ਲੁਧਿਆਣਾ:ਪੰਜਾਬੀ ਦੇ ਦਿੱਗਜ ਗਾਇਕ ਸੁਰਿੰਦਰ ਛਿੰਦਾ ਦੀ ਤਬੀਅਤ ਲਗਾਤਾਰ ਖਰਾਬ ਹੁੰਦੀ ਜਾ ਰਹੀ ਹੈ। ਉਨ੍ਹਾਂ ਨੂੰ ਹੁਣ ਲੁਧਿਆਣਾ ਦੇ ਦੀਪ ਹਸਪਤਾਲ ਤੋਂ ਡੀਐਮਸੀ ਹਸਪਤਾਲ 'ਚ ਦਾਖਲ ਕਰਵਾ ਦਿੱਤਾ ਗਿਆ ਹੈ। ਅੱਜ (15 ਜੁਲਾਈ) ਸਵੇਰੇ ਉਨ੍ਹਾਂ ਦੇ ਪਰਿਵਾਰ ਨੇ ਗਾਇਕ ਨੂੰ ਡੀਐਮਸੀ ਲੈ ਕੇ ਜਾਣ ਦਾ ਫੈਸਲਾ ਕੀਤਾ, ਜਿਸ ਤੋਂ ਬਾਅਦ ਉਹਨਾਂ ਨੂੰ ਡੀਐਮਸੀ ਦੇ ਐਮਰਜੈਂਸੀ ਵਾਰਡ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ ਹੈ।
ਤੁਹਾਨੂੰ ਦੱਸ ਦਈਏ ਕਿ ਸੁਰਿੰਦਰ ਛਿੰਦਾ ਦਾ ਬੀਤੇ ਦਿਨੀਂ ਦੀਪ ਹਸਪਤਾਲ ਵਿੱਚ ਵੀ ਇੱਕ ਅਪਰੇਸ਼ਨ ਹੋਇਆ ਸੀ। ਉਹਨਾਂ ਦਾ ਪਰਿਵਾਰ ਲਗਾਤਾਰ ਉਹਨਾਂ ਨੂੰ ਡੀਐਮਸੀ ਲੈ ਕੇ ਜਾਣ ਦੀ ਗੱਲ ਕਹਿ ਰਿਹਾ ਸੀ। ਜਿਸ ਤੋਂ ਬਾਅਦ ਅੱਜ ਐਮਬੂਲੈਂਸ ਰਾਹੀਂ ਡੀਐਮਸੀ ਹਸਪਤਾਲ ਲਿਜਾਇਆ ਗਿਆ।
ਹਾਲਾਂਕਿ ਦੀਪ ਹਸਪਤਾਲ ਦੇ ਮੁਖੀ ਡਾਕਟਰ ਬਲਦੀਪ ਸਿੰਘ ਨਾਲ ਜਦੋਂ ਅਸੀਂ ਫੋਨ 'ਤੇ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਪਰਿਵਾਰ ਆਪਣੀ ਮਰਜ਼ੀ ਨਾਲ ਡੀਐਮਸੀ ਹਸਪਤਾਲ ਲੈ ਕੇ ਗਿਆ ਹੈ, ਡਾਕਟਰ ਬਲਦੀਪ ਨੇ ਇਹ ਵੀ ਕਿਹਾ ਕਿ ਉਹਨਾਂ ਦਾ ਇਲਾਜ ਸੀਨੀਅਰ ਡਾਕਟਰ ਗੁਰਪ੍ਰੀਤ ਕਰ ਰਹੇ ਸਨ ਅਤੇ ਪਰਿਵਾਰ ਕਾਫੀ ਦਿਨਾਂ ਤੋਂ ਓਹਨਾਂ ਨੂੰ ਕਹਿ ਰਿਹਾ ਸੀ ਕਿ ਉਹ ਗਾਇਕ ਨੂੰ ਡੀਐਮਸੀ ਹਸਪਤਾਲ ਲੈ ਕੇ ਜਾਣਾ ਚਾਹੁੰਦੇ ਨੇ ਅਤੇ ਅੱਜ ਉਹ ਆਪਣੀ ਮਰਜ਼ੀ ਦੇ ਨਾਲ ਉਹਨਾਂ ਨੂੰ ਇੱਥੋਂ ਲੈ ਕੇ ਗਏ ਹਨ।
ਇਸ ਤੋਂ ਪਹਿਲਾਂ ਸੁਰਿੰਦਰ ਛਿੰਦਾ ਦਾ ਲੁਧਿਆਣਾ ਦੇ ਇਕ ਨਿੱਜੀ ਹਸਪਤਾਲ 'ਚ ਆਪਰੇਸ਼ਨ ਹੋਇਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਲੁਧਿਆਣਾ ਦੇ ਦੀਪ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਉਹ ਕਈ ਦਿਨ ਹਸਪਤਾਲ ਵਿਚ ਰਹੇ ਅਤੇ ਅੱਜ ਉਹਨਾਂ ਦੇ ਪਰਿਵਾਰ ਦੇ ਫੈਸਲੇ ਤੋਂ ਬਾਅਦ ਉਹਨਾਂ ਨੂੰ ਡੀ ਐਮ ਸੀ ਹਸਪਤਾਲ ਲਿਜਾਇਆ ਗਿਆ ਹੈ। ਪੂਰਾ ਸੰਗੀਤ ਜਗਤ ਉਹਨਾਂ ਲਈ ਅਰਦਾਸ ਕਰ ਰਿਹਾ ਹੈ ਅਤੇ ਆਪਣੇ ਆਪਣੇ ਇੰਸਟਾਗ੍ਰਾਮ ਉਤੇ ਪੋਸਟ ਸਾਂਝੀ ਕਰਕੇ ਗਾਇਕ ਦੇ ਪ੍ਰਸ਼ੰਸਕਾਂ ਨੂੰ ਵੀ ਅਰਦਾਸ ਕਰਨ ਦੀ ਬੇਨਤੀ ਕਰ ਰਿਹਾ ਹੈ।