ਚੰਡੀਗੜ੍ਹ:ਬਾਲੀਵੁੱਡ ਦੇ ਦਿੱਗਜ, ਸਫ਼ਲ ਅਤੇ ਮਸ਼ਹੂਰ ਨਿਰਮਾਤਾ ਵਜੋਂ ਆਪਣਾ ਸ਼ੁਮਾਰ ਕਰਵਾਉਂਦੇ ਅਤੇ ਕਈ ਨਵੇਂ ਐਕਟਰਜ਼ ਨੂੰ ਸਟਾਰ ਬਣਾਉਣ ਦਾ ਸਿਹਰਾ ਹਾਸਿਲ ਕਰ ਚੁੱਕੇ ਪਹਿਲਾਜ ਨਿਹਲਾਨੀ ਇੱਕ ਵਾਰ ਮੁੜ੍ਹ ਬਤੌਰ ਫਿਲਮ ਨਿਰਮਾਣਕਾਰ ਹਿੰਦੀ ਸਿਨੇਮਾ ਖੇਤਰ ’ਚ ਸ਼ਾਨਦਾਰ ਵਾਪਸੀ ਕਰਨ ਜਾ ਰਹੇ ਹਨ, ਜੋ ਆਪਣੀ ਨਵੀਂ ਫਿਲਮ ‘ਅਨਾੜੀ ਇਜ਼ ਬੈਕ’ ਦਰਸ਼ਕਾਂ ਸਨਮੁੱਖ ਕਰਨ ਜਾ ਰਹੇ ਹਨ, ਜਿਸ ਦਾ ਪਹਿਲਾਂ ਲੁੱਕ ਵੀ ਜਾਰੀ ਕਰ ਦਿੱਤਾ ਗਿਆ ਹੈ।
‘ਚਿਰਾਗਦੀਪ ਇੰਟਰਨੈਸ਼ਨਲ’ ਦੇ ਬੈਨਰ ਹੇਠ ਬਣੀ ਇਸ ਮਿਊਜ਼ਿਕਲ-ਰੋਮਾਂਟਿਕ ਫਿਲਮ ਦੁਆਰਾ ਦੋ ਇੱਕ ਨਵੀਂ ਜੋੜੀ ਪਹਿਲੀ ਵਾਰ ਸਿਲਵਰ ਸਕਰੀਨ 'ਤੇ ਦਸਤਕ ਦੇਵੇਗੀ, ਜਿੰਨ੍ਹਾਂ ਦੇ ਨਾਵਾਂ ਅਤੇ ਹੋਰ ਪਹਿਲੂਆਂ ਦਾ ਰਸਮੀ ਐਲਾਨ ਫਿਲਮ ਪ੍ਰੋਡੋਕਸ਼ਨ ਹਾਊਸ ਵੱਲੋਂ ਜਲਦ ਕੀਤਾ ਜਾਵੇਗਾ। 80ਵੇਂ ਅਤੇੇ 90ਵੇਂ ਦੇ ਦਹਾਕੇ ਵਿੱਚ ਬੇਸ਼ੁਮਾਰ ਹਿੱਟ ਫਿਲਮਾਂ ਦਾ ਨਿਰਮਾਣ ਕਰ ਚੁੱਕੇ ਨਿਰਮਾਤਾ ਪਹਿਲਾਜ ਨਿਹਲਾਨੀ ਆਪਣੇ ਸਮੇੇਂ ਦੇ ਹਿੱਟਮੇਕਰ ਵਜੋਂ ਜਾਣੇ ਜਾਂਦੇ ਰਹੇ ਹਨ, ਜਿੰਨ੍ਹਾਂ ਵੱਲੋਂ ਬਣਾਈਆਂ ‘ਹੱਥਕੜ੍ਹੀ’, ‘ਆਂਧੀ ਤੂਫ਼ਾਨ’, ‘ਇਲਜ਼ਾਮ’, ‘ਸ਼ੋਲਾ ਔਰ ਸ਼ਬਨਮ’, ‘ਆਗ ਹੀ ਆਗ’, ‘ਪਾਪ ਕੀ ਦੁਨੀਆਂ’, ‘ਗੁਨਾਹੋਂ ਕਾ ਫ਼ੈਸਲਾ’, ‘ਮਿੱਟੀ ਔਰ ਸੋਨਾ’, ‘ਆਗ ਕਾ ਗੋਲਾ’, ‘ਰੰਗੀਲੇ ਰਾਜਾ’ ਆਦਿ ਜਿੱਥੇ ਕਾਮਯਾਬੀ ਦੇ ਨਵੇਂ ਆਯਾਮ ਕਾਇਮ ਕਰਨ ਵਿਚ ਸਫ਼ਲ ਰਹੀਆਂ ਹਨ, ਉਥੇ ਹੀ ਗੋਵਿੰਦਾ, ਚੰਕੀ ਪਾਂਡੇ, ਨੀਲਮ ਕੋਠਾਰੀ, ਦਿਵਿਆ ਭਾਰਤੀ ਆਦਿ ਜਿਹੇ ਕਈ ਨਵੇਂ ਐਕਟਰਜ਼ ਨੂੰ ਸੁਪਰ-ਸਟਾਰਜ਼ ਦੇ ਰੁਤਬੇ ਤੱਕ ਪਹੁੰਚਾਉਣ ਵਿੱਚ ਇੰਨ੍ਹਾਂ ਫਿਲਮਜ਼ ਨੇ ਅਹਿਮ ਭੂਮਿਕਾ ਨਿਭਾਈ ਹੈ।
ਮੁੰਬਈ ਨਗਰੀ ਵਿੱਚ ਆਪਣੀ ਸੱਚ ਕਹਿਣ ਦੀ ਹਿੰਮਤ ਅਤੇ ਬੇਬਾਕੀ ਕਾਰਨ ਕਈ ਵਾਰ ਵਿਵਾਦਾਂ ਦਾ ਕੇਂਦਰ-ਬਿੰਦੂ ਰਹੇ ਇਹ ਨਾਮੀ ਗਿਰਾਮੀ ਫਿਲਮ ਨਿਰਮਾਤਾ ਸੈਂਸਰ ਬੋਰਡ ਦੇ ਸਾਬਕਾ ਪ੍ਰੈਜੀਡੈਂਟ ਵੀ ਰਹੇ ਹਨ, ਜਿੰਨ੍ਹਾਂ ਵੱਲੋਂ ਆਪਣੇ ਇਸ ਕਾਰਜਕਾਲ ਦੌਰਾਨ ਕਈ ਫਿਲਮਾਂ ਨੂੰ ਬੇਤੁਕੀਆਂ ਅਤੇ ਗੈਰ-ਮਿਆਰੀ ਐਲਾਨਦਿਆਂ ਇੰਨ੍ਹਾਂ ਨੂੰ ਪ੍ਰਵਾਣਿਤ ਕਰਨ ਤੋਂ ਕੋਰੀ ਨਾਂਹ ਕਰ ਦਿੱਤੀ ਗਈ ਸੀ, ਜਿਸ ਕਾਰਨ ਉਹ ਕਾਫ਼ੀ ਸੁਰਖ਼ੀਆ ਵਿੱਚ ਵੀ ਰਹੇ।
ਲੰਮੇਰ੍ਹੇ ਸਾਲਾਂ ਬਾਅਦ ਇੱਕ ਵਾਰ ਮੁੜ ਆਪਣੀ ਕਰਮਭੂਮੀ ਵਿੱਚ ਸਰਗਰਮ ਹੋਣ ਜਾ ਰਹੇ ਨਿਰਮਾਤਾ ਨਿਹਲਾਨੀ ਆਪਣੀ ਉਕਤ ਅਤੇ ਇੱਕ ਹੋਰ ਅਹਿਮ ਅਤੇ ਚਰਚਿਤ ਫਿਲਮ ਨੂੰ ਲੈ ਕੇ ਖਾਸੇ ਉਤਸ਼ਾਹਿਤ ਨਜ਼ਰ ਆ ਰਹੇ ਹਨ। ਇਸੇ ਸੰਬੰਧੀ ਆਪਣੇ ਮਨ ਦੀਆਂ ਭਾਵਨਾਵਾਂ ਸਾਂਝੀਆਂ ਕਰਦਿਆਂ ਉਨਾਂ ਦੱਸਿਆ ਕਿ ਮੌਜੂਦਾ ਸਮੇਂ ਦੇ ਸਿਨੇਮਾ ਮੁਹਾਂਦਰੇ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਇਸ ਵਿਚ ਸਟਾਰਜ਼ ਨਹੀਂ ਬਲਕਿ ਅਲਹਦਾ ਕੰਟੈਂਟ ਫਿਲਮ ਨੂੰ ਪ੍ਰਭਾਵੀ ਅਤੇ ਕਾਮਯਾਬ ਬਣਾਉਣ ਵਿਚ ਅਹਿਮ ਯੋਗਦਾਨ ਪਾ ਰਿਹਾ ਹੈ ਅਤੇ ਇਹੀ ਕਾਰਨ ਹੈ ਕਿ ਇਸ ਫਿਲਮ ਵਿੱਚ ਵੱਡੇ ਨਾਵਾਂ ਦੀ ਬਜਾਏ ਨਵ-ਚਿਹਰਿਆਂ ਨੂੰ ਅਵਸਰ ਦੇਣ ਜਾ ਰਿਹਾ ਹੈ, ਜਿੰਨ੍ਹਾਂ ਵੱਲੋਂ ਬਹੁਤ ਹੀ ਬੇਹਤਰੀਨ ਅਤੇ ਸ਼ਾਨਦਾਰ ਰੂਪ ਵਿਚ ਆਪਣੀਆਂ ਅਦਾਕਾਰੀ ਜਿੰਮੇਵਾਰੀਆਂ ਨੂੰ ਅੰਜ਼ਾਮ ਦਿੱਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਮੁੰਬਈ ਅਤੇ ਉੱਤਰਪ੍ਰਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਮੁਕੰਮਲ ਕੀਤੀ ਗਈ ਇਸ ਫਿਲਮ ਦਾ ਗੀਤ ਸੰਗੀਤ ਪੱਖ ਵੀ ਉਨਾਂ ਦੀ ਹਰ ਫਿਲਮ ਦੀ ਤਰ੍ਹਾਂ ਇਸ ਦਾ ਖਾਸ ਆਕਰਸ਼ਨ ਹੋਵੇਗਾ, ਜਿਸ ਦੇ ਮੱਦੇਨਜ਼ਰ ਗਾਣਿਆਂ ਦਾ ਫਿਲਮਾਂਕਣ ਬਹੁਤ ਹੀ ਖੂਬਸੂਰਤ ਜਗਾਵ੍ਹਾਂ 'ਤੇ ਕੀਤਾ ਗਿਆ ਹੈ।