ਖੁਦ ਨਜ਼ਰ ਆਉਣਗੇ, ਜਿੰਨਾਂ ਤੋਂ ਇਲਾਵਾ ਇਸ ਵਿਚਲੇ ਹੋਰਨਾਂ ਕਲਾਕਾਰਾਂ ਵਿੱਚ ਹਰਮਿੰਦਰ ਬਿਲਖੂ, ਮਲਕੀਤ ਰੌਣੀ, ਹਨੀ ਵਾਲੀਆ, ਮਨ ਕੌਰ, ਕਾਮੇਡੀਅਨ ਲੱਕੀ, ਏਕਤਾ ਨਾਗਪਾਲ, ਜੌਲੀ ਵਰਮਾ, ਵਿਜੇ ਸੇਠੀ, ਬਲਜੀਤ ਮਾਹਲਾ, ਅਵਤਾਰ ਵਰਮਾ, ਜਸਜੋਤ ਗਿੱਲ, ਪਰਮਿੰਦਰ ਕੁਮਾਰ, ਵਿਨੈ ਡੋਗਰਾ, ਰਾਕੇਸ਼ ਬਲੋਚ, ਦੇਵ ਸਰਕਾਰ, ਗੁਰਪ੍ਰੀਤ ਕੌਰ, ਡਾ. ਸੁਨੀਲ, ਦੀਪ, ਪਰਮਿੰਦਰ ਸਿੰਘ ਆਦਿ ਸ਼ਾਮਿਲ ਹਨ।
"ਵਾਈਟ ਹਿੱਲ ਸਟੂਡੀਓਜ਼" ਵੱਲੋਂ ਇਸੇ 15 ਦਸੰਬਰ ਨੂੰ ਭਾਰਤ ਭਰ ਵਿੱਚ ਰਿਲੀਜ਼ ਕੀਤੀ ਜਾ ਰਹੀ ਇਸ ਫਿਲਮ ਦਾ ਸੰਗੀਤ ਵੀ ਪ੍ਰਵੀਨ ਮਹਿਰਾ ਦੁਆਰਾ ਹੀ ਸੰਗੀਤਬੱਧ ਕੀਤਾ ਗਿਆ ਹੈ, ਜਿੰਨਾਂ ਦੱਸਿਆ ਕਿ ਭਾਵਨਾਤਮਕਤਾ ਭਰੇ ਦ੍ਰਿਸ਼ਾਂ ਨਾਲ ਭਰਪੂਰ ਉਕਤ ਫਿਲਮ ਦਾ ਗੀਤ ਅਤੇ ਸੰਗੀਤ ਪੱਖ ਵੀ ਇਸ ਦੇ ਖਾਸ ਪਹਿਲੂਆਂ ਵਿੱਚ ਸ਼ੁਮਾਰ ਹੈ, ਜਿਸ ਨੂੰ ਬਹੁਤ ਹੀ ਉਮਦਾ ਰੂਪ ਵਿੱਚ ਤਿਆਰ ਕੀਤਾ ਗਿਆ ਹੈ।
ਪੰਜਾਬੀ ਸਿਨੇਮਾ ਗਲਿਆਰਿਆਂ ਵਿੱਚ ਆਪਣੀਆਂ ਬਹੁ-ਕਲਾਵਾਂ ਦੇ ਚੱਲਦਿਆਂ ਇੱਕ ਵਾਰ ਫਿਰ ਚਰਚਾ ਦਾ ਕੇਂਦਰ ਬਿੰਦੂ ਬਣੇ ਇਸ ਪ੍ਰਤਿਭਾਵਾਨ ਅਦਾਕਾਰ, ਨਿਰਮਾਤਾ, ਨਿਰਦੇਸ਼ਕ ਅਤੇ ਸੰਗੀਤਕਾਰ ਪ੍ਰਵੀਨ ਮਹਿਰਾ ਦੇ ਹਾਲੀਆ ਕਰੀਅਰ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਉਨਾਂ ਦੀਆਂ ਰਿਲੀਜ਼ ਹੋ ਚੁੱਕੀਆਂ ਲਘੂ ਫਿਲਮਾਂ ਵਿੱਚ 'ਤੈਨੂੰ ਨਾ ਖਬਰਾਂ', 'ਉਹਦਾ ਨਾਮ ਨਈਂ ਲਿਆ', 'ਧਾਰਨਾ' ਆਦਿ ਸ਼ਾਮਿਲ ਰਹੀਆਂ ਹਨ, ਜਿੰਨਾਂ ਤੋਂ ਇਲਾਵਾ ਇੱਕ ਹੋਰ ਫਿਲਮ 'ਸਿੱਧਾ' ਵੀ ਸੰਪੂਰਨ ਹੋ ਚੁੱਕੀ ਹੈ, ਜਿਸ ਬਾਰੇ ਰਸਮੀ ਜਾਣਕਾਰੀ ਉਨਾਂ ਦੱਸਿਆ ਕਿ ਉਹ ਜਲਦ ਸਾਂਝੀ ਕਰਨਗੇ।