ਚੰਡੀਗੜ੍ਹ: ਪੰਜਾਬੀ ਸਿਨੇਮਾ ਦੇ ਬਿਹਤਰੀਨ ਅਤੇ ਸਫਲ ਲੇਖਕ-ਨਿਰਦੇਸ਼ਕ ਵਜੋਂ ਚੋਖੀ ਭੱਲ ਸਥਾਪਿਤ ਕਰ ਚੁੱਕੇ ਹਨ ਅੰਬਰਦੀਪ ਸਿੰਘ, ਜਿੰਨਾਂ ਵੱਲੋਂ ਪ੍ਰਸਤਾਵਤ ਪਾਲੀਵੁੱਡ ਦੇ ਅਲਹਦਾ ਸਿਨੇਮਾ ਸਿਰਜਨ ਨੂੰ ਤਰਜੀਹ ਦੇਣ ਦੇ ਆਪਣੇ ਜਾਰੀ ਸਿਲਸਿਲੇ ਅਧੀਨ ਨਵੀਂ ਪੰਜਾਬੀ ਫਿਲਮ 'ਮਿੱਠੜੇ' ਦੀ ਸ਼ੂਟਿੰਗ ਦਾ ਆਗਾਜ਼ ਕਰ ਦਿੱਤਾ ਗਿਆ ਹੈ, ਜਿਸ ਵਿੱਚ ਕਈ ਮੰਨੇ-ਪ੍ਰਮੰਨੇ ਕਲਾਕਾਰਾਂ ਦੇ ਨਾਲ-ਨਾਲ ਇਸ ਸਿਨੇਮਾ ਨਾਲ ਜੁੜੇ ਕਈ ਪ੍ਰਤਿਭਾਸ਼ਾਲੀ ਚਿਹਰੇ ਲੀਡਿੰਗ ਕਿਰਦਾਰ ਅਦਾ ਕਰ ਰਹੇ ਹਨ।
'ਅੰਬਰਦੀਪ ਪ੍ਰੋਡੋਕਸ਼ਨ' ਦੇ ਬੈਨਰ ਹੇਠ ਬਣਾਈ ਜਾ ਰਹੀ ਇਸ ਫਿਲਮ ਦੇ ਕ੍ਰਿਏਟਿਵ ਨਿਰਮਾਤਾ ਹਨ ਮਨੋਜ ਸੱਭਰਵਾਲ ਜੋ ਹਿੰਦੀ, ਪੰਜਾਬੀ ਸਿਨੇਮਾ ਦੇ ਨਾਲ ਛੋਟੇ ਪਰਦੇ ਦੇ ਬੇਸ਼ੁਮਾਰ ਮਸ਼ਹੂਰ ਸੋਅਜ਼ ਨੂੰ ਸ਼ਾਨਦਾਰ ਮੁਹਾਂਦਰਾ ਦੇਣ ਵਿੱਚ ਅਹਿਮ ਭੂਮਿਕਾ ਨਿਭਾ ਚੁੱਕੇ ਹਨ ਜਿੰਨਾਂ ਵਿੱਚ 'ਕਾਮੇਡੀ ਕਲਾਸਿਸ', 'ਇੰਟਰਟੇਨਮੈਂਟ ਕੀ ਰਾਤ' ਆਦਿ ਜਿਹੇ ਵੱਡੇ ਕਾਮੇਡੀ ਸੋਅਜ਼ ਤੋਂ ਇਲਾਵਾ ਹਾਲ ਹੀ ਵਿਚ ਜੀ5 'ਤੇ ਆਨ ਸਟਰੀਮ ਹੋਈ 'ਯੂਨਾਈਟਡ ਕੱਚੇ' ਵੀ ਸ਼ੁਮਾਰ ਰਹੀ ਹੈ, ਜਿਸ ਵਿਚ ਸੁਨੀਲ ਗਰੋਵਰ, ਸ਼ਤੀਸ਼ ਸ਼ਾਹ ਵੱਲੋ ਲੀਡ ਭੂਮਿਕਾਵਾਂ ਨਿਭਾਈਆਂ ਗਈਆਂ ਸਨ।
ਰਾਜਸਥਾਨ ਦੇ ਹਨੂੰਮਾਨਗੜ੍ਹ ਨਾਲ ਲੱਗਦੇ ਵੱਖ-ਵੱਖ ਹਿੱਸਿਆਂ ਵਿੱਚ ਤੇਜ਼ੀ ਨਾਲ ਮੁਕੰਮਲ ਕੀਤੀ ਜਾ ਰਹੀ ਇਸ ਫਿਲਮ ਵਿੱਚ ਪੰਜਾਬੀ ਸਿਨੇਮਾ ਦੀਆਂ ਬਾਕਮਾਲ ਅਤੇ ਸਫਲ ਅਦਾਕਾਰਾਂ ਵਿੱਚ ਆਪਣੀ ਮੌਜੂਦਗੀ ਦਰਜ ਕਰਵਾ ਚੁੱਕੀਆਂ ਤਾਨੀਆ ਅਤੇ ਰੂਪੀ ਗਿੱਲ ਲੀਡਿੰਗ ਕਿਰਦਾਰ ਅਦਾ ਕਰ ਰਹੀਆਂ ਹਨ, ਜਿੰਨਾਂ ਨਾਲ ਇਕ ਨਵਾਂ ਚਿਹਰਾ ਲਕਸ਼ਜੀਤ ਵੀ ਇਸ ਫਿਲਮ ਦੁਆਰਾ ਪਾਲੀਵੁੱਡ ਵਿੱਚ ਇਕ ਨਵੀਂ ਅਤੇ ਪ੍ਰਭਾਵੀ ਸਿਨੇਮਾ ਪਾਰੀ ਦਾ ਆਗਾਜ਼ ਕਰੇਗਾ, ਜਿੰਨਾਂ ਤੋਂ ਇਲਾਵਾ ਜੇਕਰ ਇਸ ਭਾਵਨਾਤਮਕ ਕਹਾਣੀਸਾਰ ਆਧਾਰਿਤ ਫਿਲਮ ਦੇ ਹੋਰਨਾਂ ਅਹਿਮ ਪਹਿਲੂਆਂ ਦੀ ਗੱਲ ਕਰੀਏ ਤਾਂ ਇਸ ਦਾ ਗੀਤ ਅਤੇ ਸੰਗੀਤ ਪੱਖ ਵੀ ਇਸ ਦੇ ਖਾਸ ਆਕਰਸ਼ਨ ਦਾ ਕੇਂਦਰ ਹੋਵੇਗਾ, ਜਿਸ ਨੂੰ ਅਵੀ ਸਿੰਘ ਨੇ ਸੰਗੀਤਬੱਧ ਕੀਤਾ ਹੈ, ਜਦਕਿ ਇਸ ਨੂੰ ਡਿਜਾਇਨ ਹੈਪੀ ਰਾਏਕੋਟੀ ਨੇ ਕੀਤਾ ਹੈ, ਜਿੰਨਾਂ ਵੱਲੋਂ ਬਹੁਤ ਹੀ ਸਦਾ ਬਹਾਰ ਰੰਗਾਂ ਅਧੀਨ ਸਾਹਮਣੇ ਲਿਆਂਦੇ ਜਾ ਰਹੇ ਇਸ ਫਿਲਮ ਦੇ ਗਾਣਿਆਂ ਦੇ ਬੋਲ ਹੈਪੀ ਰਾਏਕੋਟੀ ਦੇ ਨਾਲ ਨਾਲ ਬੀਰ ਸਿੰਘ ਅਤੈ ਚਰਨ ਲਿਖਾਰੀ ਨੇ ਰਚੇ ਹਨ।
ਪੰਜਾਬੀ ਸਿਨੇਮਾ ਦੀਆਂ ਇਸ ਵਰ੍ਹੇ ਰਿਲੀਜ਼ ਹੋਣ ਵਾਲੀਆਂ ਬਹੁ ਚਰਚਿਤ ਫਿਲਮਾਂ ਵਿੱਚ ਸ਼ਾਮਿਲ ਉਕਤ ਫਿਲਮ ਦੇ ਪ੍ਰੋਡੋਕਸ਼ਨ ਡਿਜ਼ਾਇਨਰ ਰਾਸ਼ਿਦ ਰੰਗਰੇਜ਼ ਅਤੇ ਕਾਰਜਕਾਰੀ ਨਿਰਮਾਤਾ ਹਰਦੀਪ ਸਿੰਘ ਹਨ, ਜੋ ਇਸ ਫਿਲਮ ਨੂੰ ਪ੍ਰਭਾਵਸ਼ਾਲੀ ਰੂਪ ਦੇਣ ਲਈ ਕਾਫ਼ੀ ਜੀਅ ਜਾਨ ਤਰੱਦਦ ਕਰ ਰਹੇ ਹਨ।