ਚੰਡੀਗੜ੍ਹ: ਪੰਜਾਬੀ ਮਿਊਜ਼ਿਕ ਵੀਡੀਓਜ਼ ਅਤੇ ਲਘੂ ਫਿਲਮਾਂ ਦੇ ਖੇਤਰ ਵਿੱਚ ਬਤੌਰ ਅਦਾਕਾਰ ਵਿਲੱਖਣ ਪਹਿਚਾਣ ਸਥਾਪਿਤ ਕਰਨ ਵਿੱਚ ਸਫਲ ਰਿਹਾ ਹੈ ਮਿਨਾਰ ਮਲਹੋਤਰਾ, ਜੋ ਹੁਣ ਆਪਣੀ ਪਲੇਠੀ ਹਿੰਦੀ ਫਿਲਮ ਈਵਾਰਾ' ਨਾਲ ਬਾਲੀਵੁੱਡ 'ਚ ਇੱਕ ਨਵੀਂ ਪਾਰੀ ਵੱਲ ਵਧਣ ਜਾ ਰਿਹਾ ਹੈ, ਜਿਸ ਦੀ ਇਹ ਫਿਲਮ ਆਪਣੇ ਅਹਿਮ ਸ਼ੁਰੂਆਤੀ ਸ਼ੂਟਿੰਗ ਪੜ੍ਹਾਅ ਵੱਲ ਵੱਧ ਚੁੱਕੀ ਹੈ।
'ਸਿਨੇਮਲੈਨਸ ਮੋਸ਼ਨ ਪਿਕਚਰਜ਼' ਅਤੇ 'ਬੋਰਨ ਅਗੇਨ ਪ੍ਰੋਡੋਕਸ਼ਨ' ਦੇ ਬੈਨਰਜ਼ ਅਧੀਨ ਬਣਾਈ ਜਾ ਰਹੀ ਇਸ ਫਿਲਮ ਦਾ ਨਿਰਦੇਸ਼ਨ ਮਹੇਸ਼ ਕਪੂਰ ਕਰ ਰਹੇ ਹਨ, ਜੋ ਇਸ ਤੋਂ ਪਹਿਲਾਂ ਕਈ ਮਹੱਤਵਪੂਰਨ ਹਿੰਦੀ ਫਿਲਮ ਪ੍ਰੋਜੈਕਟਸ ਦਾ ਪ੍ਰਭਾਵੀ ਹਿੱਸਾ ਰਹੇ ਹਨ।
ਦੇਸ਼-ਵਿਦੇਸ਼ ਦੀਆਂ ਵੱਖ-ਵੱਖ ਲੋਕੇਸ਼ਨਾਂ 'ਤੇ ਫਿਲਮਬੱਧ ਕੀਤੀ ਜਾਣ ਵਾਲੀ ਉਕਤ ਫਿਲਮ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੇ ਹਨ ਅਦਾਕਾਰ ਮਿਨਾਰ ਮਲਹੋਤਰਾ, ਜਿੰਨ੍ਹਾਂ ਆਪਣੇ ਮਨ ਦੀਆਂ ਖੁਸ਼ੀ ਭਰੀਆਂ ਭਾਵਨਾਵਾਂ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਪ੍ਰਮਾਤਮਾ ਵੱਲੋਂ ਨਵੇਂ ਸਾਲ ਦੇ ਤੋਹਫੇ ਵਜੋਂ ਉਸਦੀ ਝੋਲੀ ਪਾਈ ਗਈ ਹੈ ਇਹ ਫਿਲਮ, ਜਿਸ ਵਿੱਚ ਹਿੰਦੀ ਫਿਲਮ ਜਗਤ ਦੇ ਮੰਝੇ ਹੋਏ ਕਈ ਐਕਟਰਜ਼ ਮਹੱਤਵਪੂਰਨ ਕਿਰਦਾਰ ਅਦਾ ਕਰ ਰਹੇ ਹਨ, ਜਿੰਨਾਂ ਵਿੱਚ ਟੀਕੂ ਤਲਸਾਨੀਆ ਤੋਂ ਇਲਾਵਾ ਰਸ਼ਮੀ ਦੇਸਾਈ, ਗੌਰੀ ਪ੍ਰਧਾਨ ਆਦਿ ਵੀ ਸ਼ੁਮਾਰ ਹਨ, ਜੋ ਟੈਲੀਵਿਜ਼ਨ ਦੀ ਦੁਨੀਆਂ ਵਿੱਚ ਉੱਚ-ਕੋਟੀ ਵੱਕਾਰ ਸਥਾਪਿਤ ਕਰ ਚੁੱਕੇ ਹਨ।