ਚੰਡੀਗੜ੍ਹ: ਪੰਜਾਬੀ ਸੰਗੀਤ ਅਤੇ ਸਿਨੇਮਾ ਖੇਤਰ ਵਿਚ ਬਹੁਤ ਹੀ ਥੋੜੇ ਜਿਹੇ ਸਮੇਂ ਦੌਰਾਨ ਚਰਚਿਤ ਨਾਂਅ ਵਜੋਂ ਸ਼ੁਮਾਰ ਕਰਵਾਉਣ ਵਿਚ ਸਫ਼ਲ ਰਹੀ ਹੋਣਹਾਰ ਗਾਇਕਾ ਅਤੇ ਅਦਾਕਾਰਾ ਰਾਜ ਕੌਰ, ਜੋ ਆਪਣੇ ਵਿਸ਼ੇਸ਼ ਸੋਅਜ਼ ਦੌਰੇ ਅਧੀਨ ਕੈਨੇਡਾ ਵਿਖੇ ਪੁੱਜ ਗਈ ਹੈ, ਜੋ ਉਥੇ ਹੋਣ ਜਾ ਰਹੇ ਕਈ ਲਾਈਵ ਅਤੇ ਸੱਭਿਆਚਾਰਕ ਪ੍ਰੋਗਰਾਮਾਂ ਦਾ ਹਿੱਸਾ ਬਣੇਗੀ।
ਬ੍ਰਿਟਿਸ਼ ਕੋਲੰਬੀਆਂ ਦੇ ਵੱਖ-ਵੱਖ ਸ਼ਹਿਰਾਂ ਵਿਖੇ ਹੋਣ ਵਾਲੇ ਸੋਅਜ਼ ’ਚ ਨਾਮਵਰ ਪੰਜਾਬੀ ਫ਼ਨਕਾਰਾਂ ਨਾਲ ਪਰਫੋਰਮੈਸ ਦੇਣ ਜਾ ਰਹੀ ਅਦਾਕਾਰਾ ਅਤੇ ਗਾਇਕਾ ਰਾਜ ਕੌਰ ਨੇ ਦੱਸਿਆ ਕਿ ਆਪਣੇ ਕੈਨੇਡਾ ਦੇ ਇਸ ਪਲੇਠੇ ਸ਼ੋਅ ਨੂੰ ਲੈ ਕੇ ਉਹ ਕਾਫ਼ੀ ਉਤਸ਼ਾਹ ਅਤੇ ਮਾਣ ਮਹਿਸੂਸ ਕਰ ਰਹੀ ਹੈ, ਕਿਉਂਕਿ ਪੰਜਾਬ ਦੇ ਇਕ ਛੋਟੇ ਜਿਹੇ ਪਿੰਡ ਤੋਂ ਚੱਲ ਕੇ ਦੁਨੀਆਭਰ ਵਿਚ ਪਹਿਚਾਣ ਰੱਖਦੇ ਗਾਇਕਾ ਨਾਲ ਸਟੇਜ ਸਾਂਝਾ ਕਰਨਾ ਉਸ ਦੇ ਜੀਵਨ ਅਤੇ ਕਰੀਅਰ ਲਈ ਅਨਮੋਲ ਪਲ਼ ਹਨ।
ਉਨ੍ਹਾਂ ਦੱਸਿਆ ਕਿ ਇਸ ਦੌਰੇ ਅਧੀਨ ਉਨਾਂ ਦੇ ਜੋ ਗ੍ਰੈਂਡ ਸੋਅਜ਼ ਹੋਣ ਜਾ ਰਹੇ ਹਨ, ਉਸ ਦੀ ਸ਼ੁਰੂਆਤ ਵੈਨਕੂਵਰ ਅਧੀਨ ਆਉਂਦੀ ਸਿਟੀ ਸਰੀ, ਜੋ ਪੰਜਾਬੀਆਂ ਦਾ ਗੜ੍ਹ ਮੰਨੀ ਜਾਂਦੀ ਹੈ, ਜਿੱਥੇ ਬਹੁਤ ਹੀ ਸ਼ਾਨਦਾਰ ਸ਼ੋਅ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਉਪਰੰਤ ਮੈਰੀ ਇਰਵਿਨ ਥੀਏਟਰ ਕੈਲਵਨਾ, ਟੋਟਠ ਹਾਲ ਸਕੂਮਿਸ਼ ਆਦਿ ਵਿਖੇ ਵੀ ਇਹ ਲਾਈਵ ਕੰਨਸਰਟ ਆਯੋਜਿਤ ਹੋਣਗੇ, ਜਿੰਨ੍ਹਾਂ ਵਿਚ ਵੱਡੀ ਗਿਣਤੀ ਦਰਸ਼ਕ ਆਪਣੀ ਮੌਜੂਦ ਕਰਵਾਉਣਗੇ।
ਮੂਲ ਰੂਪ ਵਿਚ ਪੰਜਾਬ ਦੇ ਜ਼ਿਲ੍ਹਾਂ ਕਪੂਰਥਲਾ ’ਚ ਲੱਗਦੇ ਧਾਰਮਿਕ ਸ਼ਹਿਰ ਸੁਲਤਾਨਪੁਰ ਲੋਧੀ ਦੇ ਇਕ ਨਿੱਕੇ ਜਿਹੇ ਪਿੰਡ ਅਤੇ ਇਕ ਸਾਧਾਰਨ ਕਿਸਾਨ ਪਰਿਵਾਰ ਨਾਲ ਤਾਲੁਕ ਰੱਖਦੀ ਅਦਾਕਾਰਾ-ਗਾਇਕਾ ਰਾਜ ਕੌਰ ਅਨੁਸਾਰ ਉਕਤ ਸੋਅਜ਼ ਵਿਚ ਆਪਣੇ ਫ਼ਨ ਦਾ ਮੁਜ਼ਾਹਰਾ ਕਰਨ ਨੂੰ ਲੈ ਕੇ ਅਤੇ ਦਰਸ਼ਕਾਂ ਦੀ ਉਸ ਦੀ ਪ੍ਰੋਫੋਰਮੈੱਸ ਨੂੰ ਲੈ ਕੇ ਪ੍ਰਤੀਕਿਰਿਆ ਜਾਣਨ ਨੂੰ ਲੈ ਕੇ ਉਹ ਜਿੱਥੇ ਕਾਫ਼ੀ ਉਤਸ਼ਾਹਿਤ ਹੈ ਅਤੇ ਉਮੀਦ ਕਰਦੀ ਹੈ ਕਿ ਹੁਣ ਤੱਕ ਦੇ ਸਫ਼ਰ ਦੀ ਤਰ੍ਹਾਂ ਇੱਥੇ ਵੀ ਉਸ ਨੂੰ ਆਪਣੇ ਚਾਹੁੰਣ ਵਾਲਿਆਂ ਦਾ ਭਰਪੂਰ ਹੁੰਗਾਰਾਂ ਅਤੇ ਸਨੇਹ ਮਿਲੇਗਾ।
ਗਾਇਕੀ ਅਤੇ ਅਦਾਕਾਰੀ ਦੋਨੋ ਖੇਤਰਾਂ ਨੂੰ ਬਰਾਬਰ ਤਵੱਜੋਂ ਅਤੇ ਮਿਹਨਤ ਦੇ ਰਹੀ ਇਸ ਪ੍ਰਤਿਭਾਸ਼ਾਲੀ ਮੁਟਿਆਰ ਦੇ ਜੇਕਰ ਹਾਲੀਆਂ ਕਰੀਅਰ ਵੱਲ ਝਾਤ ਮਾਰੀ ਜਾਵੇ ਤਾਂ ਉਸ ਨੇ ਆਪਣੀ ਸ਼ੁਰੂਆਤ ਪੰਜਾਬੀ ਦੇ ਨਾਮਵਰ ਗਾਇਕ ਸ਼ੀਰਾ ਜਸਵੀਰ ਨਾਲ ਸਹਿ ਗਾਇਕਾ ਅਤੇ ਮਾਡਲ ਵਜੋਂ ਕੀਤੀ, ਜਿਸ ਦੌਰਾਨ ਉਸ ਦੀ ਗਾਇਕੀ ਅਤੇ ਅਦਾਕਾਰੀ ਨੂੰ ਮਿਲੀ ਭਰਵੀਂ ਸਲਾਹੁਤਾ ਬਾਅਦ ਫਿਰ ਉਸ ਨੂੰ ਪਿੱਛੇ ਮੁੜ ਕੇ ਨਹੀਂ ਵੇਖਣਾ ਪਿਆ।
ਪੰਜਾਬੀਅਤ ਕਦਰਾਂ ਕੀਮਤਾਂ ਨਾਲ ਅੋਤ ਪੋਤ ਸ਼ਬਦਾਂ ਨੂੰ ਹੀ ਆਪਣੀ ਗਾਇਕੀ ਦਾ ਵਿਸ਼ੇਸ਼ ਹਿੱਸਾ ਬਣਾਉਣ ਅਤੇ ਮਿਆਰੀ ਕੰਟੈਂਟ ਆਧਾਰਿਤ ਫਿਲਮਜ਼ ਕਰਨ ਨੂੰ ਪਹਿਲ ਦੇ ਰਹੀ ਰਾਜ ਕੌਰ ਦੇ ਮਕਬੂਲ ਰਹੇ ਗੀਤਾਂ ਵਿਚ ਤਲਵਾਰ ਖਾਲਸੇ ਦੀ, ਜਾਗ ਜਾ ਪੰਜਾਬੀਆਂ, ਮਕਸਦ, ਮੈਂ ਤਾਂ ਨੱਚਣਾ, ਨਖ਼ਰਾ, ਆਕੜ੍ਹਾਂ ਆਦਿ ਸ਼ਾਮਿਲ ਰਹੇ ਹਨ, ਜਿੰਨ੍ਹਾਂ ਤੋਂ ਇਲਾਵਾ ‘ਨੀਂ ਮੈਂ ਸੱਸ ਕੁੱਟਣੀ’, ‘ਮੁਕਤੀ’, ‘ਗਾਂਧੀ ਫੇਰ ਆ ਗਿਆ’, ‘ਗੁਰਮੁੱਖ’, ‘ਨਿਸ਼ਾਨਾ’, ‘ਤੂੰ ਜੁਦਾ’ ਆਦਿ ਜਿਹੀਆਂ ਉਮਦਾ ਪੰਜਾਬੀ ਫ਼ੀਚਰ ਅਤੇ ਲਘੂ ਫਿਲਮਾਂ ਵਿਚ ਉਸ ਵੱਲੋਂ ਨਿਭਾਏ ਕਿਰਦਾਰਾਂ ਨੂੰ ਦਰਸ਼ਕਾਂ ਵੱਲੋਂ ਖਾਸਾ ਪਸੰਦ ਕੀਤਾ ਗਿਆ ਹੈ।
ਜਿੰਨ੍ਹਾਂ ਆਪਣੀਆਂ ਆਗਾਮੀ ਯੋਜਨਾਵਾਂ ਸੰਬੰਧੀ ਦੱਸਿਆ ਕਿ ਜਲਦ ਹੀ ਉਹ ਆਪਣੇ ਗਾਏ ਨਵੇਂ ਗੀਤ ਵੀ ਸੰਗੀਤ ਮਾਰਕੀਟ ਵਿਚ ਜਾਰੀ ਕਰਨ ਜਾ ਰਹੇ ਹਨ, ਜਿੰਨ੍ਹਾਂ ਦੀ ਰਿਕਾਰਡਿੰਗ ਆਦਿ ਦੇ ਕਾਰਜ ਮੁਕੰਮਲ ਹੋ ਚੁੱਕੇ ਹਨ।