ਚੰਡੀਗੜ੍ਹ: ਪੰਜਾਬੀ ਦੀ ਦਿੱਗਜ ਅਦਾਕਾਰ ਸੀਮਾ ਕੌਸ਼ਲ ਅੱਜ 9 ਮਾਰਚ ਨੂੰ ਆਪਣਾ 58ਵਾਂ ਜਨਮਦਿਨ ਮਨਾ ਰਹੀ ਹੈ, ਸੀਮਾ ਕੌਸ਼ਲ ਲਗਭਗ ਹਰ ਪੰਜਾਬੀ ਫ਼ਿਲਮ ਵਿੱਚ ਇੱਕ ਚਰਿੱਤਰ ਕਲਾਕਾਰ ਵਜੋਂ ਨਜ਼ਰ ਆਉਂਦੀ ਹੈ। ਸੀਮਾ ਨੇ ਨਾ ਸਿਰਫ਼ ਪੰਜਾਬੀ ਫ਼ਿਲਮਾਂ ਬਲਕਿ ਬਾਲੀਵੁੱਡ 'ਚ ਵੀ ਆਪਣੀ ਪ੍ਰਤਿਭਾ ਨੂੰ ਦਰਸ਼ਕਾਂ ਸਾਹਮਣੇ ਲਿਆਂਦਾ ਹੈ। 50 ਤੋਂ ਵੱਧ ਪੰਜਾਬੀ ਫ਼ਿਲਮਾਂ ਕਰ ਚੁੱਕੀ ਸੀਮਾ ਕੌਸ਼ਲ ਦੀਆਂ ਇਸ ਸਾਲ ਵੀ ਕਈ ਫ਼ਿਲਮਾਂ ਰਿਲੀਜ਼ ਹੋ ਰਹੀਆਂ ਹਨ। ਆਓ ਅਦਾਕਾਰਾ ਦੇ ਜਨਮਦਿਨ ਉਤੇ ਉਹਨਾਂ ਬਾਰੇ ਦਿਲਚਸਪ ਗੱਲਾਂ ਜਾਣੀਏ...।
ਅਦਾਕਾਰਾ ਨੇ ਫਿਲਮੀ ਕਰੀਅਰ ਦੀ ਸ਼ੁਰੂਆਤ ਪੰਜਾਬੀ ਫਿਲਮ 'ਦਿਲਦਾਰਾ' ਨਾਲ ਕੀਤੀ ਸੀ, ਜਿਸ 'ਚ ਤਨੂਜਾ, ਕੁਲਭੂਸ਼ਣ ਖਰਬੰਦਾ, ਅਰੁਣ ਬਾਲੀ ਵਰਗੇ ਬਾਲੀਵੁੱਡ ਕਲਾਕਾਰ ਸਨ। ਫਿਰ ਮਨਮੋਹਨ ਸਿੰਘ ਦੀ ਫਿਲਮ 'ਅਸਾਂ ਨੂੰ ਮਾਨ ਵਤਨਾਂ ਦਾ' 'ਚ ਕੰਮ ਕੀਤਾ ਅਤੇ ਉਸ ਤੋਂ ਬਾਅਦ ਇਸ ਤਰ੍ਹਾਂ ਦੀਆਂ ਫਿਲਮਾਂ ਦਾ ਦੌਰ ਸ਼ੁਰੂ ਹੋ ਗਿਆ। 'ਮੁੰਡੇ ਯੂਕੇ ਦੇ', 'ਦਿਲ ਆਪਣਾ ਪੰਜਾਬੀ', 'ਹਸ਼ਰ', 'ਕੈਰੀ ਆਨ ਜੱਟਾ', 'ਟੌਰ ਮਿੱਤਰਾਂ ਦੀ', 'ਤੂੰ ਮੇਰਾ ਬਾਈ ਮੈਂ ਤੇਰੀ ਬਾਈ', 'ਸ਼ੁੱਧ ਪੰਜਾਬੀ', 'ਯੰਗ ਮਲੰਗ', 'ਬਾਗੀ' , 'ਲੱਖ ਪ੍ਰਦੇਸੀ ਹੋਈਐ' ਆਦਿ ਫ਼ਿਲਮਾਂ।
ਅਦਾਕਾਰਾ ਨੇ ਰੇਡੀਓ ਉਤੇ ਵੀ ਕੀਤਾ ਹੈ ਕੰਮ: ਅਦਾਕਾਰਾ ਨੇ ਲੰਬੇ ਸਮੇਂ ਤੱਕ ਆਲ ਇੰਡੀਆ ਰੇਡੀਓ ਜਲੰਧਰ ਵਿੱਚ ਡਰਾਮਾ ਕਲਾਕਾਰ ਅਤੇ ਘੋਸ਼ਣਾਕਾਰ ਵਜੋਂ ਕੰਮ ਕੀਤਾ। ਅਦਾਕਾਰਾ ਨੇ ਆਲ ਇੰਡੀਆ ਰੇਡੀਓ ਤੋਂ 13 ਪੁਰਸਕਾਰ ਜਿੱਤੇ ਹਨ। ਡੀਡੀ ਪੰਜਾਬੀ 'ਤੇ ਟੀਵੀ 'ਤੇ ਕਈ ਸ਼ੋਅ ਕਰ ਚੁੱਕੀ ਹੈ, ਜਿਨ੍ਹਾਂ 'ਚ ਉਨ੍ਹਾਂ ਨੇ ਰੋਜ਼ਾਨਾ ਦੇ ਸੀਰੀਅਲ 'ਭਾਗਾਂ ਵਾਲੀਆਂ' 'ਚ ਪਾਗਲ ਦੀ ਭੂਮਿਕਾ ਅਤੇ 'ਏਹ ਕੈਸੀ ਰੁੱਤ ਆਈ' 'ਚ ਪਾਲੋ ਨਾਂ ਦੀ ਔਰਤ ਦੀ ਭੂਮਿਕਾ ਨਿਭਾਈ ਸੀ, ਜਿਸ ਨੂੰ ਦਰਸ਼ਕਾਂ ਨੇ ਖੂਬ ਸਰਾਹਿਆ ਸੀ। ਅਦਾਕਾਰਾ ਨੇ ਇੱਕ ਨਿੱਜੀ ਮੀਡੀਆ ਚੈਨਲ ਨਾਲ ਗੱਲ਼ ਕਰਦੇ ਹੋਏ ਕਿਹਾ ਸੀ ਕਿ ਟੀਵੀ 'ਤੇ ਕੰਮ ਕਰਨ ਤੋਂ ਪਹਿਲਾਂ ਮੈਨੂੰ ਡਰ ਸੀ ਕਿ ਮੈਨੂੰ ਅਜਿਹਾ ਰੋਲ ਨਾ ਮਿਲੇ, ਜਿਸ ਨੂੰ ਦੇਖ ਕੇ ਮੇਰਾ ਪਰਿਵਾਰ ਨਿਰਾਸ਼ ਹੋ ਜਾਵੇ। ਇਸ ਲਈ ਹਮੇਸ਼ਾ ਹੀ ਸੰਜੀਦਾ ਰੋਲ ਦੀ ਉਡੀਕ ਰਹਿੰਦੀ ਸੀ। ਮੇਰੀ ਇਸ ਝਿਜਕ ਨੂੰ ਦੂਰ ਕਰਨ ਅਤੇ ਮੇਰੀ ਅਦਾਕਾਰੀ ਪ੍ਰਤਿਭਾ ਨੂੰ ਨਿਖਾਰਨ ਵਿੱਚ ਟੀਵੀ ਨਿਰਮਾਤਾ ਪੁਨੀਤ ਸਹਿਗਲ ਦਾ ਬਹੁਤ ਵੱਡਾ ਯੋਗਦਾਨ ਹੈ। ਇਸ ਤੋਂ ਇਲਾਵਾ ਮੈਂ 100 ਦੇ ਕਰੀਬ ਸੀਰੀਅਲਾਂ 'ਚ ਕੰਮ ਕੀਤਾ ਹੈ।
ਅਦਾਕਾਰਾ ਦਾ ਜਨਮ :ਸੀਮਾ ਕੌਸ਼ਲ ਦਾ ਜਨਮ 9 ਮਾਰਚ 1965 ਨੂੰ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਵਿੱਚ ਹੋਇਆ ਸੀ। ਉਹ ਅਧਿਆਪਕ ਬਣਨ ਦੀ ਇੱਛਾ ਰੱਖਦੀ ਸੀ ਕਿਉਂਕਿ ਉਸ ਦੇ ਪਿਤਾ ਅਧਿਆਪਕ ਸਨ।
ਇਹ ਵੀ ਪੜ੍ਹੋ:Upasana Singh Visits Romania: ਨਵੀਂ ਫਿਲਮ ਦੇ ਸ਼ੂਟ ਲਈ ਰੋਮਾਨੀਆਂ ਪੁੱਜੇ ਉਪਾਸਨਾ ਸਿੰਘ ਅਤੇ ਸੁੱਖੀ ਚਾਹਲ