ਹੈਦਰਾਬਾਦ: ਫਰਾਂਸ ਵਿੱਚ 75ਵੇਂ ਕਾਨਸ ਫਿਲਮ ਫੈਸਟੀਵਲ 2022 ਵਿੱਚ ਭਾਰਤੀ ਵਫ਼ਦ ਅਤੇ ਕਲਾਕਾਰਾਂ ਨੇ ਆਪਣੀ ਮੌਜੂਦਗੀ ਦਾ ਅਹਿਸਾਸ ਕਰਵਾਇਆ। ਭਾਰਤ ਨੇ 'ਕੰਟਰੀ ਆਫ਼ ਆਨਰ' ਵਜੋਂ ਇਸ ਫੈਸਟੀਵਲ ਵਿੱਚ ਹਿੱਸਾ ਲਿਆ ਹੈ। ਇਸ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਨੂੰ 'ਕੰਟਰੀ ਆਫ ਆਨਰ' ਵਜੋਂ ਸ਼ਾਮਲ ਕੀਤੇ ਜਾਣ 'ਤੇ ਖੁਸ਼ੀ ਜ਼ਾਹਰ ਕੀਤੀ ਹੈ।
ਪੀਐਮ ਮੋਦੀ ਨੇ ਇਕ ਸੰਦੇਸ਼ ਰਾਹੀਂ ਕਿਹਾ ਕਿ ਭਾਰਤ ਅਜਿਹੇ ਸਮੇਂ 'ਚ 'ਕੰਟਰੀ ਆਫ ਆਨਰ' ਦੇ ਰੂਪ 'ਚ ਕਾਨਸ ਫਿਲਮ ਫੈਸਟੀਵਲ 'ਚ ਹਿੱਸਾ ਲੈ ਰਿਹਾ ਹੈ ਜਦੋਂ ਦੇਸ਼ ਆਜ਼ਾਦੀ ਦੇ 75 ਸਾਲ ਦਾ ਜਸ਼ਨ ਮਨਾ ਰਿਹਾ ਹੈ। ਇਕ ਪਾਸੇ ਭਾਰਤ ਅਤੇ ਫਰਾਂਸ ਦੇ ਕੂਟਨੀਤਕ ਸਬੰਧਾਂ ਦੇ 75 ਸਾਲ ਪੂਰੇ ਹੋ ਰਹੇ ਹਨ ਅਤੇ ਦੂਜੇ ਪਾਸੇ ਕਾਨਸ ਫਿਲਮ ਫੈਸਟੀਵਲ ਆਪਣੀ 75ਵੀਂ ਵਰ੍ਹੇਗੰਢ ਮਨਾ ਰਿਹਾ ਹੈ।
ਭਾਰਤ ਕੋਲ ਕਹਾਣੀਆਂ ਦੀ ਕੋਈ ਕਮੀ ਨਹੀਂ: ਪ੍ਰਧਾਨ ਮੰਤਰੀ ਮੋਦੀ: ਆਪਣੇ ਸੰਦੇਸ਼ ਵਿੱਚ ਪੀਐਮ ਮੋਦੀ ਨੇ ਭਾਰਤ ਨੂੰ ਦੁਨੀਆਂ ਦਾ ਫਿਲਮ ਹੱਬ ਦੱਸਿਆ ਹੈ, ਜਿੱਥੇ ਫਿਲਮ ਖੇਤਰ ਵਿੱਚ ਕਈ ਕਿਸਮਾਂ ਹਨ। ਪੀਐਮ ਮੋਦੀ ਨੇ ਲਿਖਿਆ ਭਾਰਤ ਕੋਲ ਕਈ ਕਹਾਣੀਆਂ ਦਾ ਭੰਡਾਰ ਹੈ। ਸਾਡੇ ਦੇਸ਼ ਵਿੱਚ ਸਮੱਗਰੀ ਦੇ ਮਾਮਲੇ ਵਿੱਚ ਬਹੁਤ ਸਾਰੀਆਂ ਸੰਭਾਵਨਾਵਾਂ ਹਨ।