ਚੰਡੀਗੜ੍ਹ: ਪੰਜਾਬੀ ਗੀਤਕਾਰੀ ਅਤੇ ਗਾਇਕੀ ਦੇ ਨਾਲ-ਨਾਲ ਹੁਣ ਫਿਲਮੀ ਖਿੱਤੇ ਵਿੱਚ ਵੀ ਮਜ਼ਬੂਤ ਪੈੜਾਂ ਸਿਰਜਦੇ ਜਾ ਰਹੇ ਹਨ ਪ੍ਰੀਤ ਸੰਘਰੇੜੀ, ਜੋ ਆਪਣਾ ਲਿਖਿਆ ਨਵਾਂ ਗਾਣਾ 'ਕਾਲ ਆਊਟ ਲੱਲਕਰੇ' ਲੈ ਕੇ ਸਰੋਤਿਆਂ ਅਤੇ ਦਰਸ਼ਕਾਂ ਦੇ ਸਨਮੁੱਖ ਹੋਣ ਜਾ ਰਹੇ ਹਨ, ਜਿੰਨਾਂ ਦਾ ਲਿਖਿਆ ਇਹ ਇੱਕ ਹੋਰ ਬਹੁ-ਚਰਚਿਤ ਗੀਤ 8 ਜਨਵਰੀ ਨੂੰ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਅਤੇ ਚੈਨਲਜ਼ ਉਪਰ ਜਾਰੀ ਕੀਤਾ ਜਾਵੇਗਾ।
'ਮਿਊਜ਼ਿਕ ਬੈਂਕ' ਦੇ ਸੰਗੀਤਕ ਲੇਬਲ ਅਧੀਨ ਪੇਸ਼ ਕੀਤੇ ਜਾ ਰਹੇ ਉਕਤ ਟਰੈਕ ਨੂੰ ਆਵਾਜ਼ਾਂ ਨੌਜਵਾਨ ਅਤੇ ਉਭਰਦੇ ਗਾਇਕ ਕੁਲਵਿੰਦਰ ਭੁੱਲਰ ਅਤੇ ਮਸ਼ਹੂਰ ਗਾਇਕਾ ਦੀਪਕ ਢਿੱਲੋਂ ਵੱਲੋਂ ਦਿੱਤੀਆਂ ਗਈਆਂ ਹਨ, ਜਦਕਿ ਇਸ ਦੇ ਬੋਲ ਅਤੇ ਕੰਪੋਜੀਸ਼ਨ ਪ੍ਰੀਤ ਸੰਘਰੇੜੀ ਨੇ ਤਿਆਰ ਕੀਤੀ ਹੈ, ਜਿੰਨਾਂ ਆਪਣੇ ਰਚੇ ਇਸ ਗਾਣੇ ਸੰਬੰਧੀ ਹੋਰ ਅਹਿਮ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਅੱਲੜ੍ਹ ਉਮਰ ਦੇ ਅੜਬਪੁਣੇ ਦੀ ਤਰਜ਼ਮਾਨੀ ਕਰਦੇ ਇਸ ਦੋਗਾਣਾ ਗਾਣੇ ਦਾ ਮਿਊਜ਼ਿਕ ਡੀਜੇ ਡਸਟਰ ਵੱਲੋਂ ਤਿਆਰ ਕੀਤਾ ਗਿਆ ਹੈ, ਜੋ ਬਹੁਤ ਹੀ ਬਾਕਮਾਲ ਪੱਧਰ 'ਤੇ ਸੰਗੀਤਬੱਧ ਕੀਤਾ ਗਿਆ ਹੈ।
ਉਨਾਂ ਅੱਗੇ ਦੱਸਿਆ ਕਿ ਦੋਗਾਣਾ ਹੋਣ ਦੇ ਬਾਵਜੂਦ ਮਿਆਰ ਅਤੇ ਸ਼ਬਦਾਵਲੀ ਪੱਖੋਂ ਉਮਦਾ ਰੂਪ ਵਿੱਚ ਸਿਰਜੇ ਗਏ ਉਪਰੋਕਤ ਟਰੈਕ ਦੇ ਪ੍ਰੋਜੈਕਟ ਹੈਡ ਸੁਪਰ ਸਟਾਰ ਬ੍ਰਦਰਜ਼ ਹਨ, ਜਿੰਨਾਂ ਦੀ ਸੁਚੱਜੀ ਰਹਿਨੁਮਾਈ ਹੇਠ ਇਸ ਗਾਣੇ ਦਾ ਮਿਊਜ਼ਿਕ ਵੀਡੀਓ ਵੀ ਬਹੁਤ ਹੀ ਸ਼ਾਨਦਾਰ ਬਣਾਇਆ ਗਿਆ ਹੈ, ਜਿਸ ਨੂੰ ਕੇਐਸ ਵੱਲੋਂ ਨਿਰਦੇਸ਼ਿਤ ਕੀਤਾ ਗਿਆ ਹੈ, ਜਦਕਿ ਇਸ ਦੇ ਕੈਮਰਾਮੈਨ ਰਮੇਸ਼ ਸਵਾਮੀ ਹਨ, ਜਿੰਨਾਂ ਦੁਆਰਾ ਇਸ ਸੰਬੰਧਤ ਫਿਲਮਾਂਕਣ ਨੂੰ ਠੇਠ ਦੇਸੀ ਟੱਚ ਅਧੀਨ ਪ੍ਰਭਾਵੀ ਰੂਪ ਦੇਣ ਵਿੱਚ ਅਹਿਮ ਭੂਮਿਕਾ ਨਿਭਾਈ ਗਈ ਹੈ।
ਪੰਜਾਬੀ ਗੀਤਕਾਰੀ ਦੇ ਖੇਤਰ ਵਿੱਚ ਲਗਾਤਾਰ ਨਵੇਂ ਦਿਸਹਿੱਦੇ ਸਿਰਜ ਰਹੇ ਇਸ ਬੇਹਤਰੀਨ ਗੀਤਕਾਰ ਨੇ ਦੱਸਿਆ ਕਿ ਉਨਾਂ ਦੇ ਹੁਣ ਤੱਕ ਲਿਖੇ ਗੀਤਾਂ ਨਾਲੋਂ ਇਹ ਬਿਲਕੁਲ ਅਲਹਦਾ ਰੰਗ ਵਿੱਚ ਰੰਗਿਆ ਗੀਤ ਹੈ, ਜਿਸ ਵਿੱਚ ਨੌਜਵਾਨੀ ਉਮਰ ਦੇ ਜੋਸ਼ੀਲੇ ਵਲਵਲਿਆਂ ਨੂੰ ਬਹੁਤ ਹੀ ਖੂਬਸੂਰਤੀ ਨਾਲ ਪਰਿਭਾਸ਼ਾ ਦਿੱਤੀ ਗਈ ਹੈ, ਜੋ ਸੁਣਨ ਵਾਲਿਆਂ ਨੂੰ ਨਿਵੇਕਲੇ ਸੰਗੀਤ ਦਾ ਅਹਿਸਾਸ ਕਰਵਾਏਗਾ।
ਹਾਲ ਹੀ ਵਿੱਚ ਆਪਣੀ ਲਿਖੀ ਅਤੇ ਬੀਤੇ ਦਿਨੀ ਹੀ ਸੰਪੂਰਨ ਹੋਈ ਪਹਿਲੀ ਅਤੇ ਗੁਰਨਾਮ ਭੁੱਲਰ ਸਟਾਰਰ ਪੰਜਾਬੀ ਫਿਲਮ 'ਰੋਜ਼ ਰੋਜ਼ੀ ਤੇ ਗੁਲਾਬ' ਨੂੰ ਲੈ ਕੇ ਕਾਫ਼ੀ ਚਰਚਾ ਦਾ ਕੇਂਦਰ ਬਿੰਦੂ ਬਣੇ ਰਹੇ ਹਨ ਪ੍ਰੀਤ ਸੰਘਰੇੜੀ, ਜਿੰਨਾਂ ਦੱਸਿਆ ਕਿ ਜਲਦ ਹੀ ਲੇਖਕ ਵਜੋਂ ਉਨਾਂ ਦੀਆਂ ਹੋਰ ਫਿਲਮਾਂ ਵੀ ਫਲੋਰ 'ਤੇ ਜਾ ਰਹੀਆਂ ਹਨ, ਜਿੰਨਾਂ ਦੇ ਨਾਲ ਗੀਤਕਾਰੀ ਖੇਤਰ ਵਿੱਚ ਵੀ ਉਹ ਕੁਝ ਹੋਰ ਵਿਲੱਖਣ ਕਰਨ ਲਈ ਵੀ ਯਤਨਸ਼ੀਲ ਰਹਿਣਗੇ।