ਚੰਡੀਗੜ੍ਹ: ਹਿੰਦੀ ਅਤੇ ਪੰਜਾਬੀ ਸਿਨੇਮਾ ਖੇਤਰ ਵਿਚ ਬੇਹਤਰੀਨ ਐਕਟਰ-ਲੇਖਕ, ਨਿਰਦੇਸ਼ਕ ਵਜੋਂ ਮਾਣਮੱਤਾ ਨਾਂ ਬਣਾ ਚੁੱਕੇ ਅਤੇ ਅਲੱਗ ਪਹਿਚਾਣ ਸਥਾਪਿਤ ਕਰ ਚੁੱਕੇ ਰਤਨ ਔਲਖ ਹੁਣ ਬਤੌਰ ਨਿਰਦੇਸ਼ਕ ਨਵੀਂ ਪੰਜਾਬੀ ਫਿਲਮ ‘ਮਜ਼ਦੂਰ’ ਲੈ ਕੇ ਦਰਸ਼ਕਾਂ ਸਨਮੁੱਖ ਹੋਣ ਜਾ ਰਹੇ ਹਨ, ਜਿਸ ਦੀ ਸ਼ੂਟਿੰਗ ਦਾ ਆਗਾਜ਼ ਉਨ੍ਹਾਂ ਵੱਲੋਂ ਕਰ ਦਿੱਤਾ ਗਿਆ ਹੈ।
‘ਆਰਹਾ ਪ੍ਰੋਡੋਕਸ਼ਨਜ਼’ ਦੇ ਬੈਨਰ ਹੇਠ ਨਿਰਮਾਤਾ ‘ਪਰਮਜੀਤ ਖਾਨੇਜ਼ਾ’ ਵੱਲੋਂ ਨਿਰਮਿਤ ਕੀਤੀ ਜਾ ਰਹੀ ਇਸ ਫਿਲਮ ਦੇ ਥੀਮ ਸੰਬੰਧੀ ਲੇਖਕ, ਨਿਰਦੇਸ਼ਕ ਰਤਨ ਔਲਖ ਦੱਸਦੇ ਹਨ ਕਿ ਇਹ ਫਿਲਮ ਅਜਿਹੇ ਕਿਰਤੀ ਲੋਕਾਂ 'ਤੇ ਆਧਾਰਿਤ ਹੈ, ਜੋ ਸਦੀਆਂ ਤੋਂ ਆਪਣੀਆਂ ਬਾਹਾਂ ਦੇ ਜ਼ੋਰ ਨਾਲ ਰੋਟੀ ਕਮਾਉਂਦੇ ਆ ਰਹੇ ਹਨ, ਪਰ ਫਿਰ ਵੀ ਇਹ ਹਾਲੇ ਤੱਕ ਮਜ਼ਦੂਰ ਹੀ ਕਹਾਉਂਦੇ ਹਨ, ਜੋ ਪਿਆਰ ਦੇ ਨਾਲ ਤਾਂ ਜਾਨ ਦੇਣ ਤੱਕ ਚਲੇ ਜਾਂਦੇ ਹਨ, ਪਰ ਜਲਾਲਤ ਅਤੇ ਗੁਲਾਮੀ ਭਰਿਆ ਜੀਵਨ ਬਤੀਤ ਕਰਨਾ ਅਤੇ ਆਪਣੇ ਜ਼ਮੀਰਾਂ ਦਾ ਸੌਦਾ ਕਰਨਾ ਕਦੇ ਪਸੰਦ ਨਹੀਂ ਕਰਦੇ।
ਉਨ੍ਹਾਂ ਕਿਹਾ ਕਿ ਓਟੀਟੀ ਪਲੇਟਫ਼ਾਰਮ ਲਈ ਬਣਾਈ ਜਾ ਰਹੀ ਇਸ ਫਿਲਮ ਵਿਚ ਲੀਡ ਭੂਮਿਕਾ ਅਦਾਕਾਰ ਯੁਵਰਾਜ ਸਿੰਘ ਔਲਖ ਅਦਾ ਕਰ ਰਿਹਾ ਹੈ, ਜੋ ਹਾਲ ਹੀ ਵਿਚ ਰਿਲੀਜ਼ ਹੋਈ ਆਪਣੀ ਪਹਿਲੀ ਫਿਲਮ ‘ਨਿਡਰ’ ਨਾਲ ਵੀ ਇੰਨ੍ਹੀਂ ਦਿਨੀਂ ਕਾਫ਼ੀ ਚਰਚਾ ਹਾਸਿਲ ਕਰ ਰਿਹਾ ਹੈ।
ਪੰਜਾਬੀ ਫਿਲਮ ‘ਮਜ਼ਦੂਰ’ ਦਾ ਪੋਸਟਰ ਇਸ ਤੋਂ ਇਲਾਵਾ ਇਕ ਹੋਰ ਪ੍ਰਤਿਭਾਵਾਨ ਨੌਜਵਾਨ ਮੌਂਟੀ ਵੀ ਇਸ ਫਿਲਮ ਨਾਲ ਪੰਜਾਬੀ ਫਿਲਮ ਇੰਡਸਟਰੀ ’ਚ ਡੈਬਿਊ ਕਰੇਗਾ, ਜੋ ਮਸ਼ਹੂਰ ਕਰੈਕਟਰ ਅਦਾਕਾਰਾ ਸਤਵੰਤ ਕੌਰ ਦਾ ਬੇਟਾ ਹੈ। ਪਰਮਜੀਤ ਖਨੇਜਾ ਵੱਲੋਂ ਲਿਖੀ ਬਹੁਤ ਹੀ ਭਾਵਨਾਤਮਕ ਕਹਾਣੀ ਆਧਾਰਿਤ ਇਸ ਫਿਲਮ ਵਿਚ ਕਮਲ ਨਜ਼ਮ, ਤਰਸੇਮ ਪਾਲ, ਖੁਦ ਪਰਮਜੀਤ ਖਨੇਜਾ, ਸਤਵੰਤ ਕੌਰ, ਸ਼ਵੇਤਾ, ਮਿਤਵਾ, ਪਰਮਜੀਤ ਪੱਲੂ, ਬਲਜੀਤ ਜ਼ਖਮੀ, ਸੰਤਾ ਬੰਤਾ ਨਾਲ ਮਸ਼ਹੂਰ ਕਾਮੇਡੀਅਨ ਜੋੜ੍ਹੀ ਗੁਰਪ੍ਰੀਤ ਸਿੰਘ ਅਤੇ ਪ੍ਰਭਪ੍ਰੀਤ ਸਿੰਘ, ਅਨਿਲ ਤਾਂਗੜ੍ਹੀ, ਰਾਜਨ ਨਾਦਾਨ, ਗੁਰੂ ਰੰਧਾਵਾ ਅਤੇ ਉਹ ਖ਼ੁਦ ਵੀ ਮਹੱਤਵਪੂਰਨ ਭੂਮਿਕਾਵਾਂ ਅਦਾ ਕਰ ਰਹੇ ਹਨ।
ਇਸ ਫਿਲਮ ਦੀ ਸ਼ੂਟਿੰਗ ਦਾਰਾ ਸਟੂਡਿਓਜ਼ ਮੋਹਾਲੀ, ਚੰਡੀਗੜ੍ਹ ਆਸਪਾਸ, ਲੁਧਿਆਣਾ ਆਦਿ ਵਿਖੇ ਪੂਰੀ ਕੀਤੀ ਜਾਵੇਗੀ। ਪੰਜਾਬੀ ਸਿਨੇਮਾ ਲਈ ਬਣੀਆਂ ਕਈ ਸ਼ਾਨਦਾਰ ਅਤੇ ਸਫ਼ਲ ਫਿਲਮਾਂ ‘ਮਿੱਤਰ ਪਿਆਰੇ ਨੂੰ ਹਾਲ ਮੁਰੀਦਾ ਦਾ ਕਹਿਣਾ‘ ਵਿੰਦੂ ਦਾਰਾ ਸਿੰਘ ਦੀ ਡੈਬਿਊ ਫਿਲਮ ਕਰਨ ਤੋਂ ਇਲਾਵਾ ਦੂਰਦਰਸ਼ਨ ਜਲੰਧਰ ਲਈ ਸੀਰੀਅਲ ਪੀ.ਟੀ ਮਾਸਟਰ ਸਮੇਤ ਕਈ ਵੱਡੇ ਪ੍ਰੋਜੈਕਟਾਂ ਨਾਲ ਲੇਖਕ, ਨਿਰਦੇਸ਼ਕ ਵਜੋਂ ਜੁੜ੍ਹੇ ਰਹੇ ਰਤਨ ਔਲਖ ਅਦਾਕਾਰ ਦੇ ਤੌਰ 'ਤੇ ਵੀ ਬਹੁਤ ਸਾਰੀਆਂ ਕਾਮਯਾਬ ਅਤੇ ਚਰਚਿਤ ਫਿਲਮਾਂ ਦਾ ਪ੍ਰਭਾਵੀ ਹਿੱਸਾ ਰਹੇ ਹਨ।
ਬਾਲੀਵੁੱਡ ਅਤੇ ਪਾਲੀਵੁੱਡ ਵਿਚ ਬਤੌਰ ਅਦਾਕਾਰ ਵੀ ਬਰਾਬਰ ਸਰਗਰਮ ਰਤਨ ਔਲਖ ਅਨੁਸਾਰ ਉਨ੍ਹਾਂ ਦੀਆਂ ਐਕਟਰ ਦੇ ਤੌਰ 'ਤੇ ਆਉਣ ਵਾਲੀਆਂ ਫਿਲਮਾਂ ਵਿਚ ਪੰਜਾਬੀ ‘ਨਾਨਕ ਨਾਮ ਜਹਾਜ਼ ਹੈ’ ਅਤੇ 'ਜਿੰਦੇ ਕੁੰਜੀਆਂ' ਅਤੇ 'ਹਿੰਦੀ ਦੇਸੀ ਮੈਜ਼ਿਕ' ਸ਼ਾਮਿਲ ਹੈ, ਜਿਸ ਦਾ ਨਿਰਮਾਣ ਅਮੀਸ਼ਾ ਪਟੇਲ ਵੱਲੋਂ ਆਪਣੇ ਘਰੇਲੂ ਬੈਨਰ ਅਧੀਨ ਕੀਤਾ ਜਾ ਰਿਹਾ ਹੈ।