ਚੰਡੀਗੜ੍ਹ: ਪੰਜਾਬੀ ਸਿਨੇਮਾ ਦੇ ਸਿਰਮੌਰ ਅਦਾਕਾਰ ਹੋਬੀ ਧਾਲੀਵਾਲ ਹੁਣ ਹੌਲੀ-ਹੌਲੀ ਬਾਲੀਵੁੱਡ ’ਚ ਵੀ ਆਪਣਾ ਵੱਖਰਾ ਵਜੂਦ ਸਥਾਪਿਤ ਕਰਦੇ ਨਜ਼ਰ ਆ ਰਹੇ ਹਨ, ਜਿੰਨ੍ਹਾਂ ਨੂੰ ਆਉਣ ਵਾਲੀ ਹਿੰਦੀ ਫਿਲਮ ‘ਆਈ ਬੀ 71’ ’ਚ ਵੱਡਾ ਬ੍ਰੇਕ ਮਿਲਿਆ ਹੈ, ਜਿਸ ਵਿਚ ਹਿੰਦੀ ਸਿਨੇਮਾ ਦੇ ਚਰਚਿਤ ਅਤੇ ਕਾਮਯਾਬ ਸਟਾਰ ਵਿਦਯੁਤ ਜਾਮਵਾਲ ਲੀਡ ਭੂਮਿਕਾ ਨਿਭਾ ਰਹੇ ਹਨ।
ਪੰਜਾਬੀ ਅਦਾਕਾਰ ਹੋਬੀ ਧਾਲੀਵਾਲ ਮੁੰਬਈ ਨਗਰੀ ਦੇ ਪ੍ਰਤਿਭਾਵਾਨ ਫਿਲਮਕਾਰ ਵਜੋਂ ਜਾਣੇ ਜਾਂਦੇ ਸੰਕਲਪ ਰੈਡੀ ਵੱਲੋਂ ਨਿਰਦੇਸ਼ਿਤ ਕੀਤੀ ਜਾ ਰਹੀ ਅਤੇ ਵਿਦਯੁਤ ਜਾਮਵਾਲ ਵੱਲੋਂ ਆਪਣੇ ਘਰੇਲੂ ਬੈਨਰਜ਼ ‘ਐਕਸ਼ਨ ਹੀਰੋ ਫਿਲਮਜ਼’ ਦੇ ਨਾਲ ‘ਰਿਲਾਇੰਸ ਇੰਟਰਟੇਨਮੈਂਟ’ ਅਤੇ ‘ਟੀ-ਸੀਰੀਜ਼ ਸੁਪਰ ਕੈਸੇਟ ਇੰਡਸਟਰੀਜ਼’ ਦੇ ਨਾਲ ਸੁਯੰਕਤ ਨਿਰਮਾਣ ਅਧੀਨ ਪੇਸ਼ ਕੀਤੀ ਜਾ ਰਹੀ ਇਸ ਫਿਲਮ ਦਾ ਸਹਿ ਨਿਰਮਾਤਾ ਅਬਾਸ ਸ਼ਇਅਦ, ਅਦਿੱਤਯ ਕੋਵੇਸਕੀ, ਸ਼ਿਵ ਚਾਨਨਾ ਹਨ।
ਇਸੇ ਸਾਲ ਦੇ ਮਈ ਮਹੀਨੇ ਰਿਲੀਜ਼ ਕੀਤੀ ਜਾਣ ਵਾਲੀ ਇਸ ਫਿਲਮ ਵਿਚ ਅਨੁਪਮ ਖੇਰ, ਦਿਵਾਕਰ ਦਿਆਨੀ, ਨਿਹਾਰਿਕਾ ਰਾਈਜਾਦਾ ਆਦਿ ਵੀ ਮਹੱਤਵਪੂਰਨ ਭੂਮਿਕਾਵਾਂ ਨਿਭਾ ਰਹੇ ਹਨ।
ਪੰਜਾਬੀ ਅਦਾਕਾਰ ਹੋਬੀ ਧਾਲੀਵਾਲ ਹੁਣ ਜੇਕਰ ਇਸ ਫਿਲਮ ਵਿਚ ਅਦਾਕਾਰ ਹੋਬੀ ਧਾਲੀਵਾਲ ਵੱਲੋਂ ਨਿਭਾਏ ਜਾ ਰਹੇ ਕਿਰਦਾਰ ਦੀ ਗੱਲ ਕਰੀਏ ਤਾਂ ਦੇਸ਼ ਪ੍ਰਤੀ ਮਰ ਮਿਟਣ ਵਾਲੇ ਜਜ਼ਬੇ ਦੀ ਤਰਜ਼ਮਾਨੀ ਕਰਦੀ ਅਤੇ ਥ੍ਰਿਲਰ-ਡਰਾਮਾ ਕਹਾਣੀ ਦੁਆਲੇ ਬੁਣੀ ਗਈ ਇਸ ਫਿਲਮ ਵਿਚ ਉਨਾਂ ਦੀ ਭੂਮਿਕਾ ਕਾਫ਼ੀ ਚੁਣੌਤੀਪੂਰਨ ਹੈ, ਜੋ ਫਿਲਮ ਦੀ ਕਹਾਣੀ ਦਾ ਅਹਿਮ ਕੇਂਦਰਬਿੰਦੂ ਵੀ ਮੰਨੀ ਜਾ ਸਕਦੀ ਹੈ।
ਪੰਜਾਬੀ ਫਿਲਮ ਇੰਡਸਟਰੀ ਵਿਚ ਲਗਾਤਾਰ ਆਪਣੀ ਵਿਲੱਖਣ ਹੋਂਦ ਦਾ ਇਜ਼ਹਾਰ ਕਰਵਾ ਰਹੇ ਅਦਾਕਾਰ ਹੋਬੀ ਧਾਲੀਵਾਲ ਅਨੁਸਾਰ ਹਿੰਦੀ ਸਿਨੇਮਾ ਦੇ ਨਾਮਵਰ ਨਿਰਦੇਸ਼ਕ ਅਤੇ ਉਚਕੋਟੀ ਪ੍ਰੋਡੋਕਸ਼ਨ ਹਾਊਸ ਤੋਂ ਇਲਾਵਾ ਵਿਦਯੁਤ ਜਾਮਵਾਲ, ਅਨੁਪਮ ਖੇਰ ਜਿਹੀਆਂ ਸ਼ਾਨਦਾਰ ਸਿਨੇਮਾ ਸ਼ਖ਼ਸ਼ੀਅਤਾਂ ਨਾਲ ਕੰਮ ਕਰਨਾ ਉਨ੍ਹਾਂ ਦੇ ਕਰੀਅਰ ਦਾ ਯਾਦਗਾਰੀ ਤਜ਼ਰਬਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਹਾਲੀਆ ਸਮੇਂ ਪੰਜਾਬੀ ਫਿਲਮਾਂ ਵਿਚ ਨਿਭਾਏ ਗਏ ਕਿਰਦਾਰਾਂ ਨਾਲੋਂ ਇਕਦਮ ਅਲੱਗ ਅਤੇ ਕਾਫ਼ੀ ਪ੍ਰਭਾਵਸ਼ਾਲੀ ਹੈ। ਇਸ ਫਿਲਮ ਲਈ ਉਨ੍ਹਾਂ ਵੱਲੋਂ ਬਤੌਰ ਐਕਟਰ ਆਪਣਾ ਬੈਸਟ ਤੋਂ ਬੈਸਟ ਦੇਣ ਦੀ ਕੋਸ਼ਿਸ਼ ਕੀਤੀ ਹੈ।
ਉਨ੍ਹਾਂ ਕਿਹਾ ਕਿ ਉਮੀਦ ਕੀਤੀ ਜਾ ਸਕਦੀ ਹੈ ਕਿ ਇਹ ਫਿਲਮ ਉਨ੍ਹਾਂ ਦੇ ਦਰਸ਼ਕ ਅਤੇ ਸਿਨੇਮਾ ਦਾਇਰੇ ਨੂੰ ਹੋਰ ਵਿਸ਼ਾਲਤਾ ਦੇਣ ਵਿਚ ਵੀ ਅਹਿਮ ਭੂਮਿਕਾ ਨਿਭਾਏਗੀ। ਹਾਲ ਹੀ ਵਿਚ ‘ਚੱਕਾਂ ਦੇ ਸ਼ਿਕਾਰੀ 2’ ਵਿਚ ਨਿਭਾਈ ਆਪਣੀ ਭੂਮਿਕਾ ਨੂੰ ਲੈ ਕੇ ਕਾਫ਼ੀ ਸਰਾਹਣਾ ਹਾਸਿਲ ਕਰ ਰਹੇ ਇਸ ਹੋਣਹਾਰ ਅਦਾਕਾਰ ਨੇ ਦੱਸਿਆ ਕਿ ਹਿੰਦੀ ਸਿਨੇਮਾ ਵਿਚ ਵੱਧ ਰਹੀ ਮਸ਼ਰੂਫ਼ੀਅਤ ਦੇ ਬਾਵਜੂਦ ਪੰਜਾਬੀ ਸਿਨੇਮਾ ਉਨ੍ਹਾਂ ਦੀ ਹਮੇਸ਼ਾ ਤਰਜੀਹ ਵਿਚ ਸ਼ਾਮਿਲ ਰਹੇਗਾ ਅਤੇ ਉਹ ਇਸ ਦੀ ਪ੍ਰਫੁਲੱਤਾ ਵਿਚ ਆਪਣਾ ਹਰ ਸੰਭਵ ਯੋਗਦਾਨ ਅਦਾਕਾਰ ਦੇ ਤੌਰ 'ਤੇ ਦਿੰਦੇ ਰਹਿਣਗੇ।
ਇਹ ਵੀ ਪੜ੍ਹੋ:Mahie Gill Marriage: ਮਾਹੀ ਗਿੱਲ ਨੇ ਗੁਪਤ ਤਰੀਕੇ ਨਾਲ ਕੀਤਾ ਵਿਆਹ, ਇਸ ਅਦਾਕਾਰ ਨੂੰ ਬਣਾਇਆ ਜੀਵਨ ਸਾਥੀ