ਮੋਗਾ:ਪੰਜਾਬੀ ਫ਼ਿਲਮ “ਬੈਚ 2013” 9 ਸਤੰਬਰ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਵੇਗੀ। ਫ਼ਿਲਮ ਦਾ ਪਰਮੋਸ਼ਨ ਕਰਨ ਲਈ ਦੀ ਟੀਮ ਬੁੱਧਵਾਰ ਨੂੰ ਮੋਗਾ ਪੁੱਜੀ। ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਫ਼ਿਲਮ ਦੇ ਨਾਇਕ ਹਰਦੀਪ ਗਰੇਵਾਲ ਅਤੇ ਹਸ਼ਨੀਨ ਚੌਹਾਨ ਨੇ ਦੱਸਿਆ ਕਿ ਫਿਲਮ ਦੇ ਗੀਤਾਂ ਵਾਂਗ ਹੀ ਇਹ ਫ਼ਿਲਮ ਵੀ ਨੌਜਵਾਨਾਂ ਨੂੰ ਨਿਰਾਸ਼ਾਂ ਵਿੱਚੋਂ ਕੱਢੇਗੀ ਅਤੇ ਹਾਂ ਪੱਖੀ ਵਤੀਰਾ ਅਪਣਾਉਣ ਲਈ ਪ੍ਰੇਰਿਤ ਕਰੇਗੀ।
ਉਨ੍ਹਾਂ ਕਿਹਾ ਕਿ ਬਤੌਰ ਹੀਰੋ ਇਹ ਉਨ੍ਹਾਂ ਦੀ ਦੂਜੀ ਫ਼ਿਲਮ ਹੈ। ਉਨ੍ਹਾਂ ਦੀ ਪਹਿਲੀ ਫ਼ਿਲਮ “ਤੁਣਕਾ ਤੁਣਕਾ” ਨੂੰ ਦਰਸ਼ਕਾਂ ਨੇ ਭਰਪੂਰ ਹੁੰਗਾਰਾ ਦਿੱਤਾ ਸੀ। ਉਸ ਫ਼ਿਲਮ ਵਾਂਗ ਹੀ ਇਹ ਫ਼ਿਲਮ ਵੀ ਮਨੋਰੰਜਨ ਦੇ ਨਾਲ ਨਾਲ ਨੌਜਵਾਨਾਂ ਨੂੰ ਵੱਡਾ ਸੁਨੇਹਾ ਦੇਵੇਗੀ। ਇਸ ਗੱਲ ਦੀ ਹਾਮੀ ਫ਼ਿਲਮ ਦਾ ਟ੍ਰੇਲਰ ਵੀ ਭਰਦਾ ਹੈ। ਉਹ ਇਸ ਫ਼ਿਲਮ ਦੇ ਨਾਇਕ ਹੋਣ ਦੇ ਨਾਲ ਨਾਲ ਲੇਖਕ ਅਤੇ ਨਿਰਮਾਤਾ ਵੀ ਹਨ। ਇਸ ਫ਼ਿਲਮ ਦੀ ਸ਼ੂਟਿੰਗ ਇਕ ਸਾਲ ਵਿੱਚ ਮੁਕੰਮਲ ਹੋਈ ਹੈ। ਜਿਸ ਤਰ੍ਹਾਂ ਫ਼ਿਲਮ ਦੇ ਟ੍ਰੇਲਰ ਵਿੱਚ ਵੀ ਨਜ਼ਰ ਆ ਰਿਹਾ ਹੈ, ਇਸ ਫ਼ਿਲਮ ਵਿੱਚ ਉਸਦੇ ਦੋ ਵੱਖ ਵੱਖ ਕਿਰਦਾਰ ਹਨ।
ਇਸ ਫਿਲਮ ਵਿੱਚ ਖਾਸ ਗੱਲ ਇਹ ਹੈ ਕਿ ਉਨਾਂ ਨੂੰ ਫਿਲਮ 'ਚ ਆਪਣਾ ਭਾਰ ਵਧਾਉਣਾ ਅਤੇ ਫਿਰ ਘਟਾਉਣਾ ਪਿਆ। ਉਨ੍ਹਾ ਦੱਸਿਆ ਕਿ ਇਸ ਫਿਲਮ ਵਿਚ ਉਨ੍ਹਾਂ ਦੇ ਸਹਿ ਕਲਾਕਾਰਾਂ ਨੇ ਵੀ ਕਮਾਂਡੋ ਟ੍ਰੇਨਿੰਗ ਲਈ ਸੀ। ਹਰਦੀਪ ਗਰੇਵਾਲ ਨੇ ਦੱਸਿਆ ਕਿ ਇਹ ਫ਼ਿਲਮ ਉਸਦੇ ਲਈ ਇੱਕ ਵੱਡੀ ਚੁਣੌਤੀ ਸੀ। ਫ਼ਿਲਮ ਬਾਰੇ ਉਨ੍ਹਾਂ ਦੱਸਿਆ ਕਿ ਇਹ ਫ਼ਿਲਮ ਇਕ ਨੌਜਵਾਨ ਦੀ ਜ਼ਿੰਦਗੀ ਦੀ ਕਹਾਣੀ ਹੈ ਜੋ ਬੇਹੱਦ ਵਿਹਲਾ ਅਤੇ ਸਰੀਰਕ ਪੱਖ ਤੋਂ ਅਣਫਿੱਟ ਹੈ।