ਚੰਡੀਗੜ੍ਹ: ਪੰਜਾਬੀ ਮਿਊਜ਼ਿਕ ਵੀਡੀਓਜ਼ ਦੇ ਖੇਤਰ ਵਿੱਚ ਸਫਲ ਪਹਿਚਾਣ ਕਾਇਮ ਕਰ ਚੁੱਕੀ ਮਾਡਲ-ਅਦਾਕਾਰਾ ਅਵੀਰਾ ਸਿੰਘ ਮੈਸਨ ਸਿਨੇਮਾ ਖੇਤਰ ਵਿੱਚ ਵੀ ਤੇਜ਼ੀ ਨਾਲ ਵਿਲੱਖਣ ਵਜੂਦ ਕਾਇਮ ਕਰਨ ਵੱਲ ਵਧ ਰਹੀ ਹੈ, ਜਿਸ ਵੱਲੋਂ ਆਪਣੀ ਪਹਿਲੀ ਲਗਜ਼ਰੀ ਗੱਡੀ ਖਰੀਦੀ ਗਈ ਹੈ, ਜਿਸ 'ਤੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਨਾਮਵਰ ਐਕਟਰਜ਼ ਵੱਲੋਂ ਉਸ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਜਾਰੀ ਹੈ।
ਇਸੇ ਸੰਬੰਧੀ ਆਪਣੇ ਮਨ ਦੇ ਵਲਵਲ੍ਹੇ ਸਾਂਝੇ ਕਰਦਿਆਂ ਇਸ ਪ੍ਰਤਿਭਾਸ਼ਾਲੀ ਅਤੇ ਖੂਬਸੂਰਤ ਅਦਾਕਾਰਾ ਨੇ ਕਿਹਾ ਕਿ ਆਪਣੇ ਚਾਹੁੰਣ ਵਾਲਿਆਂ ਦੇ ਪਿਆਰ ਅਤੇ ਆਸ਼ੀਰਵਾਦ ਸਦਕਾ (Aaveera Singh Masson Bought First Luxury Vehicle) ਆਪਣੇ ਹੁਣ ਤੱਕ ਦੇ ਛੋਟੇ ਜਿਹੇ ਅਦਾਕਾਰੀ ਕਰੀਅਰ ਦੌਰਾਨ ਕਈ ਮੀਲ ਪੱਥਰ ਸਥਾਪਿਤ ਕਰਨ ਵਿੱਚ ਕਾਮਯਾਬ ਰਹੀ ਹਾਂ ਅਤੇ ਪੜ੍ਹਾਅ ਦਰ ਪੜ੍ਹਾਅ ਝੋਲੀ ਪੈ ਰਹੀਆਂ ਪ੍ਰਾਪਤੀਆਂ ਦੇ ਹੀ ਨਤੀਜੇ ਵਜੋਂ ਆਖਰਕਾਰ ਆਪਣੀ ਪਹਿਲੀ ਗੱਡੀ ਖਰੀਦਣ ਦਾ ਮਾਣ ਹੁਣ ਜਾ ਕੇ ਮੇਰੇ ਹਿੱਸੇ ਆਇਆ ਹੈ।
ਉਨ੍ਹਾਂ ਕਿਹਾ ਕਿ ਇਕ ਕਲਾਕਾਰ ਦੀ ਜ਼ਿੰਦਗੀ ਉਹਨਾਂ ਦੇ ਕੰਮ ਨੂੰ ਪਸੰਦ ਕਰਨ ਵਾਲੇ ਦਰਸ਼ਕਾਂ ਦੇ ਅਸ਼ੀਰਵਾਦ ਤੋਂ ਬਿਨਾਂ ਕੁਝ ਵੀ ਨਹੀਂ ਹੈ ਅਤੇ ਸਾਰਿਆਂ ਦੀਆਂ ਦੁਆਵਾਂ ਸਦਕਾ ਹੀ ਹਰ ਖੁਸ਼ੀ ਨਸੀਬ ਹੁੰਦੀ ਹੈ, ਜਿੰਨ੍ਹਾਂ ਦਾ ਮੁੱਢ ਸਫਲਤਾ ਨਾਲ ਹੀ ਬੱਝਦਾ ਹੈ, ਜਿਸ ਸਦਕਾ ਹੀ ਨਿੱਜੀ ਜ਼ਿੰਦਗੀ ਦੀਆਂ ਤਮਾਮ ਸੁੱਖ ਸਹੂਲਤਾਂ ਹਾਸਿਲ ਹੁੰਦੀਆਂ ਹਨ।
ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਗੱਡੀ ਖਰੀਦਣਾ ਕੋਈ ਵੱਡੀ ਅਚੀਵਮੈਂਟ ਨਹੀਂ ਹੈ, ਪਰ ਜਦੋਂ ਕਿਸੇ ਇਨਸਾਨ ਦੀ ਆਪਣੀ ਕਰਮਭੂਮੀ ਵਿੱਚ ਵਰਿਆਬੱਧੀ ਕੀਤੀ ਮਿਹਨਤ ਰੰਗ ਲਿਆਵੇ ਅਤੇ ਉਸ ਨਾਲ ਇਹ ਹਾਸਲ ਹੋਵੇ ਤਾਂ ਉਸ ਦੀ ਖੁਸ਼ੀ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਅਤੇ ਅਜਿਹਾ ਹੀ ਮਾਣ ਮਹਿਸੂਸ ਕਰ ਰਹੀ ਹਾਂ ਮੈਂ, ਕਿਉਂਕਿ ਮੇਰੇ ਲਈ ਇਹ ਕਿਸੇ ਵੱਡੀ ਉਪਲਬੱਧੀ ਤੋਂ ਘੱਟ ਨਹੀਂ ਹੈ।
ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਦੇ ਅਪਾਰ ਮਕਬੂਲੀਅਤ ਹਾਸਿਲ ਕਰਨ ਵਾਲੇ ਗਾਣੇ 'ਝਾਂਜਰ' ਨਾਲ ਪੰਜਾਬੀ ਮਿਊਜ਼ਿਕ ਅਤੇ ਸਿਨੇਮਾ ਗਲਿਆਰਿਆਂ ਵਿੱਚ ਚਰਚਾ ਦਾ ਕੇਂਦਰਬਿੰਦੂ ਬਣੀ ਇਹ ਪ੍ਰਤਿਭਾਸ਼ਾਲੀ ਮਾਡਲ ਅਤੇ ਅਦਾਕਾਰਾ ਕਈ ਵੱਡੇ ਮਿਊਜ਼ਿਕ ਵੀਡੀਓਜ਼ ਵਿਚ ਫੀਚਰਿੰਗ ਕਰਨ ਦਾ ਸਿਹਰਾ ਹਾਸਿਲ ਕਰ ਚੁੱਕੀ ਹੈ, ਜਿਸ ਦੇ ਹਿੱਟ ਰਹੇ ਹੋਰਨਾਂ ਸੰਗੀਤਕ ਪ੍ਰੋਜੈਕਟਾਂ ਵਿਚ ਮੀਕਾ ਸਿੰਘ ਦਾ 'ਗਲਾਸੀਆਂ', ਗਿੱਪੀ ਗਰੇਵਾਲ 'ਜੱਟਾ ਦਾ ਪੁੱਤ', ਹੈਪੀ ਰਾਏਕੋਟੀ ਦਾ 'ਜੱਟ ਤੇਰੀ ਹੈਬਟ ਕੀ ਹੈ', ਗਗਨ ਕੋਕਰੀ-ਗੁਰਲੇਜ਼ ਅਖਤਰ ਦਾ 'ਸੋਹਣਾ ਯਾਰ', ਰਣਜੀਤ ਬਾਵਾ ਦਾ 'ਲੋਡ' ਅਤੇ 'ਪੱਗ ਦਾ ਬ੍ਰਾਂਡ', ਯੁਵਰਾਜ ਹੰਸ ਦਾ 'ਸੂਟ', ਅਫਸਾਨਾ ਖਾਨ ਦਾ 'ਜਖਮ', ਅੰਮ੍ਰਿਤ ਮਾਨ ਦਾ 'ਅਸੀਂ ਓ ਹੁਣੇ ਆਂ' ਆਦਿ ਸ਼ੁਮਾਰ ਰਹੇ ਹਨ।
ਪੰਜਾਬੀ ਅਤੇ ਹਿੰਦੀ ਸਿਨੇਮਾ ਖੇਤਰ ਵਿੱਚ ਵੀ ਨਵੇਂ ਆਯਾਮ ਸਿਰਜਣ ਵੱਲ ਵੱਧ ਰਹੀ ਇਸ ਮਾਡਲ ਅਤੇ ਅਦਾਕਾਰਾ ਨੇ ਦੱਸਿਆ ਕਿ ਆਉਣ ਵਾਲੇ ਦਿਨ੍ਹਾਂ ਵਿੱਚ ਉਸ ਦੇ ਕਈ ਹੋਰ ਵੱਡੇ ਮਿਊਜ਼ਿਕ ਵੀਡੀਓਜ਼ ਵੀ ਰਿਲੀਜ਼ ਹੋਣ ਜਾ ਰਹੇ ਹਨ। ਇਸ ਤੋਂ ਇਲਾਵਾ ਕੁਝ ਫਿਲਮਾਂ ਵੀ ਪ੍ਰੀ-ਪ੍ਰੋਡੋਕਸ਼ਨ ਪੜ੍ਹਾਅ 'ਤੇ ਹਨ, ਜੋ ਜਲਦ ਫਲੌਰ 'ਤੇ ਜਾਣਗੀਆਂ।