ਚੰਡੀਗੜ੍ਹ :ਪੰਜਾਬੀ ਫ਼ਿਲਮਾਂ ਅਤੇ ਸੰਗੀਤ ਵੰਨਗੀਆਂ ਦਾ ਜਾਦੂ ਦੇਸ਼ ਦੇ ਨਾਲ ਨਾਲ ਵਿਦੇਸ਼ ਵਿੱਚ ਵੱਸਦੇ ਪ੍ਰਵਾਸੀ ਭਾਰਤੀਆਂ ਦੇ ਵੀ ਸਿਰ ਚੜ੍ਹ ਬੋਲ ਰਿਹਾ ਹੈ, ਜਿਸ ਦੇ ਮੱਦੇਨਜ਼ਰ ਦੁਨੀਆਂ ਦੇ ਵੱਖ ਵੱਖ ਦੇਸ਼ਾਂ ਵਿਚ ਮੇਲਿਆਂ ਅਤੇ ਲਾਈਵ ਸ਼ੋਅ ਕੰਨਸਰਟ ਦੇ ਆਯੋਜਨ ਕਰਵਾਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਅਤੇ ਇਸੇ ਦੇ ਚਲਦਿਆਂ ਯੂ.ਐਸ.ਏ ਵਿਚ ਇਕ ਹੋਰ ਵੱਡਾ ਪੰਜਾਬੀ ਮੇਲਾ 1 ਅਪ੍ਰੈਲ ਨੂੰ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਪੰਜਾਬੀ ਸਿਨੇਮਾ ਅਤੇ ਸੰਗੀਤ ਜਗਤ ਨਾਲ ਜੁੜੀਆਂ ਨਾਮਵਰ ਸ਼ਖ਼ਸ਼ੀਅਤਾਂ ਹਿੱਸਾ ਲੈਣ ਜਾ ਰਹੀਆਂ ਹਨ।
ਪੰਜਾਬ ਗਲੋਬਲ ਸੁਸਾਇਟੀ ਵੱਲੋਂ ਫ਼ੰਕਬੋਕਸ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ ਮੇਲੇ ਵਿਚ ਪੰਜਾਬੀ ਫ਼ਨਕਾਰ ਮਲਕੀਤ ਸਿੰਘ, ਮਨਿੰਦਰ ਦਿਓਲ ਦੇ ਨਾਲ ਨਾਲ ਪੰਜਾਬੀ ਸਿਨੇਮਾ ਅਦਾਕਾਰ ਕਰਤਾਰ ਚੀਮਾ ਵੀ ਭਾਗ ਲੈ ਰਹੇ ਹਨ। ਉਕਤ ਮੇਲੇ ਦੇ ਪ੍ਰਬੰਧਕਾਂ ਅਤੇ ਸਪੋਸ਼ਰਜ਼ ਵਿਚ ਤੀਰਥ ਗਾਖ਼ਲ, ਡਾ. ਦਵਿੰਦਰ ਸੰਧੂ, ਨਿੱਕ ਵੜ੍ਹੈਚ, ਬਿਕਰਮਜੀਤ ਸਿੰਘ, ਆਕਾਸ਼ ਸ਼ਰਮਾ ਅਤੇ ਲੋਕ ਗਾਇਕਾ ਮਨਿੰਦਰ ਕੌਰ ਵੀ ਸ਼ਾਮਿਲ ਹਨ, ਜਿੰਨ੍ਹਾਂ ਦੀ ਟੀਮ ਅਨੁਸਾਰ ਸਮਾਰੋਹ ਦੌਰਾਨ ਸੁਚੱਜੀ ਮੁਟਿਆਰ ਮੁਕਾਬਲਾ ਅਤੇ ਗਿੱਧਾ ਕੰਪੀਟੀਸ਼ਨ ਵੀ ਕਰਵਾਇਆ ਜਾਵੇਗਾ, ਜਿਸ ਵਿਚ ਸ਼ਾਨਦਾਰ ਪ੍ਰਤਿਭਾ ਦਾ ਮੁਜ਼ਾਹਰਾ ਕਰਨ ਵਾਲੀਆਂ ਪੰਜਾਬਣ ਮੁਟਿਆਰਾਂ ਨੂੰ ਸਨਮਾਨਿਤ ਕਰਕੇ ਉਨ੍ਹਾਂ ਦੀ ਹੌਸਲਾ ਅਫ਼ਜਾਈ ਵੀ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਮੇਅਰ ਬੋਬੀ ਸਿੰਘ ਅਲੈਨ ਸ਼ਾਮਿਲ ਹੋਣਗੇ , ਜਿੰਨ੍ਹਾਂ ਤੋਂ ਇਲਾਵਾ ਯੂ.ਐਸ.ਏ ਵਿਚ ਪੰਜਾਬੀ ਰੀਤੀ ਰਿਵਾਜ਼ਾਂ ਨੂੰ ਪ੍ਰਫੁਲਿੱਤ ਕਰਨ ਅਤੇ ਕਦਰਾਂ ਕੀਮਤਾਂ ਨੂੰ ਜਿਉਂਦਿਆਂ ਰੱਖਣ ਲਈ ਯਤਨਸ਼ੀਲ ਰਹਿਣ ਵਾਲੀਆਂ ਹੋਰ ਕਈ ਹਸਤੀਆਂ ਵੀ ਸਮਾਰੋਹ ਨੂੰ ਚਾਰ ਚੰਨ ਲਗਾਉਣਗੀਆਂ।