ਚੰਡੀਗੜ੍ਹ: ਕਾਫੀ ਸਮੇਂ ਤੋਂ ਚਰਚਾ ਦਾ ਵਿਸ਼ਾ ਰਹੀ ਫਿਲਮ 'ਚਮਕੀਲਾ' ਦਾ ਨਿਰਦੇਸ਼ਨ ਬਾਲੀਵੁੱਡ ਨਿਰਦੇਸ਼ਕ ਇਮਤਿਆਜ਼ ਅਲੀ ਦੁਆਰਾ ਕੀਤਾ ਗਿਆ ਹੈ, ਜਿਸ ਵਿੱਚ ਅਦਾਕਾਰ ਦਿਲਜੀਤ ਦੁਸਾਂਝ ਅਤੇ ਪਰਿਣੀਤੀ ਚੋਪੜਾ ਮੁੱਖ ਭੂਮਿਕਾਵਾਂ ਵਿੱਚ ਹਨ। ਦਿਲਜੀਤ ਦੀ ਇਸ ਫਿਲਮ ਨੂੰ ਸਿਵਲ ਜੱਜ ਹਰਸਿਮਰਨਜੀਤ ਸਿੰਘ ਦੀ ਅਦਾਲਤ ਨੇ 21 ਮਾਰਚ ਨੂੰ ਰੋਕ ਦਿੱਤਾ ਸੀ। ਇਸ ਮਾਮਲੇ ਦੀ ਅਗਲੀ ਸੁਣਵਾਈ 3 ਮਈ ਨੂੰ ਹੋਣੀ ਹੈ।
ਇੱਕ ਹੋਰ ਪੰਜਾਬੀ ਫਿਲਮ ‘ਜੋੜੀ’ ਦੀ ਰਿਲੀਜ਼ ‘ਤੇ ਵੀ ਅਦਾਲਤ ਨੇ ਸੋਮਵਾਰ ਨੂੰ ਰੋਕ ਲਾ ਦਿੱਤੀ ਹੈ। ਅਦਾਕਾਰ ਦਿਲਜੀਤ ਦੁਸਾਂਝ ਅਤੇ ਨਿਮਰਤ ਖਹਿਰਾ ਦੀ ਇਹ ਪੰਜਾਬੀ ਫਿਲਮ 5 ਮਈ ਨੂੰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਸੀ। ਫਿਲਮ ਦਾ ਨਿਰਦੇਸ਼ਨ ਅੰਬਰਦੀਪ ਸਿੰਘ ਨੇ ਕੀਤਾ ਹੈ। ਫਿਲਮ ਦੇ ਕਈ ਗੀਤ ਵੀ ਰਿਲੀਜ਼ ਹੋ ਚੁੱਕੇ ਹਨ।
ਆਖਿਰ ਕਿਉਂ ਲੱਗੀ ਫਿਲਮ 'ਤੇ ਰੋਕ:ਤੁਹਾਨੂੰ ਦੱਸ ਦਈਏ ਕਿ ਸਿਵਲ ਜੱਜ ਕਰਨਦੀਪ ਕੌਰ ਦੀ ਅਦਾਲਤ ਨੇ ਫਿਲਮ ਨਿਰਮਾਤਾਵਾਂ ਨੂੰ ਫਿਲਮ 'ਜੋੜੀ' ਰਿਲੀਜ਼ ਕਰਨ ਤੋਂ ਰੋਕ ਦਿੱਤਾ ਹੈ। ਅਦਾਲਤ ਨੇ ਇਹ ਹੁਕਮ ਪਟਿਆਲਾ ਦੇ ਇਸ਼ਦੀਪ ਰੰਧਾਵਾ ਦੁਆਰਾ ਦਾਇਰ ਇੱਕ ਰਿੱਟ ਪਟੀਸ਼ਨ ਤੋਂ ਬਾਅਦ ਦਿੱਤੇ ਹਨ, ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਚਮਕੀਲਾ ਦੀ ਪਹਿਲੀ ਪਤਨੀ ਗੁਰਮੇਲ ਕੌਰ ਨੇ 2012 ਵਿੱਚ ਇੱਕ ਲਿਖਤੀ ਸਮਝੌਤੇ ਵਿੱਚ ਉਸਦੇ ਪਿਤਾ ਗੁਰਦੇਵ ਰੰਧਾਵਾ ਨੂੰ ਬਾਇਓਪਿਕ ਬਣਾਉਣ ਦੇ ਅਧਿਕਾਰ ਦਿੱਤੇ ਸਨ। ਰੰਧਾਵਾ ਨੇ ਦਾਅਵਾ ਕੀਤਾ ਹੈ ਕਿ ਗੁਰਮੇਲ ਕੌਰ ਨੇ ਅਧਿਕਾਰ ਬਦਲੇ ਉਨ੍ਹਾਂ ਤੋਂ 5 ਲੱਖ ਰੁਪਏ ਲਏ ਸਨ।
ਰੰਧਾਵਾ ਨੇ ਆਪਣੀ ਪਟੀਸ਼ਨ ਵਿਚ ਕਿਹਾ ਕਿ ਉਸ ਦੇ ਪਿਤਾ ਦਾ ਨਵੰਬਰ 2022 ਵਿਚ ਦਿਹਾਂਤ ਹੋ ਗਿਆ ਸੀ ਅਤੇ ਉਸ ਦੇ ਕਾਨੂੰਨੀ ਵਾਰਸ ਹੋਣ ਦੇ ਨਾਤੇ ਗਾਇਕ ਦੀ ਜ਼ਿੰਦਗੀ 'ਤੇ ਫਿਲਮ ਬਣਾਉਣ ਦੇ ਅਧਿਕਾਰ ਉਸ ਕੋਲ ਹਨ। ਦੋਵਾਂ ਮਾਮਲਿਆਂ ਵਿੱਚ ਰੰਧਾਵਾ ਦੇ ਵਕੀਲ ਐਡਵੋਕੇਟ ਭੁਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਅਦਾਲਤਾਂ ਨੇ ਚਮਕੀਲਾ ਦੇ ਜੀਵਨ 'ਤੇ ਆਧਾਰਿਤ ਦੋਵੇਂ ਫਿਲਮਾਂ ਦੀ ਰਿਲੀਜ਼ 'ਤੇ ਰੋਕ ਲਗਾ ਦਿੱਤੀ ਹੈ। ਗੁਰਦੇਵ ਰੰਧਾਵਾ ਇੱਕ ਮਸ਼ਹੂਰ ਨਿਰਮਾਤਾ ਅਤੇ ਨਿਰਦੇਸ਼ਕ ਸਨ ਜਿਨ੍ਹਾਂ ਕੋਲ ਇੱਕ ਸਟੂਡੀਓ ਸੀ ਅਤੇ ਉਸਨੇ ਕਈ ਪੰਜਾਬੀ ਫਿਲਮਾਂ ਅਤੇ ਲਘੂ ਫਿਲਮਾਂ ਬਣਾਈਆਂ।
ਇਹ ਵੀ ਪੜ੍ਹੋ:Inderpal Singh: ਪਾਲੀਵੁੱਡ ਨੂੰ ਗੰਭੀਰ ਮੁੱਦਿਆਂ ਵਾਲੀਆਂ ਫਿਲਮਾਂ ਦੇਣ ਤੋਂ ਬਾਅਦ ਹਾਸਰਾਸ ਵਾਲੀ ਫਿਲਮ ਲੈ ਕੇ ਆ ਰਹੇ ਨੇ ਲੇਖਕ ਇੰਦਰਪਾਲ ਸਿੰਘ