ਮੁੰਬਈ: ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਦੀ ਫਿਲਮ 'ਪਠਾਨ' ਆਪਣੇ ਪਹਿਲੇ ਦਿਨ ਤੋਂ ਹੀ ਬਾਕਸ ਆਫਿਸ 'ਤੇ ਰਿਕਾਰਡ ਤੋੜ ਰਹੀ ਹੈ। ਯਸ਼ਰਾਜ ਫਿਲਮਜ਼ ਪ੍ਰੋਡਕਸ਼ਨ ਦੀ ਫਿਲਮ 'ਪਠਾਨ' ਨੇ ਸਿਰਫ ਚਾਰ ਦਿਨਾਂ 'ਚ 400 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ। ਹਾਲਾਂਕਿ ਫਿਲਮ ਦਾ ਵਿਰੋਧ ਅਜੇ ਵੀ ਜਾਰੀ ਹੈ। ਇਸ ਦੇ ਰਿਲੀਜ਼ ਹੋਣ ਤੋਂ ਲੈ ਕੇ ਹੁਣ ਤੱਕ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਫਿਲਮ ਦੇ ਵਿਰੋਧ ਦੀਆਂ ਕਈ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਐਤਵਾਰ (29 ਜਨਵਰੀ) ਨੂੰ ਹੀ ਕੁਝ ਲੋਕਾਂ ਨੇ ਮੁੰਬਈ ਦੇ ਇੱਕ ਥੀਏਟਰ ਦੇ ਬਾਹਰ ਫਿਲਮ ਦਾ ਵਿਰੋਧ ਕੀਤਾ ਅਤੇ ਥੀਏਟਰ ਦੇ ਬਾਹਰ 'ਪਠਾਨ' ਦੇ ਪੋਸਟਰ ਪਾੜ ਦਿੱਤੇ। ਇਸ ਦੌਰਾਨ ਬਦਮਾਸ਼ ਭਗਵੇਂ ਝੰਡੇ ਲੈ ਕੇ ਥੀਏਟਰ 'ਚ ਪਹੁੰਚੇ ਅਤੇ 'ਜੈ ਸ਼੍ਰੀ ਰਾਮ' ਦੇ ਨਾਅਰੇ ਲਾਏ।
ਦੱਸ ਦਈਏ ਕਿ ਐਤਵਾਰ ਨੂੰ ਮੁੰਬਈ ਦੇ ਮੀਰਾ ਰੋਡ 'ਤੇ ਇੱਕ ਥੀਏਟਰ ਦੇ ਬਾਹਰ ਕੁੱਝ ਲੋਕਾਂ ਨੇ ਹੰਗਾਮਾ ਕੀਤਾ। ਹਾਲਾਂਕਿ ਸੁਰੱਖਿਆ ਕਾਰਨ ਉਹ ਸਿਨੇਮਾ ਹਾਲ ਤੱਕ ਪਹੁੰਚਣ 'ਚ ਨਾਕਾਮ ਰਹੇ। ਇਸ ਦੇ ਨਾਲ ਹੀ ਥੀਏਟਰ ਦੇ ਬਾਹਰ ਬੇਕਾਬੂ ਲੋਕਾਂ ਨੇ ਭਗਵੇਂ ਝੰਡੇ ਲਹਿਰਾਏ ਅਤੇ ਕਥਿਤ ਤੌਰ 'ਤੇ 'ਜੈ ਸ਼੍ਰੀ ਰਾਮ' ਦੇ ਨਾਅਰੇ ਲਾਏ। ਤੁਹਾਨੂੰ ਦੱਸ ਦੇਈਏ ਕਿ ਫਿਲਮ ਦੇ ਵਧਦੇ ਕ੍ਰੇਜ਼ ਅਤੇ ਹੰਗਾਮੇ ਦੇ ਵਿਚਕਾਰ ਫਿਲਮ ਬਾਕਸ ਆਫਿਸ 'ਤੇ ਰਾਜ ਕਰ ਰਹੀ ਹੈ। 'ਪਠਾਨ' ਸਿਨੇਮਾਘਰਾਂ 'ਚ 5 ਦਿਨ ਹੋ ਚੁੱਕੇ ਹਨ ਅਤੇ ਹੁਣ ਤੱਕ ਫਿਲਮ ਨੇ (ਦੁਨੀਆ ਭਰ 'ਚ) ਲਗਭਗ 429 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ।