ਚੰਡੀਗੜ੍ਹ: ਪੰਜਾਬ ਪੁਲਿਸ ਵਿਚ ਬਤੌਰ ਅਫ਼ਸਰ ਤੈਨਾਤ ਪੰਮਾ ਮੱਲ੍ਹੀ ਕਲਾ ਅਤੇ ਪੰਜਾਬੀ ਗਾਇਕੀ ਖਿੱਤੇ ਵਿਚ ਲਗਾਤਾਰ ਨਵੇਂ ਆਯਾਮ ਸਿਰਜਦੇ ਨਜ਼ਰ ਆ ਰਹੇ ਹਨ, ਜੋ ਆਪਣਾ ਨਵਾਂ ਗਾਣਾ ਲੈ ਕੇ ਸਰੋਤਿਆਂ ਅਤੇ ਦਰਸ਼ਕਾਂ ਸਨਮੁੱਖ ਹੋਣ ਜਾ ਰਹੇ ਹਨ। ਦੁਆਬੇ ਦੇ ਹੁਸ਼ਿਆਰਪੁਰ ਖਿੱਤੇ ਵਿਚ ਡਿਊਟੀ ਨਿਭਾ ਰਹੇ ਇਹ ਹੋਣਹਾਰ ਅਤੇ ਸੁਰੀਲੇ ਗਾਇਕ ਹੁਣ ਤੱਕ ਕਈ ਗਾਣੇ ਸਰੋਤਿਆਂ ਅਤੇ ਪੰਜਾਬੀ ਸੰਗੀਤ ਜਗਤ ਦੀ ਝੋਲੀ ਪਾ ਚੁੱਕੇ ਹਨ।
ਇੰਨ੍ਹਾਂ ਤੋਂ ਇਲਾਵਾ ਕੋਰੋਨਾ ਕਾਲ ਦੌਰਾਨ ਉਨ੍ਹਾਂ ਵੱਲੋਂ ਸਮਾਜਿਕ ਖੇਤਰ ਵਿਚ ਵੱਧ ਚੜ੍ਹ ਕੇ ਆਪਣੀਆਂ ਜਿੰਮੇਵਾਰੀਆਂ ਨੂੰ ਅੰਜ਼ਾਮ ਦਿੱਤਾ ਗਿਆ, ਜਿਸ ਦੇ ਮੱਦੇਨਜ਼ਰ ਹੀ ਉਨਾਂ ਉਸ ਸਮੇਂ ਦੌਰਾਨ ਲੋਕਾਂ ਵੱਲੋਂ ਹੰਢਾਈਆਂ ਜਾ ਰਹੀਆਂ ਤ੍ਰਾਸਦੀਆਂ ਨੂੰ ਆਪਣੇ ਗਾਣੇ ‘ਅਵੇਰਨੈੱਸ ਆਫ਼ ਕੋਰੋਨਾ’ ਦੁਆਰਾ ਪ੍ਰਭਾਵੀ ਰੂਪ ਵਿਚ ਦਰਸਾਇਆ ਅਤੇ ਹੋਰਨਾਂ ਲੋਕਾਂ ਨੂੰ ਪੀੜ੍ਹਤਾਂ ਦੀ ਮਦਦ ਲਈ ਅੱਗੇ ਆਉਣ ਲਈ ਪ੍ਰੇਰਿਤ ਅਤੇ ਉਤਸ਼ਾਹਿਤ ਕੀਤਾ।
ਪੰਜਾਬ ਅਤੇ ਪੰਜਾਬੀਅਤ ਦਾ ਪਸਾਰਾ ਅਤੇ ਲੋਕਸੇਵਾ ਕਰਨ ਵਿਚ ਮੋਹਰੀ ਭੂਮਿਕਾ ਨਿਭਾ ਰਹੇ ਇਸ ਹੋਣਹਾਰ ਗਾਇਕ ਨੇ ਆਪਣੇ ਹਾਲੀਆ ਸੰਗੀਤਕ ਸਫ਼ਰ ਸੰਬੰਧੀ ਦਿੰਦਿਆਂ ਦੱਸਿਆ ਕਿ ਆਰਜੇ ਬੀਟਸ ਅਤੇ ਰਾਮ ਭੋਗਪੁਰੀਆਂ ਵੱਲੋਂ ਪ੍ਰਸਤੁਤ ਕੀਤੇ ਉਨਾਂ ਦੇ ਨਵੇਂ ਗਾਣੇ 'ਸਲੂਟ' ਨੂੰ ਸਰੋਤਿਆਂ ਅਤੇ ਦਰਸ਼ਕਾਂ ਦਾ ਭਰਪੂਰ ਹੁੰਗਾਰਾ ਮਿਲਿਆ ਹੈ, ਜਿਸ ਉਨਾਂ ਨਾਲ ਸਹਿ-ਗਾਇਕਾ ਦੇ ਤੌਰ 'ਤੇ ਗੁਰਲੇਜ਼ ਅਖ਼ਤਰ ਵੱਲੋਂ ਵੀ ਆਵਾਜ਼ ਦਿੱਤੀ ਗਈ।
ਉਨ੍ਹਾਂ ਦੱਸਿਆ ਕਿ ਉਕਤ ਗਾਣੇ ਦੇ ਬੋਲ ਜਿੱਥੇ ਬਹੁਤ ਹੀ ਉਮਦਾ ਸਿਰਜੇ ਗਏ, ਉਥੇ ਇਸ ਦਾ ਮਿਊਜ਼ਿਕ ਵੀਡੀਓ ਵੀ ਬਾਬਾ ਕਮਲ ਵੱਲੋਂ ਬੇਹੱਦ ਮਨਮੋਹਕ ਤਿਆਰ ਕੀਤਾ ਗਿਆ, ਜਿਸ ਨੂੰ ਵੱਖ ਵੱਖ ਸੰਗੀਤਕ ਪਲੇਟਫ਼ਾਰਮਜ਼ ਅਤੇ ਚੈਨਲਜ਼ 'ਤੇ ਇੰਨ੍ਹੀਂ ਦਿਨ੍ਹੀਂ ਕਾਫ਼ੀ ਮਕਬੂਲੀਅਤ ਮਿਲ ਰਹੀ ਹੈ । ਉਨ੍ਹਾਂ ਦੱਸਿਆ ਕਿ ਪੰਜਾਬੀ ਗਾਇਕੀ ਪ੍ਰਤੀ ਉਨਾਂ ਦੀ ਚੇਟਕ ਬਚਪਨ ਸਮੇਂ ਤੋਂ ਰਹੀ, ਜੋ ਕਾਲਜੀ ਪੜ੍ਹਾਈ ਦੌਰਾਨ ਉਸ ਸਮੇਂ ਹੋਰ ਪਰਪੱਕ ਹੋਈ, ਜਦੋਂ ਉਨਾਂ ਨੂੰ ਯੂਥ ਫੈਸਟੀਵਲ ਅਤੇ ਹੋਰ ਸੱਭਿਆਚਾਰਕ ਪ੍ਰੋਗਰਾਮਾਂ ਵਿਚ ਭਾਗ ਲੈਣ ਦਾ ਮੌਕਾ ਮਿਲਿਆ।
ਉਨ੍ਹਾਂ ਦੱਸਿਆ ਕਿ ਉਨਾਂ ਦੇ ਇਸ ਸ਼ੌਕ ਨੂੰ ਪਰਿਵਾਰ, ਕਲਾਜੀਏਟ ਸਾਥੀਆਂ ਅਤੇ ਅਧਿਆਪਕਾਂ ਵੱਲੋਂ ਸ਼ੁਰੂਆਤੀ ਹੁਲਾਰਾ ਦੇਣ ਵਿਚ ਅਹਿਮ ਯੋਗਦਾਨ ਪਾਇਆ ਗਿਆ, ਜਿੰਨ੍ਹਾਂ ਪਾਸੋਂ ਲਗਾਤਾਰ ਮਿਲੇ ਉਤਸ਼ਾਹ ਦੀ ਬਦੌਂਲਤ ਹੀ ਉਹ ਗਾਇਕੀ ਖੇਤਰ ਵਿਚ ਕੁਝ ਕਰ ਗੁਜ਼ਰਣ ਦੇ ਆਪਣੇ ਸੁਫ਼ਨਿਆਂ ਨੂੰ ਅੰਜ਼ਾਮ ਦੇਣ ਦਾ ਤਹੱਈਆ ਕਰ ਪਾਏ ਹਨ।
ਉਨ੍ਹਾਂ ਦੱਸਿਆ ਕਿ ਪੜ੍ਹਾਈ ਅਤੇ ਸਪੋਰਟਸ ਵਿਚ ਚੰਗਾ ਹੋਣ ਕਰਕੇ ਉਨਾਂ ਨੂੰ ਬਤੌਰ ਪੁਲਿਸ ਅਫ਼ਸਰ ਨੌਕਰੀ ਮਿਲ ਗਈ, ਪਰ ਗਾਇਕੀ ਵਾਲੇ ਪਾਸੇ ਉਨਾਂ ਦੀ ਲਗਨ ਕਦੇ ਘੱਟ ਨਹੀਂ ਹੋਈ ਅਤੇ ਹੁਣ ਤੱਕ ਬਾਦਸਤੂਰ ਜਾਰੀ ਹੈ। ਉਨ੍ਹਾਂ ਕਿਹਾ ਕਿ ਉਹ ਆਪਣੇ ਡਿਪਾਰਟਮੈਂਟ ਅਫ਼ਸਰਾਂ ਦਾ ਵੀ ਤਹਿ ਦਿਲੋਂ ਸ਼ੁਕਰੀਆਂ ਅਦਾ ਕਰਦੇ ਹਨ, ਜਿੰਨ੍ਹਾਂ ਕਰਕੇ ਉਹ ਗਾਇਕੀ ਖੇਤਰ ਵਿਚ ਲਗਾਤਾਰ ਕੁਝ ਹੋਰ ਨਵਾਂ ਅਤੇ ਮਿਆਰੀ ਕਰਨ ਲਈ ਯਤਨਸ਼ੀਲ ਹਨ।
ਪਰ ਦੂਜੇ ਪਾਸੇ ਇਸ ਸ਼ੌਕ ਦੀ ਬਦੌਂਲਤ ਆਪਣੀ ਡਿਊਟੀ ਵਿਚ ਵੀ ਕਿਸੇ ਕਿਸਮ ਦੀ ਕੁਤਾਹੀ ਕਰਨੀ ਕਦੇ ਪਸੰਦ ਨਹੀਂ ਕੀਤੀ ਅਤੇ ਫੁਰਸਤ ਦੇ ਸਮੇਂ ਵਿਚ ਹੀ ਇਸ ਪਾਸੇ ਥੋੜਾ ਧਿਆਨ ਦਿੰਦੇ ਹੋਏ, ਮਨ ਨੂੰ ਸਕੂਨਦਾਇਕ ਅਹਿਸਾਸ ਕਰਵਾਉਂਦੀ ਗਾਇਕੀ ਦਾ ਮੁਜ਼ਾਹਰਾ ਕਰਨ ਨੂੰ ਪਹਿਲ ਦੇ ਰਹੇ ਹਨ ਤਾਂ ਕਿ ਉਨਾਂ ਦੇ ਚਾਹੁੰਣ ਵਾਲਿਆਂ ਨੂੰ ਉਨਾਂ ਦੀ ਗਾਇਕੀ ਦਾ ਆਨੰਦ ਮਾਣਨ ਨੂੰ ਲਗਾਤਾਰ ਮਿਲਦਾ ਰਹੇ।