ਫਰੀਦਕੋਟ: ਪੰਜਾਬੀ ਸਿਨੇਮਾ ਦੇ ਦਿੱਗਜ਼ ਅਦਾਕਾਰ ਵਜੋਂ ਆਪਣੀ ਪਹਿਚਾਣ ਬਣਾਉਣ 'ਚ ਸਫ਼ਲ ਰਹੇ ਅਦਾਕਾਰ ਮਹਾਵੀਰ ਭੁੱਲਰ ਹੌਲੀ-ਹੌਲੀ ਹਿੰਦੀ ਫ਼ਿਲਮ ਜਗਤ ਵਿੱਚ ਵੀ ਆਪਣੀ ਪਹਿਚਾਣ ਕਾਇਮ ਕਰਦੇ ਜਾ ਰਹੇ ਹਨ। ਹੁਣ ਅਦਾਕਾਰ ਮਹਾਂਵੀਰ ਭੁੱਲਰ ਆਉਣ ਵਾਲੀ ਹਿੰਦੀ ਫ਼ਿਲਮ 'ਸਫ਼ਰ' ਵਿੱਚ ਲੀਡ ਰੋਲ ਅਦਾ ਕਰਦੇ ਨਜ਼ਰ ਆਉਣਗੇ। ਇਸ ਫਿਲਮ 'ਚ ਸੰਨੀ ਦਿਓਲ ਸਮੇਤ ਹੋਰ ਵੀ ਕਈ ਮਸ਼ਹੂਰ ਐਕਟਰਜ਼ ਸ਼ਾਮਲ ਹਨ। ਵਿਸ਼ਾਲ ਰਾਣਾ ਦੁਆਰਾ 'ਏਕਲੋਨ ਪ੍ਰੋਡਕਸ਼ਨ' ਦੇ ਬੈਨਰ ਅਧੀਨ ਬਣਾਈ ਜਾ ਰਹੀ ਇਹ ਫ਼ਿਲਮ ਸਾਲ 2024 ਵਿੱਚ ਸਾਹਮਣੇ ਆਉਣ ਜਾ ਰਹੀਆ ਬਾਲੀਵੁੱਡ ਦੀਆਂ ਬਹੁ-ਚਰਚਿਤ ਅਤੇ ਬਿੱਗ ਸੈਟਅੱਪ ਫ਼ਿਲਮਾਂ ਵਿੱਚੋ ਇੱਕ ਹੈ। ਇਸ ਫਿਲਮ 'ਚ ਸੰਨੀ ਦਿਓਲ ਅਲੱਗ ਅਤੇ ਨਵੇ ਅਵਤਾਰ ਵਿੱਚ ਨਜ਼ਰ ਆਉਣਗੇ, ਜਿਸ ਤਰ੍ਹਾਂ ਦਾ ਰੋਲ ਉਨਾਂ ਵੱਲੋ ਹੁਣ ਤੱਕ ਅਪਣੀ ਕਿਸੇ ਵੀ ਫ਼ਿਲਮ ਵਿੱਚ ਅਦਾ ਨਹੀਂ ਕੀਤਾ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ, ਫ਼ਿਲਮ 'ਸਫ਼ਰ' ਦਿਲ ਨੂੰ ਛੂਹ ਲੈਣ ਵਾਲੀ ਕਹਾਣੀ 'ਤੇ ਆਧਾਰਿਤ ਹੈ। ਇਸ ਫਿਲਮ 'ਚ ਲੀਡ ਰੋਲ ਅਦਾ ਕਰ ਰਹੇ ਮਹਾਵੀਰ ਭੁੱਲਰ ਵੱਲੋ ਅਪਣੇ ਹਿੱਸੇ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਗਈ ਹੈ। ਸ਼ੂਟਿੰਗ ਦੌਰਾਨ ਮਹਾਵੀਰ ਭੁੱਲਰ, ਸੰਨੀ ਦਿਓਲ ਅਤੇ ਸਿਮਰਨ ਬੱਗਾ ਸਮੇਤ ਹਿੰਦੀ ਸਿਨੇਮਾਂ ਦੇ ਕਈ ਹੋਰ ਨਾਮਵਰ ਐਕਟਰਜ਼ ਦਾ ਸ਼ੂਟ ਵੀ ਪੂਰਾ ਕੀਤਾ ਜਾਵੇਗਾ।