ਚੰਡੀਗੜ੍ਹ: ਪੰਜਾਬੀ ਸਿਨੇਮਾ ਖੇਤਰ ਵਿੱਚ ਵਰਸਟਾਈਲ ਐਕਟਰ ਦੇ ਤੌਰ 'ਤੇ ਵਿਲੱਖਣ ਪਹਿਚਾਣ ਸਥਾਪਿਤ ਕਰ ਚੁੱਕੇ ਹਨ ਅਦਾਕਾਰ ਪ੍ਰਿੰਸ ਕੰਵਲਜੀਤ ਸਿੰਘ, ਜੋ ਸ਼ੁਰੂ ਹੋਣ ਜਾ ਰਹੇ ਨਵੇਂ ਵਰ੍ਹੇ ਦੌਰਾਨ ਕਈ ਅਹਿਮ ਪ੍ਰੋਜੈਕਟਾਂ ਦਾ ਹਿੱਸਾ ਬਣੇ ਨਜ਼ਰ ਆਉਣਗੇ।
ਹਾਲ ਹੀ ਵਿੱਚ ਸੋਨੀ ਲਿਵ 'ਤੇ ਆਨ ਸਟਰੀਮ ਹੋਈ ਵੈੱਬ ਸੀਰੀਜ਼ ਨਿਰਦੇਸ਼ਕ ਰੋਹਿਤ ਜੁਗਰਾਜ ਦੀ 'ਚਮਕ' ਦੁਆਰਾ ਵੀ ਇੰਨੀਂ ਦਿਨੀਂ ਕਾਫ਼ੀ ਚਰਚਾ ਅਤੇ ਸਲਾਹੁਤਾ ਹਾਸਲ ਕਰ ਰਹੇ ਹਨ ਇਹ ਬੇਹਤਰੀਨ ਅਦਾਕਾਰ, ਜੋ ਇਸੇ ਸੀਰੀਜ਼ ਦੇ ਆਉਣ ਵਾਲੇ ਭਾਗ ਵਿੱਚ ਹੋਰ ਪ੍ਰਭਾਵੀ ਰੂਪ ਅਖ਼ਤਿਆਰ ਕਰਦੇ ਵਿਖਾਈ ਦੇਣਗੇ।
ਪੰਜਾਬੀ ਥਿਏਟਰ ਦੇ ਮੰਝੇ ਹੋਏ ਲੇਖਕਾਂ ਵਿੱਚ ਆਪਣਾ ਸ਼ੁਮਾਰ ਕਰਵਾਉਂਦੇ ਇਹ ਪ੍ਰਤਿਭਾਵਾਨ ਮਲਵਈ ਨੌਜਵਾਨ ਸਾਹਿਤ ਖੇਤਰ ਵਿੱਚ ਵੀ ਬੇਸ਼ੁਮਾਰ ਉਪਲਬਧੀਆਂ ਹਾਸਿਲ ਕਰ ਚੁੱਕੇ ਹਨ, ਜਿੰਨਾਂ ਵੱਲੋਂ ਲਿਖੇ ਕਈ ਨਾਵਲਾਂ ਨੇ ਉਹਨਾਂ ਦੇ ਨਾਂਅ ਅਤੇ ਵਜੂਦ ਨੂੰ ਚਾਰ ਚੰਨ ਲਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ।
ਇਸ ਤੋਂ ਇਲਾਵਾ ਉਨਾਂ ਵੱਲੋਂ ਲਿਖੇ ਕਈ ਨਾਟਕਾਂ ਨੇ ਵੀ ਨਾਟਕ ਜਗਤ ਦਾ ਮਾਣ ਵਧਾਉਣ ਵਿੱਚ ਵੀ ਖਾਸਾ ਯੋਗਦਾਨ ਪਾਇਆ ਹੈ, ਜਿਸ ਵਿਚ ਅਤਿ ਮਕਬੂਲ ਨਾਟਕ 'ਚੰਨ ਜਦੋਂ ਰੋਟੀ ਮੰਗਦਾ', 'ਰੱਬਾ ਰੱਬਾ ਮੀਂਹ ਵਰਸਾ' ਵੀ ਸ਼ਾਮਿਲ ਰਹੇ ਹਨ, ਜੋ ਅਤਿ ਮਕਬੂਲ ਅਤੇ ਕਈ ਪੁਰਸਕਾਰ ਹਾਸਿਲ ਨਾਟਕਾਂ ਵਿੱਚ ਵੀ ਆਪਣੀ ਸ਼ਾਨਦਾਰ ਮੌਜੂਦਗੀ ਦਰਜ ਕਰਵਾ ਚੁੱਕੇ ਹਨ।
ਪਾਲੀਵੁੱਡ ਦੇ ਨਾਮਵਰ ਨਿਰਦੇਸ਼ਕ ਸਿਮਰਜੀਤ ਸਿੰਘ ਦੀ ਗੁਰਦਾਸ ਮਾਨ ਸਟਾਰਰ ਪੰਜਾਬੀ ਫਿਲਮ 'ਚੱਕ ਜਵਾਨਾਂ' ਨਾਲ ਆਪਣੇ ਫਿਲਮੀ ਕਰੀਅਰ ਦਾ ਆਗਾਜ਼ ਕਰਨ ਵਾਲੇ ਇਹ ਹੋਣਹਾਰ ਅਦਾਕਾਰ ਹਾਲ ਵਿੱਚ ਰਿਲੀਜ਼ ਹੋਈਆਂ ਕਈ ਚਰਚਿਤ ਫਿਲਮਾਂ ਅਤੇ ਵੈੱਬ ਸੀਰੀਜ਼ ਵਿੱਚ ਆਪਣੀ ਨਾਯਾਬ ਅਦਾਕਾਰੀ ਦਾ ਲੋਹਾ ਮੰਨਵਾਉਣ ਵਿੱਚ ਸਫ਼ਲ ਰਹੇ ਹਨ, ਜਿੰਨਾਂ ਦੀਆਂ ਬਹੁ-ਚਰਚਿਤ ਅਤੇ ਸਫ਼ਲ ਰਹੀਆਂ ਫਿਲਮਾਂ ਵਿੱਚ 'ਵਾਰਨਿੰਗ', 'ਪੰਛੀ', 'ਪੋਸਤੀ', 'ਚੇਤਾ ਸਿੰਘ', 'ਕ੍ਰਿਮਿਨਲ', 'ਯਾਰਾਂ ਦਾ ਰੁਤਬਾ', 'ਸਿੱਧੂ ਆਫ ਸਾਊਥਾਲ' ਆਦਿ ਸ਼ੁਮਾਰ ਰਹੀਆਂ ਹਨ।
ਗਿੱਪੀ ਗਰੇਵਾਲ ਵੱਲੋਂ ਆਪਣੇ ਘਰੇਲੂ ਬੈਨਰ 'ਹੰਬਲ ਮੋਸ਼ਨ ਪਿਕਚਰਜ਼', 'ਸਾਰਾਗਾਮਾ ਅਤੇ ਯੁਡਲੀ ਫਿਲਮਜ਼' ਅਧੀਨ ਅਗਲੇ ਦਿਨੀਂ ਰਿਲੀਜ਼ ਕੀਤੀ ਜਾ ਰਹੀ 'ਵਾਰਨਿੰਗ 2' ਨਾਲ ਹੋਰ ਨਿਵੇਕਲੇ ਅਦਾਕਾਰੀ ਮਾਪਦੰਡ ਸਿਰਜਣ ਜਾ ਰਹੇ ਹਨ ਇਹ ਉਮਦਾ ਅਦਾਕਾਰ, ਜਿੰਨਾਂ ਦੇ ਬਤੌਰ ਅਦਾਕਾਰ ਅਤੇ ਲੇਖਕ ਸ਼ੁਰੂ ਹੋਣ ਜਾ ਰਹੇ ਪ੍ਰੋਜੈਕਟਸ 'ਚ 'ਪੰਛੀ 2', 'ਸ਼ਿਕਾਰੀ 3' ਆਦਿ ਸ਼ਾਮਿਲ ਹਨ।
ਇਸ ਤੋਂ ਇਲਾਵਾ ਉਹ ਪੰਜਾਬ ਦੇ ਅਜ਼ੀਮ ਨਾਵਲਕਾਰ ਰਹੇ ਗੁਰਦਿਆਲ ਸਿੰਘ ਦੇ ਮਸ਼ਹੂਰ ਨਾਵਲ 'ਪਰਸਾ' ਅਧਾਰਿਤ ਬਣਨ ਜਾ ਰਹੀ ਵੈੱਬ ਸੀਰੀਜ਼ ਦਾ ਵੀ ਅਹਿਮ ਹਿੱਸਾ ਬਣਨ ਜਾ ਰਹੇ ਹਨ, ਜਿਸ ਦਾ ਨਿਰਦੇਸ਼ਨ ਰੋਹਿਤ ਜੁਗਰਾਜ ਕਰਨਗੇ।