ਚੰਡੀਗੜ੍ਹ: ਨਿੱਕੇ ਜਿਹੇ ਪਿੰਡ ਤੋਂ ਚੱਲ ਪੰਜਾਬੀ ਸੰਗੀਤ ਰੂਪੀ ਅੰਬਰਾਂ 'ਚ ਲਗਾਤਾਰ ਉੱਚੀ ਪਰਵਾਜ਼ ਭਰ ਰਿਹਾ ਹੈ ਗੀਤਕਾਰ ਪ੍ਰੀਤ ਸੰਘਰੇੜੀ, ਜੋ ਪੰਜਾਬੀ ਸਿਨੇਮਾ ਖੇਤਰ ਵਿੱਚ ਵੀ ਮਜ਼ਬੂਤ ਪੈੜਾਂ ਸਥਾਪਿਤ ਕਰਨ ਵੱਲ ਵੱਧ ਚੁੱਕਾ ਹੈ, ਜਿਸ ਵੱਲੋਂ ਜਾਰੀ ਇਸ ਸ਼ਾਨਾਮਤੇ ਸਫ਼ਰ ਵਿੱਚ ਅੱਜ ਉਸ ਸਮੇਂ ਇਕ ਹੋਰ ਮਾਣਮੱਤੀ ਪ੍ਰਾਪਤੀ ਜੁੜ ਗਈ, ਜਦੋਂ ਲੋਹੜੀ ਅਤੇ ਮਾਘੀ ਦੇ ਇਸ ਪਾਵਨ ਪੁਰਵ ਮੌਕੇ ਉਸ ਵੱਲੋਂ ਇੱਕ ਨਵੀ ਲਗਜ਼ਰੀ ਗੱਡੀ ਖਰੀਦੀ ਗਈ।
ਇਸ ਸਮੇਂ ਵਾਹਿਗੁਰੂ ਪ੍ਰਤੀ ਸ਼ੁਕਰਾਨਾ ਅਦਾ ਕਰਦਾ ਇਸ ਮਸ਼ਹੂਰ ਗੀਤਕਾਰ ਅਤੇ ਲੇਖਕ ਨੇ ਕਿਹਾ ਕਿ ਸਧਾਰਨ ਕਿਸਾਨ ਪਰਿਵਾਰ ਚੋਂ ਉੱਠ ਸਮੁੰਦਰ ਵਰਗੇ ਵਿਸ਼ਾਲ ਖੇਤਰ ਵਿੱਚ ਮੋਤੀ ਚੁਗ ਲੈਣਾ ਆਸਾਨ ਨਹੀਂ ਹੁੰਦਾ, ਪਰ ਜਨੂੰਨੀਅਤ ਨਾਲ ਕੀਤੀ ਮਿਹਨਤ ਦੇ ਨਾਲ-ਨਾਲ ਉਸ ਦੇ ਪ੍ਰਸ਼ੰਸਕਾਂ ਅਤੇ ਚਾਹੁੰਣ ਵਾਲਿਆਂ ਦੀ ਲਗਾਤਾਰ ਕੀਤੀ ਜਾ ਰਹੀ ਹੌਂਸਲਾ ਅਫ਼ਜਾਈ ਨੇ ਉਸ ਨੂੰ ਇਸ ਮਾਣ ਭਰੇ ਮੁਕਾਮ ਤੱਕ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ, ਜਿਸ ਲਈ ਉਹ ਤਹਿ ਦਿਲੋਂ ਉਨਾਂ ਦਾ ਸ਼ੁਕਰੀਆ ਕਰਦੇ ਹਨ, ਜਿੰਨਾਂ ਸਾਈਕਲ ਅਤੇ ਖੇਤਾਂ ਵਿੱਚ ਘੁੰਮਣ ਵਾਲੇ ਮੇਰੇ ਜਿਹੇ ਨਿਮਾਣੇ ਅਤੇ ਠੇਠ ਦੇਸੀ ਮੁੰਡੇ ਨੂੰ ਲੱਗਦੀ ਗੱਡੀ ਤੱਕ ਪਹੁੰਚਾ ਦਿੱਤਾ ਹੈ।
ਮਾਲਵਾ ਅਧੀਨ ਆਉਂਦੇ ਜ਼ਿਲ੍ਹੇ ਸੰਗਰੂਰ ਵਿੱਚ ਪੈਂਦੇ ਪਿੰਡ ਸੰਘਰੇੜੀ ਨਾਲ ਸੰਬੰਧਿਤ ਪ੍ਰੀਤ ਸੰਘਰੇੜੀ ਦੇ ਸਫਲ ਗੀਤਕਾਰ ਤੋਂ ਅਜ਼ੀਮ ਸਾਹਿਤਕਾਰ ਅਤੇ ਇੱਥੋਂ ਚਰਚਿਤ ਫਿਲਮੀ ਲੇਖਕ ਬਣਨ ਤੱਕ ਦੇ ਸਫ਼ਰ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਇਸ ਗੱਲ ਦਾ ਅਹਿਸਾਸ ਸਹਿਜੇ ਹੀ ਹੋ ਜਾਂਦਾ ਕਿ ਉਸਨੇ ਕੰਡਿਆਲੀਆਂ ਰਾਹਾਂ ਦਾ ਲੰਮੇਰਾ ਪੈਂਡਾ ਤੈਅ ਕਰ ਕਾਮਯਾਬੀ ਭਰਿਆ ਆਪਣਾ ਅਜੋਕਾ ਸ਼ਾਨਦਾਰ ਵਜੂਦ ਕਾਇਮ ਕੀਤਾ ਹੈ, ਜੋ ਸੰਗੀਤ ਅਤੇ ਸਿਨੇਮਾ ਖਿੱਤੇ ਵਿੱਚ ਉਸ ਨੂੰ ਪੜਾਅ-ਦਰ-ਪੜਾਅ ਹੋਰ ਉਚ ਗ੍ਰਾਫ ਵੱਲ ਵਧਾਉਂਦਾ ਜਾ ਰਿਹਾ ਹੈ।
ਪੰਜਾਬੀ ਗੀਤਕਾਰੀ ਦੇ ਖੇਤਰ ਵਿੱਚ ਕੀ ਕਈ ਨਵੇਂ ਦਿਸਹਿੱਦੇ ਸਿਰਜਣ ਵਿੱਚ ਸਫ਼ਲ ਰਿਹਾ ਹੈ ਇਹ ਬਾਕਮਾਲ ਗੀਤਕਾਰ, ਜਿਸ ਵੱਲੋਂ ਰਚੇ ਬੇਸ਼ੁਮਾਰ ਗੀਤਾਂ ਨੇ ਜਿੱਥੇ ਆਪਾਰ ਮਕਬੂਲੀਅਤ ਹਾਸਿਲ ਕਰਕੇ ਉਸ ਦੀ ਗੀਤਕਾਰੀ ਅਧਾਰਸ਼ਿਲਾ ਨੂੰ ਸੰਗੀਤਕ ਖੇਤਰ ਵਿਚ ਹੋਰ ਮਜ਼ਬੂਤ ਕੀਤਾ ਹੈ, ਉਥੇ ਹੀ ਹਾਲ ਹੀ ਸੰਪੂਰਨ ਹੋਈ ਬਿੱਗ ਸੈਟਅੱਪ ਪੰਜਾਬੀ ਫਿਲਮ 'ਰੋਜ਼ ਰੋਜ਼ੀ ਤੇ ਗੁਲਾਬ' ਨੇ ਪਾਲੀਵੁੱਡ ਵਿਚ ਉਨਾਂ ਦੀ ਬਤੌਰ ਲੇਖਕ ਵਿਲੱਖਣ ਪਹਿਚਾਣ ਸਥਾਪਿਤ ਕਰਨ ਵਿੱਚ ਵੀ ਅਹਿਮ ਭੂਮਿਕਾ ਨਿਭਾਈ ਹੈ, ਜਿਸ ਵਿੱਚ ਗੁਰਨਾਮ ਭੁੱਲਰ ਲੀਡ ਭੂਮਿਕਾ ਅਦਾ ਕਰ ਰਹੇ ਹਨ, ਜਿੰਨਾਂ ਤੋਂ ਇਲਾਵਾ ਪੰਜਾਬੀ ਸਿਨੇਮਾ ਦੇ ਹਾਰਬੀ ਸੰਘਾ ਜਿਹੇ ਕਈ ਹੋਰ ਮੰਨੇ-ਪ੍ਰਮੰਨੇ ਕਲਾਕਾਰ ਵੀ ਇਸ ਵਿੱਚ ਮਹੱਤਵਪੂਰਨ ਸਪੋਰਟਿੰਗ ਕਿਰਦਾਰ ਅਦਾ ਕਰਦੇ ਨਜ਼ਰੀ ਪੈਣਗੇ।