ਚੰਡੀਗੜ੍ਹ:ਪੰਜਾਬੀ ਸਿਨੇਮਾ ਖੇਤਰ ਵਿਚ ਲਗਾਤਾਰ ਕਾਰਜਸ਼ੀਲ ਅਤੇ ਕਈ ਚਰਚਿਤ ਫਿਲਮਾਂ ਦਾ ਚੰਗਾ ਨਿਰਦੇਸ਼ਨ ਕਰ ਚੁੱਕੇ ਮਨਦੀਪ ਸਿੰਘ ਚਾਹਲ ਵੱਲੋਂ ਆਪਣੀ ਅਗਲੀ ਫਿਲਮ ‘ਸੜ ਨਾ ਰੀਸ ਕਰ’ ਦਾ ਰਸਮੀ ਐਲਾਨ ਕਰ ਦਿੱਤਾ ਗਿਆ, ਜਿਸ ਦੇ ਪ੍ਰੀ ਪ੍ਰੋਡੋਕਸ਼ਨ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ।
‘ਗਿੱਲ ਮੋਸ਼ਨ ਪਿਕਚਰਜ਼’ ਅਤੇ ਜਸਕਰਨ ਸਿੰਘ ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਫਿਲਮ ਦਾ ਲੇਖਨ ਚੰਦਰ ਕੰਬੋਜ ਕਰ ਰਹੇ ਹਨ, ਜੋ ਬਤੌਰ ਲੇਖਕ ਅੱਜਕੱਲ੍ਹ ਕਈ ਹੋਰ ਸ਼ਾਨਦਾਰ ਫਿਲਮਾਂ ਨਾਲ ਵੀ ਜੁੜੇ ਹੋਏ ਹਨ। ਹਾਲ ਹੀ ਵਿਚ ਰਿਲੀਜ਼ ਹੋਈ ‘ਗੇੜ੍ਹੀ ਰੂਟ ਪ੍ਰੋਡੋਕਸ਼ਨ’ ਦੀ ਬਹੁਚਰਚਿਤ ਪੰਜਾਬੀ ਫਿਲਮ ‘ਨਿਡਰ’ ਦਾ ਨਿਰਦੇਸ਼ਨ ਕਰ ਚੁੱਕੇ ਮਨਦੀਪ ਚਾਹਲ ਦੱਸਦੇ ਹਨ ਕਿ ਨਿਰਮਾਤਾ ਜਸਕਰਨ ਸਿੰਘ ਵੱਲੋਂ ਨਿਰਮਿਤ ਕੀਤੀ ਜਾ ਰਹੀ ਇਸ ਫਿਲਮ ਦੇ ਸਹਿ ਨਿਰਮਾਤਾ ਵਿਕਾਸ ਧਵਨ, ਲਵਪ੍ਰੀਤ ਸਿੰਘ ਅਤੇ ਸੰਜੀਵ ਕੁਮਾਰ ਹਨ।
ਉਨ੍ਹਾਂ ਦੱਸਿਆ ਕਿ ਇਸ ਫਿਲਮ ਦੀ ਸਟਾਰ ਕਾਸਟ ਅਤੇ ਹੋਰਨਾਂ ਪਹਿਲੂਆਂ ਨੂੰ ਵੀ ਜਲਦ ਹੀ ਰਿਲੀਜ਼ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਦਿਲਚਸਪ ਡਰਾਮਾ ਕਹਾਣੀ ਆਧਾਰਿਤ ਇਸ ਫਿਲਮ ਵਿਚ ਪੰਜਾਬੀ ਸਿਨੇਮਾ ਦੇ ਕਈ ਮੰਨੇ-ਪ੍ਰਮੰਨੇ ਚਿਹਰੇ ਮਹੱਤਵਪੂਰਨ ਭੂਮਿਕਾਵਾਂ ਵਿਚ ਨਜ਼ਰ ਆਉਣਗੇ।
ਪੰਜਾਬੀ ਫਿਲਮ ਇੰਡਸਟਰੀ ਦੇ ਜ਼ਹੀਨ ਅਤੇ ਮੰਝੇ ਹੋਏ ਨਿਰਦੇਸ਼ਕ ਵਜੋਂ ਨਾਂ ਕਰਵਾਉਂਦੇ ਨਿਰਦੇਸ਼ਕ ਮਨਦੀਪ ਸਿੰਘ ਦੇ ਹੁਣ ਤੱਕ ਦੇ ਫਿਲਮ ਸਫ਼ਰ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਉਨ੍ਹਾਂ ਵੱਲੋਂ ਨਿਰਦੇਸ਼ਿਤ ਕੀਤੀਆਂ ਫਿਲਮਾਂ ਵਿਚ 'ਮੁੰਡਾ ਫ਼ਰੀਦਕੋਟੀਆਂ', 'ਜਸਟ ਯੂ ਐਂਡ ਮੀ', 'ਅਰਜੁਨ', 'ਪੰਜਾਬੀਆਂ ਦਾ ਕਿੰਗ' ਅਤੇ ਆਉਣ ਵਾਲੀਆਂ ਫਿਲਮਾਂ ਵਿਚ ‘ਗੇੜੀ ਰੂਟ’, ‘ਮੈਂ ਜਸ਼ਨ ਹੂੰ’, ‘ਬੁਲਟ’, ‘ਫ਼ੈਟਮ’ ਅਤੇ ਬਿਨੂੰ ਢਿੱਲੋਂ-ਯੁਵਰਾਜ਼ ਹੰਸ ਸਟਾਰਰ ‘ਬਿਲੋਂ ਵਰਸਿਸ਼ ਢਿੱਲੋਂ’ ਆਦਿ ਵੀ ਸ਼ਾਮਿਲ ਹਨ।
ਉਕਤ ਨਵੀਂ ਫਿਲਮ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਫਿਲਮਕਾਰ ਮਨਦੀਪ ਚਾਹਲ ਦੱਸਦੇ ਹਨ ਕਿ ਜਲਦ ਹੀ ਫ਼ਲੌਰ 'ਤੇ ਜਾ ਰਹੀ ਇਸ ਫਿਲਮ ਦੇ ਪ੍ਰੀ ਪ੍ਰੋਡੋਕਸ਼ਨ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ, ਜਿਸ ਉਪਰੰਤ ਫਿਲਮ ਦਾ ਪਲੇਠਾ ਅਤੇ ਮੁਕੰਮਲ ਲੁੱਕ ਵੀ ਜਾਰੀ ਕਰ ਦਿੱਤਾ ਜਾਵੇਗਾ। ਨਿਰਦੇਸ਼ਕ ਮਨਦੀਪ ਅਨੁਸਾਰ ਫ਼ਿਲਮਕਾਰ ਦੇ ਤੌਰ 'ਤੇ ਉਨਾਂ ਦੀ ਕੋਸ਼ਿਸ਼ ਹਮੇਸ਼ਾ ਕੁਝ ਨਾ ਕੁਝ ਵੱਖਰਾ ਕੰਟੈਂਟ ਦਰਸ਼ਕਾਂ ਸਨਮੁੱਖ ਕਰਨ ਦੀ ਰਹੀ ਹੈ, ਜਿਸ ਦੇ ਮੱਦੇਨਜ਼ਰ ਹੀ ਉਨਾਂ ਦੀ ਰਿਲੀਜ਼ ਹੋਈ ਹਰ ਫਿਲਮ ਇਕ ਦੂਸਰੇ ਤੋਂ ਕਹਾਣੀਸਾਰ ਦੇ ਤੌਰ 'ਤੇ ਬਿਲਕੁਲ ਜੁਦਾ ਰਹੀ ਹੈ ਤਾਂ ਕਿ ਦਰਸ਼ਕਾਂ ਨੂੰ ਤਰੋਤਾਜ਼ਗੀ ਦਾ ਅਹਿਸਾਸ ਹੁੰਦਾ ਰਹੇ।
ਉਨ੍ਹਾਂ ਦੱਸਿਆ ਕਿ ਆਗਾਜ਼ ਵੱਲ ਵੱਧ ਰਹੀ ਨਵੀਂ ਫਿਲਮ ਲਈ ਵੀ ਸਕ੍ਰਿਰਿਪਟ ਤੋਂ ਲੈ ਕੇ ਗੀਤ ਸੰਗੀਤ ਹਰ ਪੱਖ 'ਤੇ ਪੂਰੀ ਮਿਹਨਤ ਕੀਤੀ ਜਾ ਰਹੀ ਹੈ, ਜਿਸ ਦੇ ਚਲਦਿਆਂ ਉਮੀਦ ਕੀਤੀ ਜਾ ਸਕਦੀ ਹੈ ਕਿ ਇਹ ਫਿਲਮ ਵੀ ਦਰਸ਼ਕਾਂ ਅਤੇ ਪੰਜਾਬੀ ਸਿਨੇਮਾ ਨੂੰ ਨਵੀਆਂ ਕੰਟੈਂਟ ਸੰਭਾਵਨਾਵਾਂ ਨਾਲ ਅੋਤ ਪੋਤ ਕਰਨ ਵਿਚ ਅਹਿਮ ਭੂਮਿਕਾ ਨਿਭਾਵੇਗੀ।