ਚੰਡੀਗੜ੍ਹ: ਹਿੰਦੀ ਸਿਨੇਮਾ ਸੰਗੀਤ ਖੇਤਰ ਵਿਚ ਕੁਝ ਹੀ ਸਮੇਂ ਦੌਰਾਨ ਬੁਲੰਦੀਆਂ ਛੂਹ ਲੈਣ ਵੱਲ ਵੱਧ ਰਹੀ ਚਰਚਿਤ ਪਲੇਬੈਕ ਗਾਇਕਾ ਲੀਨਾ ਬੋਸ ਆਪਣਾ ਨਵਾਂ ਸੋਲੋ ਟਰੈਕ ‘ਮੈਂ ਤੇਰੀ ਹੋ ਗਈ’ ਲੈ ਕੇ ਸਰੋਤਿਆਂ ਸਨਮੁੱਖ ਹੋਣ ਜਾ ਰਹੀ ਹੈ, ਜੋ ਇਸ ਤੋਂ ਪਹਿਲਾਂ ਬਾਲੀਵੁੱਡ ਦੀਆਂ ਕਈ ਸਫ਼ਲ ਫਿਲਮਾਂ ਦੇ ਸੁਪਰਹਿੱਟ ਗਾਣਿਆਂ ਨੂੰ ਆਪਣੀ ਆਵਾਜ਼ ਦੇ ਚੁੱਕੀ ਹੈ।
ਐਮ.ਡਬਲਿਊ.ਐਮ ਸੰਗੀਤਕ ਕੰਪਨੀ ਅਤੇ ਅਮਾਲ ਮਲਿਕ ਵੱਲੋਂ ਪ੍ਰਸਤੁਤ ਕੀਤੇ ਜਾ ਰਹੇ ਇਸ ਗਾਣੇ ਦਾ ਸੰਗੀਤ ਡੱਬੂ ਮਲਿਕ ਵੱਲੋਂ ਤਿਆਰ ਕੀਤਾ ਗਿਆ ਹੈ, ਜਦਕਿ ਇਸ ਦਿਲ ਨੂੰ ਛੂਹ ਲੈਣ ਵਾਲੇ ਬੋਲ ਕੁੰਵਰ ਜੁਨੇਜਾ ਦੇ ਹਨ। ਮੂਲ ਰੂਪ ਵਿਚ ਕੋਲਕੱਤਾ ਸੰਬੰਧਤ ਇਸ ਬਾਕਮਾਲ ਗਾਇਕਾ ਦੇ ਗਾਏ ਹਾਲੀਆ ਹਿੱਟ ਗਾਣਿਆਂ ਵਿਚ 'ਸੜਕ 2' ਦਾ ‘ਤੁਮ ਸੇ ਹੀ’, ਸੋਲੋ ਟਰੈਕ ‘ਮਨ ਬੋਲਤਾ ਹੈ’, ‘ਤੁਮ ਜਾ ਰਹੇ ਹੋ’, ‘ਜੀਤੇਗੇਂ ਹਮ’, ‘ਪਿਆਰ ਕਰੇਂਗੇ’, 'ਅਲਵਿਦਾ' ਤੋਂ ਇਲਾਵਾ ਧਾਰਮਿਕ ਗੀਤ ‘ਓਮ ਜੈ ਜਗਦੀਸ਼ ਹਰੇ’, 'ਸੁੰਦਰਕਾਂਡ' ਆਦਿ ਸ਼ਾਮਿਲ ਰਹੇ ਹਨ।
ਬਾਲੀਵੁੱਡ ਦੇ ਨਾਮਵਰ ਗਾਇਕ ਅੰਕਿਤ ਤਿਵਾੜ੍ਹੀ ਨਾਲ ਸਹਿ ਗਾਇਕਾ ਦੇ ਤੌਰ 'ਤੇ ਕਈ ਮਕਬੂਲ ਗਾਣੇ ਗਾਉਣ ਦਾ ਮਾਣ ਹਾਸਿਲ ਕਰ ਚੁੱਕੀ ਗਾਇਕਾ ਲੀਨਾ ਬੋਸ ਅਨੁਸਾਰ ਹਿੰਦੀ ਸਿਨੇਮਾ ਦੇ ਮਸ਼ਹੂਰ ਸੰਗੀਤ ਘਰਾਣੇ ਨਾਲ ਤਾਲੁਕ ਰੱਖਦੇ ਡੱਬੂ ਮਲਿਕ ਅਤੇ ਉਨਾਂ ਦੇ ਹੋਣਹਾਰ ਬੇਟੇ ਅਮਾਲ ਮਲਿਕ ਜੋ ਖੁਦ ਇਕ ਵੱਡੇ ਸਿੰਗਰ ਅਤੇ ਮਿਊਜ਼ਿਕ ਅਰੇਜ਼ਰ ਮੰਨੇ ਜਾਂਦੇ ਹਨ, ਨਾਲ ਇਕੱਠਿਆਂ ਇਹ ਉਨਾਂ ਦਾ ਪਲੇਠਾ ਸੰਗੀਤਕ ਉੱਦਮ ਹੈ, ਜਿਸ ਦੀ ਰਿਲੀਜ਼ ਦਾ ਉਹ ਬੇਸਬਰੀ ਨਾਲ ਇੰਤਜ਼ਾਰ ਕਰ ਰਹੀ ਹੈ।