ਚੰਡੀਗੜ੍ਹ:ਪੰਜਾਬੀ ਸਿਨੇਮਾ 'ਚ ਬਤੌਰ ਅਦਾਕਾਰ ਆਪਣੇ ਸਫਰ ਦਾ ਆਗਾਜ਼ ਕਰਨ ਵਾਲਾ ਅਤੇ ਨਿਰਦੇਸ਼ਕ ਦੇ ਤੌਰ 'ਤੇ ਵੀ ਮਾਣਮੱਤੀਆਂ ਪ੍ਰਾਪਤੀਆਂ ਲਗਾਤਾਰ ਆਪਣੀ ਝੋਲੀ ਪਾ ਰਿਹਾ ਪ੍ਰਤਿਭਾਸ਼ਾਲੀ ਪੰਜਾਬੀ ਨੌਜਵਾਨ ਸੁਖਬੀਰ ਗਿੱਲ ਅੱਜਕੱਲ੍ਹ ਸੰਗੀਤਕ ਗਲਿਆਰਿਆਂ ਵਿੱਚ ਵੀ ਵੱਡੇ ਨਾਂਅ ਵਜੋਂ ਆਪਣਾ ਸ਼ੁਮਾਰ ਕਰਵਾਉਣ ਵੱਲ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ, ਜੋ ਆਪਣਾ ਨਵਾਂ ਹਿੰਦੀ ਗਾਣਾ 'ਪੰਛੀ' ਲੈ ਕੇ ਅੱਜ ਸਰੋਤਿਆਂ ਅਤੇ ਦਰਸ਼ਕਾਂ ਸਨਮੁੱਖ ਹੋਵੇਗਾ।
'ਗਿੱਲ ਸਾਹਿਬ ਮੋਸ਼ਨ ਪਿਕਚਰਜ਼' ਦੁਆਰਾ ਪੇਸ਼ ਕੀਤੇ ਜਾ ਰਹੇ ਇਸ ਗਾਣੇ ਨੂੰ ਆਵਾਜ਼ ਸੁਖਬੀਰ ਗਿੱਲ ਨੇ ਦਿੱਤੀ ਹੈ, ਜਦਕਿ ਇਸ ਦਾ ਸੰਗੀਤ ਸ਼ਰਧਾ ਪਾਤਰੇ ਨੇ ਸੰਗੀਤਬੱਧ ਕੀਤਾ ਹੈ ਅਤੇ ਬੋਲ ਰੇਨ ਰਾਬ ਦੇ ਹਨ, ਜਿੰਨਾਂ ਵੱਲੋਂ ਬਹੁਤ ਹੀ ਉਮਦਾ ਸ਼ਬਦਾਂ ਅਧੀਨ ਅਤੇ ਮਨ ਨੂੰ ਝਕਝੋਰਦੇ ਲਫ਼ਜ਼ਾਂ ਦੀ ਬੱਧਤਾ ਅਧੀਨ ਇਸਨੂੰ ਰਚਿਆ ਗਿਆ ਹੈ।
ਗਾਇਕੀ ਦੇ ਨਾਲ-ਨਾਲ ਨਿਰਦੇਸ਼ਕ ਦੇ ਤੌਰ 'ਤੇ ਵੀ ਅੱਜਕੱਲ੍ਹ ਬਰਾਬਰ ਸਰਗਰਮ ਹੈ, ਇਹ ਟੈਲੇਂਟਡ ਨੌਜਵਾਨ, ਜਿਸ ਵੱਲੋਂ ਹਾਲ ਹੀ ਵਿੱਚ ਨਿਰਦੇਸ਼ਿਤ ਕੀਤੇ ਕਈ ਮਿਊਜ਼ਿਕ ਵੀਡੀਓ ਖਾਸੀ ਚਰਚਾ ਅਤੇ ਸਲਾਹੁਤਾ ਹਾਸਿਲ ਕਰਨ ਵਿੱਚ ਕਾਮਯਾਬ ਰਹੇ ਹਨ, ਜਿੰਨਾਂ ਵਿੱਚ ਬੀਤੇ ਦਿਨੀਂ ਚਰਚਿਤ ਹਰਿਆਣੀ ਹਸਤੀ ਸਪਨਾ ਚੌਧਰੀ ਦਾ ਗਾਣਾ 'ਆਪਾਂ ਦੋਨੋਂ ਜਣੇ' ਵੀ ਸ਼ੁਮਾਰ ਰਿਹਾ ਹੈ, ਜਿਸ ਦੇ ਸੁਖਬੀਰ ਵੱਲੋਂ ਵੱਡੇ ਪੱਧਰ ਉਤੇ ਨਿਰਦੇਸ਼ਿਤ ਕੀਤੇ ਮਿਊਜ਼ਿਕ ਵੀਡੀਓ ਨੂੰ ਦਰਸ਼ਕਾਂ ਦੁਆਰਾ ਕਾਫ਼ੀ ਪਸੰਦ ਕੀਤਾ ਗਿਆ ਹੈ।
ਰਿਲੀਜ਼ ਹੋ ਰਹੇ ਆਪਣੇ ਟਰੈਕ ਸੰਬੰਧੀ ਹੋਰ ਜਾਣਕਾਰੀ ਸਾਂਝੀ ਕਰਦਿਆਂ ਇਸ ਸੁਰੀਲੇ ਫਨਕਾਰ ਨੇ ਦੱਸਿਆ ਕਿ ਨੌਜਵਾਨੀ ਮਨਾਂ ਦੀ ਤਰਜ਼ਮਾਨੀ ਕਰਦਾ ਉਨਾਂ ਦਾ ਇਹ ਗਾਣਾ ਉਹਨਾਂ ਦਾ ਦੂਸਰਾ ਹਿੰਦੀ ਟਰੈਕ ਹੈ, ਜਿਸ ਵਿੱਚ ਗਾਇਕ ਦੇ ਤੌਰ 'ਤੇ ਉਨਾਂ ਦੁਆਰਾ ਆਪਣਾ ਸੋ ਫ਼ੀਸਦੀ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਉਨਾਂ ਨੂੰ ਪੂਰੀ ਉਮੀਦ ਹੈ ਕਿ ਦਰਸ਼ਕਾਂ ਨੂੰ ਇਹ ਸਦਾ ਬਹਾਰ ਰੰਗ ਵਿੱਚ ਰੰਗਿਆ ਗਾਣਾ ਭਰਪੂਰ ਪਸੰਦ ਆਵੇਗਾ, ਜਿਸ ਦਾ ਗੀਤ ਸੰਗੀਤ ਪੱਖ ਵੀ ਬੇਹੱਦ ਉਮਦਾ ਰੱਖਿਆ ਗਿਆ ਹੈ।
ਮੂਲ ਰੂਪ ਵਿੱਚ ਪੰਜਾਬ ਦੇ ਇਤਿਹਾਸਿਕ ਸ਼ਹਿਰ ਤਰਨਤਾਰਨ ਲਾਗਲੇ ਕਸਬੇ ਨਾਲ ਪੱਟੀ ਨਾਲ ਸੰਬੰਧਿਤ ਇਸ ਬਾ-ਕਮਾਲ ਗਾਇਕ ਨੇ ਦੱਸਿਆ ਕਿ ਉਕਤ ਗਾਣੇ ਦੀ ਸ਼ੂਟਿੰਗ ਮੋਹਾਲੀ ਅਤੇ ਇਸ ਦੇ ਆਸ-ਪਾਸ ਦੀਆਂ ਮਨਮੋਹਕ ਲੋਕੇਸ਼ਨਾਂ 'ਤੇ ਮੁਕੰਮਲ ਕੀਤੀ ਗਈ ਹੈ, ਜਦਕਿ ਇਸ ਦੀ ਰਿਕਾਰਡਿੰਗ ਵੀ ਉੱਚ ਪੱਧਰੀ ਸੰਗੀਤਕ ਮਾਪਦੰਡਾਂ ਅਧੀਨ ਮੁਕੰਮਲ ਹੋਈ ਹੈ, ਜੋ ਸੁਣਨ ਵਾਲਿਆਂ ਨੂੰ ਇੱਕ ਨਿਵੇਕਲੀ ਤਰੋ-ਤਾਜ਼ਗੀ ਦਾ ਵੀ ਅਹਿਸਾਸ ਕਰਵਾਏਗੀ।